ਸੁਖਜਿੰਦਰ ਮਾਨ
ਬਠਿੰਡਾ , 31 ਮਈ:
ਮਹਰੂਮ ਦਰਵੇਸ਼ ਸਿਆਸਤਦਾਨ ਤੇ ਸਾਬਕਾ ਐਮ.ਪੀ ਸ: ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਗੁਰਮੀਤ ਸਿੰਘ ਖੁੱਡੀਆਂ ਨੂੰ ਪੰਜਾਬ ਵਜ਼ਾਰਤ ’ਚ ਸ਼ਾਮਲ ਕਰਨ ਦਾ ਆਮ ਆਦਮੀ ਪਾਰਟੀ ਨੂੰ ਆਗਾਮੀ ਲੋਕ ਸਭਾ ਚੋਣਾਂ ‘ਚ ਵੱਡਾ ਸਿਆਸੀ ਲਾਹਾ ਮਿਲ ਸਕਦਾ ਹੈ। ਇਮਾਨਦਾਰੀ ਤੇ ਸਰਾਫ਼ਤ ਦਾ ਚਿਹਰਾ ਮੰਨੇ ਜਾਂਦੇ ਇਸ ਸਿਆਸੀ ਪ੍ਰਵਾਰ ਵਲੋਂ ਦਹਾਕਿਆਂ ਤੋਂ ਇਸ ਹਲਕੇ ’ਚ ਕੀਤੀ ਜਾ ਰਹੀ ਸਖ਼ਤ ਮਿਹਨਤ ਦਾ ਫ਼ਲ ਪੁਰਾਣੇ ਫ਼ਿਰੋਜਪੁਰ, ਬਠਿੰਡਾ ਤੇ ਫ਼ਰੀਦਕੋਟ ਜਿਲ੍ਹਿਆਂ ‘ਚ ਸੱਤਾਧਾਰੀ ਪਾਰਟੀ ਨੂੰ ਮਿਲ ਸਕਦਾ ਹੈ। ਗੌਰਤਲਬ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਵੱਡਾ ਇਤਿਹਾਸ ਸਿਰਜਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਪਹਿਲੇ ਦਿਨ ਤੋਂ ਵਜ਼ਾਰਤ ’ਚ ਸਾਮਲ ਕਰਨ ਦੀਆਂ ਕਿਆਸਅਰਾਈਆਂ ਲਗਾਈਆਂ ਜਾਂਦੀਆਂ ਰਹੀਆਂ ਸਨ ਪ੍ਰੰਤੂ ਹੁਣ ਕਰੀਬ ਸਵਾ ਸਾਲ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਨ੍ਹਾਂ ਨੂੰ ਅਪਣੀ ਵਜ਼ਾਰਤ ’ਚ ਸਾਮਲ ਕਰਕੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਗਾਉਣ ਦਾ ਯਤਨ ਕੀਤਾ ਹੈ। ਇੱਥੇ ਦਸਣਾ ਬਣਦਾ ਹੈ ਕਿ ਸ: ਖੁੱਡੀਆਂ ਦਾ ਵਿਧਾਨ ਸਭਾ ਹਲਕਾ ਲੰਬੀ ਬਠਿੰਡਾ ਲੋਕ ਸਭਾ ਹਲਕੇ ’ਚ ਪੈਂਦਾ ਹੈ, ਜਿਸਨੂੰ ਕਿ ਬਾਦਲਾਂ ਦਾ ਗੜ੍ਹ ਮੰਨਿਆਂ ਜਾਂਦਾ ਹੈ। ਇਸ ਹਲਕੇ ਤੋਂ ਸਾਲ 2009 ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਇੰਦਰ ਸਿੰਘ ਵੀ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੂੰ ਨਹੀਂ ਹਰਾ ਸਕਿਆ ਸੀ। ਇਸੇ ਤਰ੍ਹਾਂ ਸਾਲ 2014 ਵਿਚ ਬਾਦਲ ਪ੍ਰਵਾਰ ਨਾਲੋਂ ਅਲੱਗ ਹੋਏ ਮਨਪ੍ਰੀਤ ਸਿੰਘ ਬਾਦਲ ਲਗਭਗ ਸਮੂਹ ਵਿਰੋਧੀ ਧਿਰਾਂ ਦੀ ਹਿਮਾਇਤ ਪ੍ਰਾਪਤ ਹੋਣ ਦੇ ਬਾਵਜੂਦ ਹਾਰ ਗਏ ਸਨ। ਜਦੋਂਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਜਿੱਤਦੇ-ਜਿੱਤਦੇ ਰਹਿ ਗਏ। ਇੰਨ੍ਹਾਂ ਤਿੰਨਾਂ ਚੋਣਾਂ ਵਿਚ ਹਮੇਸ਼ਾ ਬਾਦਲ ਪ੍ਰਵਾਰ ਨੂੰ ਲੰਬੀ ਹਲਕੇ ਤੋਂ ਵੱਡੀ ਲੀਡ ਮਿਲਦੀ ਰਹੀ ਹੈ, ਜਿੱਥੋਂ ਕਿ ਹੁਣ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਮਾਤ ਦਿੱਤੀ ਹੈ। ਸਿਆਸੀ ਹਲਕਿਆਂ ‘ਚ ਚੱਲ ਰਹੀ ਚਰਚਾ ਮੁਤਾਬਕ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਲੇ ਸਾਲ ਹੋ ਰਹੀਆਂ ਲੋਕ ਸਭਾ ਚੋਣਾਂ ’ਚ ਬਠਿੰਡਾ ਤੇ ਫ਼ਰੀਦਕੋਟ ਲੋਕ ਸਭਾ ਹਲਕੇ ਦੀ ਚੋਣ ਜਿੱਤਣ ਲਈ ਸ: ਖੁੱਡੀਆਂ ਨੂੰ ਵੱਡੀ ਤਾਕਤ ਦਿੱਤੀ ਹੈ। ਉਨ੍ਹਾਂ ਨੂੰ ਨਾ ਸਿਰਫ਼ ਬਤੌਰ ਕੈਬਨਿਟ ਮੰਤਰੀ ਸਰਕਾਰ ਵਿਚ ਸ਼ਾਮਲ ਕੀਤਾ ਹੈ, ਬਲਕਿ ਖੇਤੀਬਾੜੀ ਤੇ ਚਾਰ ਹੋਰ ਵੱਡੇ ਵਿਭਾਗ ਵੀ ਦਿੱਤੇ ਗਏ ਹਨ। ਜਿਕਰ ਕਰਨਾ ਬਣਦਾ ਹੈ ਕਿ ਫ਼ਰੀਦਕੋਟ ਲੋਕ ਸਭਾ ਹਲਕੇ ’ਚ ਸਾਲ 1989 ਦੀਆਂ ਚੋਣਾਂ ਸਮੇਂ ਮਹਰੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਪ੍ਰਵਾਰ ਵਲੋਂ ਦੱਖਣੀ ਮਾਲਵਾ ਵਿਚ ਲਗਾਤਾਰ ਸਿਆਸੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਹੀਂ ਨਹੀਂ ਦੂਜੇ ਵੱਡੇ ਸਿਆਸੀ ਪ੍ਰਵਾਰਾਂ ਦੀ ਤਰ੍ਹਾਂ ਖੁੱਡੀਆਂ ਪ੍ਰਵਾਰ ਦੇ ਸਮਰਥਕ ਵੀ ਹਰ ਖੇਤਰ ’ਚ ਲੰਮੇ ਸਮੇਂ ਤੋਂ ਨਾਲ ਜੁੜੇ ਚੱਲੇ ਆ ਰਹੇ ਹਨ ਤੇ ਆਮ ਲੋਕਾਂ ਵਿਚ ਵੀ ਉਨ੍ਹਾਂ ਦਾ ਚੰਗਾ ਪ੍ਰਭਾਵ ਹੈ।
ਬਾਕਸ
ਲੋਕ ਸਭਾ ਚੋਣਾਂ ‘ਚ ਬਠਿੰਡਾ ਤੋਂ ਖੁੱਡੀਆਂ ਨੂੰ ਵੀ ਆਪ ਬਣਾ ਸਕਦੀ ਹੈ ਉਮੀਦਵਾਰ
ਬਠਿੰਡਾ: ਪਿਛਲੇ ਕੁੱਝ ਸਮੇਂ ਤੋਂ ਸਿਆਸੀ ਗਲਿਆਰਿਆਂ ਵਿਚ ਚਰਚਾ ਤਾਂ ਇਸ ਗੱਲ ਦੀ ਵੀ ਚੱਲ ਰਹੀ ਹੈ ਕਿ ਆਗਾਮੀ ਲੋਕ ਸਭਾ ਚੋਣਾਂ ’ਚ ਬਾਦਲਾਂ ਦਾ ਕਿਲਾ ਢਾਹੁਣ ਲਈ ਆਮ ਆਦਮੀ ਪਾਰਟੀ ਗੁਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਅਪਣਾ ਉਮੀਦਵਾਰ ਵੀ ਬਣਾ ਸਕਦੀ ਹੈ। ਹਾਲਾਂਕਿ ਹੁਣ ਉਨ੍ਹਾਂ ਨੂੰ ਕੈਬਨਿਟ ਵਿਚ ਸ਼ਾਮਲ ਕਰ ਲਿਆ ਗਿਆ ਹੈ ਪ੍ਰੰਤੂ ਇੰਨ੍ਹਾਂ ਚਰਚਾਵਾਂ ਨੂੰ ਸੱਚ ਮੰਨਣ ਵਾਲੇ ਹੁਣ ਵੀ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਖੁੱਡੀਆਂ ਹੀ ਲੋਕ ਸਭਾ ਚੋਣਾਂ ’ਚ ਆਪ ਪਾਰਟੀ ਲਈ ‘ਤਰੁੱਪ’ ਦਾ ਪੱਤਾ ਸਾਬਤ ਹੋ ਸਕਦੇ ਹਨ।
Share the post "ਦੇਰ ਆਏ, ਦਰੁਸਤ ਆਏ: ਖੁੱਡੀਆਂ ਦੀ ਵਜ਼ਾਰਤ ’ਚ ਸਮੂਲੀਅਤ ਨਾਲ ਆਪ ਨੂੰ ਬਠਿੰਡਾ ਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ‘ਚ ਮਿਲੇਗਾ ਸਿਆਸੀ ਲਾਹਾ!"