ਸੁਖਜਿੰਦਰ ਮਾਨ
ਬਠਿੰਡਾ,24 ਮਈ : ਪਿਛਲੇ ਸਾਲ ਬ੍ਰਾਜੀਲ ਵਿਚ ਹੋਈਆਂ ਡੀਫ਼ ਐਂਡ ਡੰਫ਼ ਖਿਡਾਰੀਆਂ ਦੀਆਂ ਉਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੀ ਬਠਿੰਡਾ ਦੀ ਸ੍ਰੇਆ ਸਿੰਗਲਾ ਨੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12 ਵੀਂ ਜਮਾਤ ਦੇ ਨਤੀਜਿਆਂ ਵਿੱਚ ਦੂਜਾ ਸਥਾਨ ਹਾਸਲ ਕਰਕੇ ਬਠਿੰਡਾ ਦਾ ਨਾਮ ਰੋਸ਼ਨ ਕੀਤਾ ਹੈ। ਸਥਾਨਕ ਐਮ. ਐਸ. ਡੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸ੍ਰੇਆ ਸਿੰਗਲਾ ਪੁੱਤਰੀ ਦਵਿੰਦਰ ਸਿੰਗਲਾ ਨੇ ਆਰਟਸ ਗਰੁੱਪ ਵਿੱਚੋਂ ਸੂਬੇ ਭਰ ਵਿੱਚੋਂ 498/500 ਵਿੱਚੋਂ 99.60 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਸ਼੍ਰੇਆ ਬਚਪਨ ਤੋਂ ਵਿਸੇਸ ਲੋੜਾਂ ਵਾਲੀ ਬੱਚੀ ਹੈ ਪ੍ਰੰਤੂ ਇਸਦੇ ਬਾਵਜੂਦ ਉਸਦੀਆਂ ਪ੍ਰਾਪਤੀਆਂ ਉਸਦੀ ਉਮਰ ਤੋਂ ਵੀ ਕਿਤੇ ਵੱਡੀਆਂ ਹਨ। ਬੈਡਮੈਟਨ ਦੀ ਕੌਮਾਤਰੀ ਖਿਡਾਰਨ ਵਜੋਂ ਆਪਣਾ ਨਾਮ ਦਰਜ਼ ਕਰਵਾ ਚੁੱਕੀ ਸ਼੍ਰੇਆ ਆਗਾਮੀ 14 ਜੁਲਾਈ ਨੂੰ ਬ੍ਰਾਜੀਲ ਵਿਚ ਹੀ ਹੋ ਰਹੀਆਂ ਡੀਫ਼ ਐਂਡ ਡੰਫ਼ ਖਿਡਾਰੀਆਂ ਦੀਆਂ ਵਿਸਵ ਖੇਡਾਂ ਵਿਚ ਭਾਗ ਲੈਣ ਜਾ ਰਹੀ ਹੈ। ਅੱਜ ਜਦੋਂ ਸਿੱਖਿਆ ਬੋਰਡ ਵਲੋਂ ਨਤੀਜੇ ਦਾ ਐਲਾਨ ਕੀਤਾ ਗਿਆ ਤਾਂ ਉਸ ਸਮੇਂ ਉਹ ਹੈਦਰਾਬਾਦ ਵਿਚ ਵਿਸਵ ਖੇਡਾਂ ਦੀ ਤਿਆਰੀ ਕਰ ਰਹੀ ਸੀ। ਸ਼੍ਰੇਆ ਦੇ ਸਕੂਲ ਅਤੇ ਘਰ ਵਿਚ ਉਸਦੀ ਪ੍ਰਾਪਤੀ ’ਤੇ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਸੀ। ਸਕੂਲ ਦੇ ਵਿਚ ਜਿੱਥੇ ਪ੍ਰਿੰਸੀਪਲ ਸੇਤੀਆ ਦੀ ਅਗਵਾਈ ਹੇਠ ਲੱਡੂ ਵੰਡੇ ਗਏ, ਉਥੇ ਸ਼੍ਰੇਆ ਦੇ ਘਰ ਵਿਚ ਵੀ ਉਸਦੇ ਪ੍ਰਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਗਲੀ-ਮੁਹੱਲੇ ਦੇ ਲੋਕ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੇਆ ਦੇ ਪਿਤਾ ਦਵਿੰਦਰ ਸਿੰਗਲਾ ਜੋਕਿ ਇੱਕ ਬੈਂਕਰ ਹਨ ਅਤੇ ਮਾਤਾ ਨੀਲਮ ਸਿੰਗਲਾ ਜੋਕਿ ਇੱਕ ਸਕੂਲ ਅਧਿਆਪਕਾ ਹਨ, ਨੇ ਅਪਣੀ ਪੁੱਤਰੀ ਦੀ ਪ੍ਰਾਪਤੀ ’ਤੇ ਖੁਸੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ‘‘ਸ਼੍ਰੇਆ ਨੇ ਅਪਣੀ ਕਮੀ ਨੂੰ ਹੀ ਕਾਮਯਾਬੀ ਵਿਚ ਤਬਦੀਲ ਕਰ ਦਿੱਤਾ। ’’ ਉਨ੍ਹਾਂ ਕਿਹਾ ਕਿ ਬਚਪਨ ਵਿਚ ਬੇਸ਼ੱਕ ਉਨ੍ਹਾਂ ਨੂੰ ਸ਼੍ਰੇਆ ਦੇ ਸਹੀ ਤਰੀਕੇ ਨਾਲ ਬੋਲ ਅਤੇ ਸੁਣਨ ਨਾ ਸਕਣ ਦੇ ਚੱਲਦੇ ਮਨ ਵਿਚ ਦੁੱਖ ਮਹਿਸੂਸ ਹੁੰਦਾ ਸੀ ਪ੍ਰੰਤੂ ਹੁਣ ਉਸਦੀਆਂ ਪ੍ਰਾਪਤੀਆਂ ਦੇਖ ਕੇ ਖ਼ੁਸੀ ਮਹਿਸੂਸ ਹੋ ਰਹੀ ਹੈ। ਉਧਰ ਹੈਦਰਾਬਾਦ ਤੋਂ ਇੱਕ ਵੀਡੀਓ ਸੰਦੇਸ਼ ਰਾਹੀਂ ਗੱਲਬਾਤ ਕਰਦਿਆਂ ਸ਼ੇਆ ਨੇ ਕਿਹਾ ਕਿ ਉਸਦੀ ਇਸ ਪ੍ਰਾਪਤੀ ਦੇ ਪਿੱਛੇ ਅਪਣੇ ਮਾਪਿਆਂ ਤੇ ਸਕੂਲ ਅਧਿਆਪਕਾਂ ਦਾ ਵੱਡਾ ਹੱਥ ਹੈ, ਜਿੰਨ੍ਹਾਂ ਨੇ ਉਸਦਾ ਹਰ ਥਾਂ ਸਹਿਯੋਗ ਕੀਤਾ। ਸ਼੍ਰੇਆ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਦੇਸ ਦਾ ਨਾਮ ਰੋਸ਼ਨ ਕਰਦੀ ਰਹੇਗੀ। ਉਧਰ ਪਤਾ ਚੱਲਿਆ ਹੈ ਕਿ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੇ 4 ਵਿਦਿਆਰਥੀ ਪੰਜਾਬ ਦੀ ਮੈਰਿਟ ਆਏ ਮੈਰਿਟ ਚ ਆਏ ਹਨ। ਨਤੀਜਿਆਂ ਵਿੱਚ ਮੈਰਿਟਾਂ ਪ੍ਰਾਪਤ ਕਰਨ ਵਾਲੇ ਸਾਇੰਸ ਗਰੁੱਪ ਵਿੱਚ ਸਾਹਿਲ ਸ਼ਰਮਾ ਨੇ 500 ਵਿੱਚੋਂ 486 ਅੰਕ, ਰਿਤਿਕ ਸ਼ਰਮਾ ਨੇ 500 ਵਿੱਚੋਂ 485 ਅੰਕ, ਸੰਗਮ ਕੰਬੋਜ ਨੇ 500 ਵਿੱਚੋਂ 485 ਅਤੇ ਨਿਰਭੈਅ ਸਿੰਘ ਨੇ ਵੀ ਸਾਇੰਸ ਗਰੁੱਪ ਵਿੱਚ 500 ਵਿੱਚੋਂ 485 ਅੰਕ ਪ੍ਰਾਪਤ ਕਰਦਿਆਂ ਮੈਰਿਟ ਵਿਚ ਜਗਾ ਬਣਾਈ ਹੈ । ਸਕੂਲ ਦੇ ਪ੍ਰਿੰਸੀਪਲ ਡਾ ਗੁਰਦੀਪ ਸਿੰਘ ਨੇ ਦੱਸਿਆ ਸਕੂਲ ਦੀ ਚੰਗੇ ਨਤੀਜਿਆਂ ਪਿੱਛੇ ਬੱਚਿਆਂ ਅਤੇ ਅਧਿਆਪਕਾਂ ਦੀ ਮਿਹਤਨ ਦਾ ਬਹੁਤ ਵੱਡਾ ਰੋਲ ਹੈ। ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਮੈਰਿਟ ਵਿੱਚ ਆਏ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।
Share the post "ਦੇਸ ਲਈ ਗੋਲਡ ਮੈਡਲ ਜਿੱਤਣ ਵਾਲੀ ਬਠਿੰਡਾ ਦੀ ਸ੍ਰੇਆ ਸਿੰਗਲਾ ਨੇ ਬਾਹਰਵੀਂ ਜਮਾਤ ਵਿਚੋਂ ਪ੍ਰਾਪਤ ਕੀਤਾ ਦੂਜਾ ਸਥਾਨ"