ਰਾਮ ਸਿੰਘ ਕਲਿਆਣ
ਨਥਾਣਾ, 5 ਜੂਨ: ਹਾੜੀ ਦੀ ਫ਼ਸਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਨੂੰ ਲੈਕੇ ਅੱਜ ਪੰਜਵੇਂ ਦਿਨ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਡਕੌਂਦਾ, ਸਿੱਧੂਪੁਰ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਸਬ – ਤਹਿਸੀਲ ਨਥਾਣਾ ਵਿਖੇ ਧਰਨਾ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਚੋਣਾਂ ਵੇਲੇ ਕਹਿੰਦਾ ਸੀ ਕਿ ਜੇਕਰ ਕਿਸੇ ਵੀ ਕਿਸਾਨ ਦੀ ਫਸਲ ਕੁਦਰਤੀ ਆਫ਼ਤ ਦੇ ਨਾਲ ਤਬਾਹ ਹੁੰਦੀ ਹੈ ਤਾਂ ਵੀਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਤੁਰੰਤ ਦਿੱਤਾ ਜਾਰੀ ਕੀਤਾ ਜਾਵੇਗਾ, ਗਿਰਦਾਵਰੀਆਂ ਬਾਅਦ ਵਿੱਚ ਹੁੰਦੀਆਂ ਰਹਿਣਗੀਆਂ। ਪਰ ਜਦੋਂ ਇਸ ਵਾਰ ਕਣਕ ਅਤੇ ਹੋਰ ਫਸਲਾ ਦੇ ਨੁਕਸਾਨ ਦੀ ਗਿਰਦਾਵਰੀਆਂ ਵੀ ਹੋ ਗਈਆ ਪਰ ਅਜੇ ਤੱਕ ਕਿਸੇ ਵੀ ਕਿਸਾਨ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਜਦੋਂ ਮੁਆਵਜ਼ੇ ਨੂੰ ਲੈਕੇ 1 ਜੂਨ ਨੂੰ ਤਹਿਸੀਲ ਵਿੱਚ ਅਣਮਿੱਥੇ ਸਮੇਂ ਦਾ ਧਰਨਾ ਲਗਾ ਦਿੱਤਾ ਤਾਂ ਤਹਿਸੀਲਦਾਰ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਆਗੂਆਂ ਦੀ ਮੰਗ ਦੇ ਅਨੁਸਾਰ 5 ਜੂਨ ਤੱਕ ਮੁਆਵਜ਼ੇ ਦੀਆ ਲਿਸਟਾਂ ਕਿਸਾਨ ਆਗੂਆਂ ਨੂੰ ਸੋਂਪਣ ਦਾ ਵਾਅਦਾ ਕੀਤਾ ਸੀ ਜੋ ਪੂਰਾ ਨਹੀ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਆਗੂ ਰਾਜਮਿੰਦਰ ਸਿੰਘ ਕੋਟਭਾਰਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਸੰਦੋਹਾ ਨੇ ਵੀ ਸੰਬੋਧਨ ਕੀਤਾ।ਇਸ ਧਰਨੇ ਵਿੱਚ ਕੌਮਾਂਤਰੀ ਖਿਡਾਰਨਾਂ ਦੇ ਹੱਕ ਵਿੱਚ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿਰਜ ਭੂਸ਼ਨ ਦਾ ਪੁਤਲਾ ਫ਼ੂਕਿਆ ਗਿਆ। ਅੱਜ ਦੇ ਧਰਨੇ ਦੌਰਾਨ ਨੌਜਵਾਨ ਭਾਰਤ ਸਭਾ ਦੇ ਆਗੂ ਬਲਕਰਨ ਸਿੰਘ ਅਤੇ ਔਰਤ ਆਗੂ ਸੁਖਜੀਤ ਕੌਰ ਨੇ ਵੀ ਸੰਬੋਧਨ ਕੀਤਾ।
ਨਥਾਣਾ ਵਿਖੇ ਪੰਜਵੇਂ ਦਿਨ ਵੀ ਧਰਨਾ ਰਿਹਾ ਜਾਰੀ
10 Views