ਲੱਖਾ ਸਿਧਾਣਾ ਨੇ ਧਰਨੇ ’ਚ ਪੁੱਜ ਕੇ ਦਿੱਤੀ ਹਿਮਾਇਤ
ਸੁਖਜਿੰਦਰ ਮਾਨ
ਬਠਿੰਡਾ, 13 ਮਈ : ਸਥਾਨਕ ਸ਼ਹਿਰ ਦੇ ਪਾਸ ਇਲਾਕੇ ਮਾਡਲ ਟਾਊਨ ਦੇ ਵਿਚਕਾਰ ਪੈਂਦੀ ਧੋਬੀਆਣਾ ਬਸਤੀ ’ਚ ਰਹਿੰਦੇ ਗਰੀਬ ਪ੍ਰਵਾਰਾਂ ਦੇ ਮਕਾਨਾਂ ਨੂੰ ਢਾਹ ਕੇ ਉਨ੍ਹਾਂ ਨੂੰ ਫਲੈਟਾਂ ’ਚ ਵਸਾਉਣ ਦੀ ਯੋਜਨਾ ਦੇ ਵਿਰੁਧ ਬਸਤੀ ਵਾਲਿਆਂ ਨੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਇਸ ਧਰਨੇ ’ਚ ਪੁੱਜ ਕੇ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਵੀ ਹਿਮਾਇਤ ਦਿੱਤੀ ਹੈ। ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਬੀਡੀਏ ਅਧਿਕਾਰੀਆਂ ਵਲੋਂ ਵੀ ਧੋਬੀਆਣਾ ਬਸਤੀ ਦੇ ਲੋਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਸਾਹਮਣੇ ਇਹ ਯੋਜਨਾ ਰੱਖੀ ਗਈ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਇਹ ਝੁੱਗੀਆਂ ਛੱਡਣ ਬਦਲੇ ਫਲੈਟ ਬਣਾ ਕੇ ਦੇਣਗੇ, ਜਿਸ ਵਿਚ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਕਰੀਬ 25 ਏਕੜ ’ਚ ਵਸੀ ਇਸ ਧੋਬੀਆਣਾ ਬਸਤੀ ਵਿਚ ਕਰੀਬ 1200 ਝੁੱਗੀਆਂ ਅਤੇ ਮਕਾਨ ਬਣੇ ਹੋਏ ਹਨ। ਇਸਤੋਂ ਇਲਾਵਾ ਇਸ ਬਸਤੀ ਵਿਚ ਲਗਭਗ ਹਰ ਘਰ ਵਿਚ ਬਿਜਲੀ ਦੀ ਸਪਲਾਈ ਤੇ ਪਾਣੀ ਦੀ ਸਪਲਾਈ ਵੀ ਉਪਲਬਧ ਹੈ ਅਤੇ ਸੜਕਾਂ ਤੇ ਲਾਈਟਾਂ ਵੀ ਲੱਗੀਆਂ ਹੋਈਆਂ ਹਨ। ਇਸਦੇ ਬਾਵਜੂਦ ਇਸਦੀ ਮਾਲਕੀ ਦੇ ਹੱਕ ਇੱਥੋਂ ਦੇ ਲੋਕਾਂ ਕੋਲ ਨਹੀਂ ਦੱਸੇ ਜਾ ਰਹੇ ਹਨ। ਉਧਰ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਪ੍ਰਸਤਾਵ ਦੇ ਸਾਹਮਣੇ ਆਉਣ ਤੋਂ ਬਾਅਦ ਕੁੱਝ ਦਿਨ ਪਹਿਲਾਂ ਪੁੱਡਾ ਦੇ ਅਧਿਕਾਰੀਆਂ ਵਲੋਂ ਬਸਤੀ ਵਿਚ ਜਾ ਕੇ ਲੋਕਾਂ ਦੀ ਸਹਿਮਤੀ ਵਾਲੇ ਫ਼ਾਰਮ ਭਰਵਾਉਣੇ ਸ਼ੁਰੂ ਕਰ ਦਿੱਤੇ ਗਏ ਸਨ, ਜਿਸਤੋਂ ਬਾਅਦ ਲੋਕ ਭੜਕ ਉੱਠੇ ਤੇ ਉਨ੍ਹਾਂ ਵਲੋਂ ਲੰਘੀ 9 ਮਈ ਤੋਂ ਇਸ ਉਜਾੜੇ ਵਿਰੁਧ ਅਣਥਿਮੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਇਸ ਸਬੰਧ ਵਿਚ ਬਣੀ ਕਮੇਟੀ ਦੇ ਆਗੂਆਂ ਇੰਦਰਜੀਤ ਗਿੱਲ, ਰਜਿੰਦਰ ਗੋਪੀ, ਵਰਿਆਮ ਸਿੰਘ, ਨਿਰਮਲ ਨਿੰਮਾ, ਬੰਟੀ ਤੇ ਪਿੰਦਰ ਆਦਿ ਨੇ ਕਿਹਾ ਕਿ ਉਹਨਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਪ੍ਰਸਤਾਵ ਨੂੰ ਨਾ ਮੰਨਜੂਰ ਕਰ ਦਿੱਤਾ, ਇਸਦੇ ਬਾਵਜੂਦ ਇੱਥੇ ਰਹਿਣ ਵਾਲੇ ਗਰੀਬ ਲੋਕਾਂ ਨੂੰ ਡਰਾ-ਧਮਕਾ ਕੇ ਸਹਿਮਤੀ ਵਾਲੇ ਫ਼ਾਰਮ ਭਰਵਾਏ ਜਾ ਰਹੇ ਹਨ, ਜਿਸਦਾ ਉਹ ਵਿਰੋਧ ਕਰਦੇ ਹਨ। ਇੰਨ੍ਹਾਂ ਕਮੇਟੀ ਮੈਂਬਰਾਂ ਨੇ ਇਹ ਵੀ ਕਿਹਾ ਕਿ ਉਹ ਪਿਛਲੇ 40-50 ਸਾਲਾਂ ਤੋਂ ਇੱਥੇ ਵਸੇ ਹੋੲੈ ਹਨ ਤੇ ਲਗਭਗ ਸਾਰੇ ਹੀ ਮਕਾਨ ਪੱਕੇ ਬਣੇ ਹੋਏ ਹਨ ਤੇ ਹੁਣ ਇੰਨ੍ਹਾਂ ਮਕਾਨਾਂ ਨੂੰ ਛੱਡਣਾ ਨਹੀਂ ਚਾਹੁੰਦੇ ਹਨ।
ਧੋਬੀਆਣਾ ਬਸਤੀ ’ਚ ਉਜਾੜੇ ਦੇ ਵਿਰੁਧ ਲੋਕਾਂ ਨੇ ਲਗਾਇਆ ਧਰਨਾ
7 Views