ਪੁੱਤ ਨੂੰ ਵੀ ਨਕਲੀ ਵਰਦੀ ਪਵਾ ਕੇ ਲਿਆਂਦਾ ਸੀ ਨਾਲ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ: ਦੋ ਦਿਨ ਪਹਿਲਾਂ ਬਠਿੰਡਾ ਸ਼ਹਿਰ ਦੇ ਹਨੂੰਮਾਨ ਚੌਕ ਨਜਦੀਕ ਸਥਿਤ ਹੋਟਲ ਫ਼ਾਈਵ ਰਿਵਰ ’ਚ ਠਹਿਰੇ ਦੋ ਵਿਅਕਤੀਆਂ ਕੋਲੋ 42 ਲੱਖ ਲੁੱਟਣ ਵਾਲਾ ਥਾਣੇਦਾਰ ਨਕਲੀ ਨਹੀਂ, ਅਸਲੀਂ ਸੀ, ਜਿਸਨੇ ਟਰੈਵਲ ਏਜੰਟਾਂ ਨਾਲ ਮਿਲਕੇ ਅਪਣੇ ਪੁੱਤ ਨੂੰ ਨਕਲੀ ਪੁਲਿਸ ਮੁਲਾਜਮ ਬਣਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਹਾਲਾਂਕਿ ਕਥਿਤ ਦੋਸ਼ੀ ਹਾਲੇ ਤੱਕ ਪੁਲਿਸ ਦੀ ਪਕੜ ਦੱਸੇ ਜਾ ਰਹੇ ਹਨ ਪ੍ਰੰਤੂ ਬਠਿੰਡਾ ਪੁਲਿਸ ਸੂਬੇ ’ਚ ਚਰਚਿਤ ਹੋਏ ਇਸ ਕਾਂਡ ਨੂੰ ਸੁਲਝਾਉਣ ਦੇ ਨਜਦੀਕ ਪੁੱਜ ਗਈ ਹੈ। ਇਸਦੀ ਪੁਸ਼ਟੀ ਕਰਦਿਆਂ ਥਾਣਾ ਸਿਵਲ ਲਾਈਨ ਦੇ ਇੰਚਾਰਜ਼ ਇੰਸਪੈਕਟਰ ਹਰਵਿੰਦਰ ਸਿੰਘ ਸਰਾਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਟੀਮਾਂ ਵਲੋਂ ਛਾਪੇਮਾਰੀ ਜਾਰੀ ਹੈ। ਮਿਲੀ ਸੂਚਨਾ ਮੁਤਾਬਕ ਪਟਿਆਲਾ ਦੇ ਰਹਿਣ ਵਾਲੀਆਂ ਪੀੜਤ ਧਿਰਾਂ ਦੇ ਨੌਜਵਾਨਾਂ ਸ਼ਵਿੰਦਰਪਾਲ ਸਿੰਘ ਤੇ ਦੀਪਕ ਸ਼ਰਮਾ ਦੀ ਅੰਮਿ੍ਰਤਸਰ ਦੇ ਇੱਕ ਟਰੈਵਲ ਏਜੰਟ ਜਗਦੀਸ਼ ਲੱਕੀ ਨਾਲ ਕੈਨੇਡਾ ਭੇਜਣ ਲਈ 42 ਲੱਖ ਰੁਪਏ ਵਿਚ ਡੀਲ ਹੋਈ ਸੀ। ਇਸ ਡੀਲ ਦੇ ਤਹਿਤ ਦੋਨਾਂ ਨੌਜਵਾਨਾਂ ਦੇ ਕੈਨੇਡਾ ਵਾਲੀ ਫ਼ਲਾਈਟ ’ਤੇ ਚੜ੍ਹਣ ਤੋਂ ਬਾਅਦ ਪੈਸੇ ਲਏ ਜਾਣੇ ਸਨ। ਕਾਗਜ਼ਾਂ ਪੱਤਰਾਂ ਨੂੰ ਤਿਆਰ ਕਰਨ ਤੋਂ ਬਾਅਦ ਜਗਦੀਸ਼ ਲੱਕੀ ਨੇ ਦਸਿਆ ਕਿ ਉਕਤ ਦੋਨਾਂ ਨੌਜਵਾਨਾਂ ਨੂੰ 15 ਅਪ੍ਰੈਲ ਵਾਲੇ ਦਿਨ ਜੈਪੂਰ ਤੋਂ ਕੈਨੈਡਾ ਵਾਲੀ ਫਲਾਈਟ ’ਤੇ ਭੇਜਿਆ ਜਾਵੇਗਾ। ਇਸਦੇ ਬਦਲੇ ਪੈਸੇ ਲੈਣ ਲਈ ਉਸਨੇ ਅਪਣੇ ਸਾਥੀ ਨਿਸ਼ਾਨ ਸਿੰਘ ਦੀ ਜਿੰਮੇਵਾਰੀ ਲਗਾ ਦਿੱਤੀ। ਫੈਸਲਾ ਇਹ ਹੋਇਆ ਕਿ ਸ਼ਵਿੰਦਰਪਾਲ ਤੇ ਦੀਪਕ ਇੱਕ ਪਾਸੇ ਕੈਨੇਡਾ ਵਾਲੇ ਜਹਾਜ ’ਤੇ ਚੜ੍ਹਣਗੇ ਤੇ ਦੂਜੇ ਪਾਸੇ ਉਨ੍ਹਾਂ ਦੇ ਦੋਸਤ ਗੁਰਪ੍ਰੀਤ ਸਿੰਘ ਤੇ ਵਰਿੰਦਰ ਪੈਸੇ ਨਿਸ਼ਾਨ ਸਿੰਘ ਨੂੰ ਦੇਣਗੇ। ਇਸਦੇ ਲਈ ਇਹ ਤਿੰਨੇ ਬਠਿੰਡਾ ਪੁੱਜੇ ਤੇ ਫ਼ਾਈਵ ਰਿਵਰ ਹੋਟਲ ਵਿਚ ਕਮਰਾ ਨੰਬਰ 203 ਤੇ 204 ਬੁੱਕ ਕਰਵਾਇਆ। ਘਟਨਾ ਵਾਲੀ ਰਾਤ ਨਿਸ਼ਾਨ ਸਿੰਘ ਨੇ ਤਸੱਲੀ ਲਈ ਦੋਨਾਂ ਕੋਲ 42 ਲੱਖ ਰੁਪਏ ਦੀ ਗਿਣਤੀ ਕੀਤੀ। ਇਸਤੋਂ ਪਹਿਲਾਂ ਨੌਜਵਾਨ ਜੈਪੁਰ ਤੋਂ ਜਹਾਜ਼ ਚੜ੍ਹਦੇ, ਏਜੰਟ ਵਲੋਂ ਅੰਮਿ੍ਰਤਸਰ ਵਿਚ ਹੀ ਤੈਨਾਤ ਅਪਣੇ ਇੱਕ ਥਾਣੇਦਾਰ ਦੋਸਤ ਨਾਲ ਮਿਲਕੇ ਬਠਿੰਡਾ ਠਹਿਰੇ ਦੋਨਾਂ ਨੌਜਵਾਨਾਂ ਤੋਂ ਪੈਸੇ ਲੁੱਟਣ ਦੀ ਯੋਜਨਾ ਬਣਾ ਲਈ। ਇਸ ਯੋਜਨਾ ਤਹਿਤ ਉਕਤ ਥਾਣੇਦਾਰ ਅਪਣੀ ਅਸਲੀ ਵਰਦੀ ਤੇ ਉਸਦਾ ਪੁੱਤਰ ਨਕਲੀ ਵਰਦੀ ਵਿਚ ਦੋ-ਤਿੰਨ ਜਣਿਆ ਨਾਲ ਉਕਤ ਹੋਟਲ ਵਿਚ ਸਵੇਰੇ ਸਾਢੇ ਚਾਰ ਵਜੇਂ ਦੇ ਕਰੀਬ ਪੁੱਜੇ ਤੇ ਸਭ ਤੋਂ ਪਹਿਲਾਂ ਨਿਸ਼ਾਨ ਸਿੰਘ ਦਾ ਕਮਰਾ ਖੁਲਵਾ ਕੇ ਉਸਨੂੰ ਅਪਣੇ ਨਾਲ ਲਿਆ ਤੇ ਮੁੜ ਗੁਰਪ੍ਰੀਤ ਤੇ ਵਰਿੰਦਰ ਦਾ ਕਮਰਾ ਖੁਲਵਾ ਕੇ ਉਨ੍ਹਾਂ ’ਤੇ ਚਿੱਟਾ ਵੇਚਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਟੀਮ ਨੂੰ ਪਤਾ ਚੱਲਿਆ ਹੈ ਕਿ ਉਨ੍ਹਾਂ ਕੋਲ ਡਰੱਗ ਮਨੀ ਵੀ ਹੈ, ਜਿਸਦੇ ਚੱਲਦੇ ਪੜਤਾਲ ਲਈ ਸੀਆਈਏ ਸਟਾਫ਼ ਨਾਲ ਚੱਲਣ ਲਈ ਕਿਹਾ। ਸਵੇਰ ਦਾ ਸਮਾਂ ਹੋਣ ਕਾਰਨ ਡਰਦੇ ਹੋਏ ਗੁਰਪ੍ਰੀਤ ਤੇ ਵਰਿੰਦਰ ਵੀ ਉਨ੍ਹਾਂ ਦੇ ਨਾਲ ਪੈਸਿਆ ਸਮੇਤ ਗੱਡੀ ਵਿਚ ਬੈਠ ਗਏ ਤੇ ਮਲੋਟ ਰੋਡ ’ਤੇ ਦੋਨਾਂ ਨੂੰ ਕੁੱਟਮਾਰ ਕੇ ਗੱਡੀ ਵਿਚ ਉਤਾਰ ਦਿੱਤਾ ਤੇ ਪੈਸੇ ਖੋਹ ਲਏ। ਇਸ ਦੌਰਾਨ ਸਭ ਤੋਂ ਪਹਿਲਾਂ ਸ਼ੱਕ ਦੀ ਸੂਈ ਟਰੈਵਲ ਏਜੰਟ ’ਤੇ ਇਸ ਕਰਕੇ ਗਈ ਕਿ ਉਕਤ ਅਸਲੀ ਤੇ ਨਕਲੀ ਪੁਲਿਸ ਵਾਲੇ ਟਰੈਵਲ ਏਜੰਟ ਦੇ ਸਾਥੀ ਨਿਸ਼ਾਨ ਸਿੰਘ ਨੂੰ ਵੀ ਅਪਣੇ ਨਾਲ ਲੈ ਗਏ। ਇਸ ਸਬੰਧ ਵਿਚ ਥਾਣਾ ਸਿਵਲ ਲਾਈਨ ਪੁਲਿਸ ਕੇਸ ਦਰਜ਼ ਕਰਨ ਤੋਂ ਬਾਅਦ ਜਦ ਪੜਤਾਲ ਸ਼ੁਰੂ ਕੀਤੀ ਤਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼, ਮੋਬਾਇਲ ਫ਼ੋਨ ਦਾ ਡਾਟਾ ਆਦਿ ਦੇ ਆਧਾਰ ’ਤੇ ਸਾਰੀ ਉਲਝੀ ਤਾਣੀ ਸੁਲਝਦੀ ਨਜ਼ਰ ਆਈ। ਪੁਲਿਸ ਸੁੂਤਰਾਂ ਨੇ ਖੁਲਾਸਾ ਕੀਤਾ ਕਿ ਫ਼ਿਲਮੀ ਸਟਾਈਲ ਵਿਚ ਲੁੱਟ ਦੀ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਉਕਤ ਥਾਣੇਦਾਰ ਸਹਿਤ ਟਰੈਵਲ ਏਜੰਟ ਗਾਇਬ ਹਨ ਤੇ ਜੈਪੂੁਰ ਬੈਠੇ ਸ਼ਵਿੰਦਰਪਾਲ ਸਿੰਘ ਤੇ ਦੀਪਕ ਸ਼ਰਮਾ ਨੂੰ ਕਿਸੇ ਫਲਾਈਟ ’ਤੇ ਨਹੀਂ ਚੜਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ ਤੇ ਜਲਦੀ ਹੀ ਸਾਰੀ ਘਟਨਾ ਦਾ ਖੁਲਾਸਾ ਕੀਤਾ ਜਾਵੇਗਾ।