ਢੋਲਾਂ ਦੇ ਡੱਗਿਆਂ ‘ਤੇ ਘੰਟਿਆਂ ਬੱਧੀ ਪੈਂਦਾ ਰਿਹਾ ਭੰਗੜਾ, ਗਿੱਧੇ ਦੀਆਂ ਬੋਲੀਆਂ ਨੂੰ ਚਾੜ੍ਹਿਆ ਕਿਸਾਨੀ ਰੰਗ
ਸੁਖਜਿੰਦਰ ਮਾਨ
ਬਠਿੰਡਾ,12 ਦਸੰਬਰ: ਦਿੱਲੀ ‘ਚ ਖੇਤੀ ਅੰਦੋਲਨ ਫਤਹਿ ਕਰਕੇ ਵਾਪਸ ਪਰਤੇ ਕਿਸਾਨਾਂ ਦਾ ਅੱਜ ਬਠਿੰਡਾ ਪੱਟੀ ’ਚ ਭਰਵਾਂ ਸਵਾਗਤ ਕੀਤਾ ਗਿਆ। ਸਥਾਨਕ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਆਮ ਮੁਹਾਰੇ ਇਕੱਠੇ ਹੋਏ ਸ਼ਹਿਰੀਆਂ ਨੇ ਕਿਸਾਨ ਯੋਧਿਆਂ ਦਾ ਢੋਲ-ਢਮੱਕੇ ਤੇ ਫੁੱਲਾਂ ਦੇ ਹਾਰਾਂ ਨਾਲ ਨੱਚ-ਗਾ ਕੇ ਜੀ ਆਇਆ ਕਿਹਾ। ਆਮ ਲੋਕਾਂ ਵਲੋਂ ਦਿੱਤੇ ਜਾ ਰਹੇ ਪਿਆਰ ਨੂੰ ਵੇਖਦਿਆਂ ਮੋਰਚੇ ’ਚ ਸ਼ਾਮਲ ਕਿਸਾਨ ਗਦਗਦ ਹੋ ਉੱਠੇ। ਸਥਾਨਕ ਸ਼ਹਿਰ ਵਿਚ ਹਾਜੀਰਤਨ ਚੌਕ, ਰਜਿੰਦਰਾ ਕਾਲਜ਼, ਬੱਸ ਅੱਡਾ, ਭਾਈ ਘਨੱਈਆ ਚੌਕ ਆਦਿ ਥਾਵਾਂ ’ਤੇ ਵੱਡੀ ਗਿਣਤੀ ਵਿਚ ਆਮ ਲੋਕ ਪੁੱਜੇ ਹੋਏ ਸਨ। ਇਸ ਮੌਕੇ ਇੰਨ੍ਹਾਂ ਵਲੋਂ ਡੀਜੇ, ਢੋਲਚੀ, ਮਿਠਾਈਆਂ ਤੇ ਫੁੱਲਾਂ ਦਾ ਇੰਤਜਾਮ ਵੀ ਵੱਡੇ ਪੱਧਰ ’ਤੇ ਕੀਤਾ ਹੋਇਆ ਸੀ। ਇਸ ਦੌਰਾਨ ਦਿੱਲੀ ਪਰਤਦਾ ਕੋਈ ਵੀ ਕਿਸਾਨ ਜਥਾ ਦਿਖ਼ਾਈ ਦਿੰਦਾ ਤਾਂ ਇਹ ਇਕੱਠ ਉਨ੍ਹਾਂ ਨੂੰ ਰੋਕ ਕੇ ਫੁੱਲਾਂ ਦੀ ਵਰਖ਼ਾ ਤੇ ਗਲਾਂ ’ਚ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕਰਦਾ। ਸੂਚਨਾ ਮੁਤਾਬਕ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ, ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਸਹਿਤ ਕਈ ਵੱਡੇ ਆਗੂ ਆਪੋ ਅਪਣੇ ਘਰਾਂ ’ਚ ਪਰਤੇ। ਇੰਨ੍ਹਾਂ ਆਗੂਆਂ ਨੇ ਵੱਖ ਵੱਖ ਥਾਵਾਂ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਹਾਲੇ ਅੰਦੋਲਨ ਖਤਮ ਨਹੀਂ ਕੀਤਾ ਗਿਆ, ਸਿਰਫ ਮੁਲਤਵੀ ਹੋਇਆ ਹੈ। ਜੇਕਰ ਸਰਕਾਰ ਨੇ ਬਾਕੀ ਮੰਗਾਂ ਬਾਰੇ ਕੋਈ ਹਾਂ- ਪੱਖੀ ਕਦਮ ਨਾ ਉਠਾਏ ਤਾਂ ਸੰਯੁਕਤ ਕਿਸਾਨ ਮੋਰਚੇ ਦੀ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਅੰਦੋਲਨ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਕਿਸਾਨਾਂ ਤੇ ਆਮ ਲੋਕਾਂ ਨੂੰ ਖੇਤੀ ਨੂੰ ਲਾਹੇਬੰਦ ਕਿੱਤਾ ਬਣਾਉਣ ਲਈ ਹੋਰ ਵੀ ਲੰਬੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ। ਇਸੇ ਤਰ੍ਹਾਂ ਕਿਸਾਨ ਆਗੂਆਂ ਨੇ ਇਸ਼ਾਰਾ ਕੀਤਾ ਕਿ ਦਿਲੀ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਵਲੋਂ ਚੋਣਾਂ ’ਚ ਕਿਸਾਨਾਂ ਤੇ ਹੋਰਨਾਂ ਵਰਗਾਂ ਨਾਲ ਕੀਤੇ ਵਾਦਿਆਂ ਦਾ ਹਿਸਾਬ ਕਿਤਾਬ ਲਿਆ ਜਾਵੇਗਾ। ਕਿਸਾਨ ਆਗੂ ਬੂਟਾ ਸਿੰਘ ਬੁਰਜ਼ਗਿੱਲ ਨੇ ਪੰਜਾਬ ਪਰਦਿਆਂ ਕਿਹਾ ਕਿ 17 ਦਸੰਬਰ ਨੂੰ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਅਤੇ 32 ਕਿਸਾਨ-ਜਥੇਬੰਦੀਆਂ ਵਿਚਕਾਰ ਹੋਣ ਵਾਲੀ ਮੀਟਿੰਗ ਦੌਰਾਨ ਕਿਸਾਨਾਂ ਦੀ ਪੂਰਨ ਕਰਜ਼ਾ ਮੁਕਤੀ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ-ਮੈਨੀਫੈਸਟੋ ਰਾਹੀਂ ਕੀਤੇ ਵਾਅਦੇ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ, ਕਿਉਂਕਿ ਕਿ ਆਗਾਮੀ ਚੋਣਾਂ ਬਿਲਕੁਲ ਨੇੜੇ ਹਨ, ਪਰ ਕਿਸਾਨ ਕਰਜ਼ੇ ਦੇ ਭਾਰ ਹੇਠ ਦੱਬੇ ਜਾ ਰਹੇ ਹਨ।
Share the post "ਦਿੱਲੀ ਮੋਰਚਿਆਂ ਤੋਂ ਪਰਤੇ ਯੋਧਿਆਂ ਆਮ ਮੁਹਾਰੇ ਇਕੱਠੇ ਹੋਏ ਸ਼ਹਿਰੀਆਂ ਵਲੋਂ ਸ਼ਾਨਦਾਰ ਸਵਾਗਤ"