ਮਾਲ ਰੋਡ ’ਤੇ ਦੁਕਾਨਾਂ ਬੰਦ ਕਰਕੇ ਲਗਾਇਆ ਧਰਨਾ, ਕੀਤੀ ਨਿਗਮ ਅਧਿਕਾਰੀਆਂ ਵਿਰੁਧ ਨਾਅਰੇਬਾਜ਼ੀ
ਸੁਖਜਿੰਦਰ ਮਾਨ
ਬਠਿੰਡਾ, 7 ਅਪ੍ਰੈਲ : ਬੀਤੇ ਕੱਲ ਸਥਾਨਕ ਸ਼ਹਿਰ ਦੇ ਪਾਸ਼ ਵਪਾਰਕ ਇਲਾਕੇ ਮੰਨੇ ਜਾਂਦੇ ਮਾਲ ਰੋਡ ਉਪਰ ਨਗਰ ਨਿਗਮ ਵਲੋਂ ਫੁੱਟਪਾਥ ਤੇ ਦੁਕਾਨਾਂ ਅੱਗੇ ਬਣੇ ਥੜਿਆਂ ਨੂੰ ਢਾਹੁਣ ਵਿਰੁਧ ਦੁਕਾਨਦਾਰਾਂ ਦਾ ਗੁੱਸਾ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਬਠਿੰਡਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਵਲੋਂ ਮਾਲ ਰੋਡ ਦੇ ਦੁਕਾਨਦਾਰਾਂ ਨਾਲ ਇਕਜੁਟਤਾ ਪ੍ਰਗਟਾਉਂਦਿਆਂ ਸਵੇਰੇ 9 ਤੋਂ 12 ਵਜੇਂ ਤੱਕ ਦੁਕਾਨਾਂ ਬੰਦ ਕਰਕੇ ਧਰਨਾ ਦਿੱਤਾ। ਇਸ ਮੌਕੇ ਨਗਰ ਨਿਗਮ ਅਧਿਕਾਰੀਆਂ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਇਸ ਧਰਨੇ ਵਿਚ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਤੇ ਭਾਜਪਾ ਦੇ ਸਰੂਪ ਸਿੰਗਲਾ ਸਹਿਤ ਵਿਰੋਧੀ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਏ। ਇਸਤੋਂ ਇਲਾਵਾ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਨੇ ਤਾਂ ਖੁੱਲ ਕੇ ਨਿਗਮ ਅਧਿਕਾਰੀਆਂ ਉਪਰ ਗੰਭੀਰ ਦੋਸ਼ ਲਗਾਏ। ਇਸਤੋਂ ਇਲਾਵਾ ਵੱਡੀ ਗਿਣਤੀ ਵਿਚ ਪੁੱਜੇ ਕੋਂਸਲਰਾਂ ਨੇ ਵੀ ਦੁਕਾਨਦਾਰਾਂ ਨੂੰ ਹਿਮਾਇਤ ਦਿੱਤੀ। ਉਧਰ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ। ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਵੀ ਇਸ ਦੌਰਾਨ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ। ਇਸ ਮੋਕੇ ਧਰਨੇ ਵਿਚ ਪੁੱਜੇ ਵਪਾਰ ਮੰਡਲ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਨਿਗਮ ਵਲੋਂ ਦੁਕਾਨਦਾਰਾਂ ਦਾ ਨੁਕਸਾਨ ਕਰਨ ਦਾ ਸਖ਼ਤ ਵਿਰੋਧ ਕਰਨਗੇ ਤੇ ਨਾਂ ਹੀ ਇੱਥੇ ਰੇਹੜੀਆਂ ਲੱਗਣ ਦੇਣਗੇ। ਇਸਦੇ ਨਾਲ ਹੀ ਫੈਸਲਾ ਕੀਤਾ ਗਿਆ ਕਿ ਜੇਕਰ ਨਿਗਮ ਨੇ ਇਹ ਕਾਰਵਾਈ ਮੁੜ ਸ਼ੁਰੂ ਕੀਤੀ ਤਾਂ ਅਣਮਿਥੇ ਸਮੇਂ ਲਈ ਬਜ਼ਾਰ ਬੰਦ ਕੀਤਾ ਜਾਵੇਗਾ। ਗੌਰਤਲਬ ਹੈ ਕਿ ਨਗਰ ਨਿਗਮ ਵਲੋਂ ਮਾਲ ਰੋਡ ਟਰੈਫ਼ਿਕ ਮੁਕਤ ਜੋਨ ਬਣਾਉਣ ਦਾ ਫੈਸਲਾ ਲਿਆ ਸੀ। ਇਸ ਸਬੰਧ ਵਿਚ ਪਿਛਲੇ ਸਮੇਂ ਦੌਰਾਨ ਸ਼ਹਿਰ ਦੀ ਇੱਕ ਪ੍ਰਾਈਵੇਟ ਕੰਪਨੀ ਤੋਂ ਸਰਵੈ ਵੀ ਕਰਵਾਇਆ ਗਿਆ। ਜਿਸਤੋਂ ਬਾਅਦ ਇਹ ਮੁਹਿੰਮ ਵਿੱਢੀ ਗਈ ਸੀ ਪ੍ਰੰਤੂ ਇਸਦਾ ਸ਼ੁਰੂਆਤ ਵਿਚ ਹੀ ਵਿਰੋਧ ਹੁੰਦਾ ਦਿਖ਼ਾਈ ਦੇ ਰਿਹਾ ਹੈ।
ਨਗਰ ਨਿਗਮ ਦੀ ਕਾਰਵਾਈ ਵਿਰੁਧ ਦੁਕਾਨਦਾਰਾਂ ਦਾ ਦੂਜੇ ਦਿਨ ਵੀ ਗੁੱਸਾ ਫੁੱਟਿਆ
11 Views