ਸੁਖਜਿੰਦਰ ਮਾਨ
ਬਠਿੰਡਾ, 19 ਜੂਨ: ਸ਼ਹਿਰ ਦੀਆਂ ਸੜਕਾਂ ਉਪਰ ਬਣੇ ਫੁੱਟਪਾਥਾਂ ’ਤੇ ਦੁਕਾਨਦਾਰਾਂ ਵਲੋਂ ਕੀਤੇ ਕਥਿਤ ਕਬਜ਼ਿਆਂ ਉਪਰ ਅੱਜ ਨਗਰ ਨਿਗਮ ਦੀ ਟੀਮ ਵਲੋਂ ਪੀਲਾ ਪੰਜ਼ਾਂ ਚਲਾਇਆ ਗਿਆ। ਇਸ ਦੌਰਾਨ ਸਥਾਨਕ ਫ਼ੌਜੀ ਚੌਕ ਦੇ ਨਜਦੀਕ ਸ਼ੁਰੂ ਕੀਤੀ ਇਸ ਮੁਹਿੰਮ ਵਿਚ ਜੇਸੀਬੀ ਦੀ ਮੱਦਦ ਨਾਲ ਹੋਟਲਾਂ, ਦੁਕਾਨਦਾਰਾਂ, ਹਸਪਤਾਲਾਂ, ਬੈਂਕਾਂ ਅਤੇ ਹੋਰਨਾਂ ਵਪਾਰਕ ਅਦਾਰਿਆਂ ਵਲੋਂ ਅਪਣੇ ਅੱਗੇ ਸਥਿਤ ਸਰਕਾਰੀ ਫੁੱਟਪਾਥਾਂ ਉਪਰ ਰੱਖੇ ਸਮਾਨ, ਲਗਾਈਆਂ ਸੰਗਲੀਆਂ ਤੇ ਪਿੱਲਰਾਂ ਨੂੰ ਹਟਾਇਆ ਗਿਆ। ਇਸਤੋਂ ਇਲਾਵਾ ਪਾਵਰ ਹਾਊਸ ਰੋਡ ’ਤੇ ਵੀ ਨਿਗਮ ਦੀ ਟੀਮ ਵਲੋਂ ਦੌਰਾ ਕਰਕੇ ਇੱਥੇ ਵੀ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਨਿਗਮ ਅਧਿਕਾਰੀਆਂ ਨੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼ਹਿਰ ਵਿਚ ਫੁੱਟਪਾਥ ਆਮ ਲੋਕਾਂ ਦੇ ਚੱਲਣ ਵਾਸਤੇ ਰੱਖੇ ਗਏ ਸਨ ਪ੍ਰੰਤੂ ਹੁਣ ਵੱਡੇ ਵਪਾਰਕ ਅਦਾਰਿਆਂ ਤੋਂ ਇਲਾਵਾ ਛੋਟੇ ਦੁਕਾਨਦਾਰਾਂ ਵਲੋਂ ਇਸ ਜਗ੍ਹਾਂ ਨੂੰ ਅਪਣੀ ਨਿੱਜੀ ਹਿੱਤਾਂ ਵਾਸਤੇ ਵਰਤਿਆਂ ਜਾ ਰਿਹਾ ਹੈ ਤੇ ਇੱਥੋਂ ਕੋਈ ਹੋਰ ਗੁਜ਼ਰ ਨਾ ਸਕੇ, ਇਸਦੇ ਲਈ ਸੰਗਲ ਲਗਾਏ ਹੋਏ ਹਨ। ਨਿਗਮ ਅਧਿਕਾਰੀਆਂ ਨੇ ਦਸਿਆ ਕਿ ਅਜਿਹੇ ਅਦਾਰਿਆਂ ਤੇ ਦੁਕਾਨਦਾਰਾਂ ਨੂੰ ਨੋਟਿਸ ਕੱਢੇ ਗਏ ਤੇ ਨਾਲ ਹੀ ਸ਼ਹਿਰ ਵਿਚ ਹੋਰਨਾਂ ਥਾਵਾਂ ’ਤੇ ਵੀ ਫੁੱਟਪਾਥਾਂ ਉਪਰ ਕਬਜ਼ੇ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਦੱਸਣਾ ਬਣਦਾ ਹੈ ਕਿ ਇੰਨ੍ਹਾਂ ਨਜਾਇਜ਼ ਕਬਜਿਆਂ ਕਾਰਨ ਰਾਹੀਗੀਰ ਆਮ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰ ਇੰਨ੍ਹਾਂ ਫੁੱਟਪਾਥਾਂ ਉਪਰ ਸਰੇਆਮ ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਕੱਢ ਕੇ ਰੱਖ ਦਿੰਦੇ ਹਨ, ਜਿਸਦੇ ਕਾਰਨ ਚੱਲਣ ਫ਼ਿਰਨ ਦਾ ਰਾਸਤਾ ਵੀ ਨਹੀਂ ਰਹਿੰਦਾ ਹੈ।
Share the post "ਨਗਰ ਨਿਗਮ ਨੇ ਸ਼ਹਿਰ ਦੇ ਫੁੱਟਪਾਥਾਂ ਉਪਰ ਕੀਤੇ ਨਜਾਇਜ਼ ਕਬਜ਼ਿਆਂ ‘ਤੇ ਚਲਾਇਆ ਪੀਲਾ ਪੰਜਾ"