ਸੁਖਜਿੰਦਰ ਮਾਨ
ਬਠਿੰਡਾ, 4 ਮਾਰਚ: ਨਰਮੇਂ ਦੀ ਆਉਣ ਵਾਲੀ ਫ਼ਸਲ ਵਿੱਚ ਗੁਲਾਬੀ ਸੁੰਡੀ ਦੇ ਸੰਭਾਵੀ ਹਮਲੇ ਨੂੰ ਰੋਕਣ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ: ਗੁਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ: ਪਾਖਰ ਸਿੰਘ ਦੀ ਦੇਖਰੇਖ ਹੇਠ ਬਲਾਕ ਬਠਿੰਡਾ ਦੇ ਵੱਖ ਵੱਖ ਪਿੰਡਾਂ ਵਿੱਚ ਖੇਤੀਬਾੜੀ ਅਫ਼ਸਰ ਡਾ: ਜਗਦੀਸ਼ ਸਿੰਘ ਦੀ ਅਗਵਾਈ ’ਚ ਕਿਸਾਨ ਸਿਖਲਾਈ ਕੈਂਪਾਂ ਅਤੇ ਨੁੱਕੜ ਮੀਟਿੰਗਾਂ ਦਾ ਆਯੋਜਨ ਕਰਕੇ ਕਿਸਾਨਾਂ ਨੂੰ ਸੁੰਡੀ ਦੇ ਹਮਲੇ ਦੀ ਰੋਕਥਾਮ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ: ਜਗਪਾਲ ਸਿੰਘ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪਿਛਲੇ ਸਾਲ ਹੋਏ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਇਸ ਕੀੜੇ ਦਾ ਲਾਰਵਾ ਨਰਮੇਂ ਦੀਆਂ ਛਟੀਆਂ ਦੇ ਢੇਰਾਂ ਵਿੱਚ ਕਾਣੇ ਟੀਂਡਿਆਂ ਅਤੇ ਫੁੱਟੀਆਂ ਵਿੱਚ ਮੌਜੂਦ ਹੈ, ਜੋ ਅਨੁਕੂਲ ਸਮਾਂ ਆਉਣ ਤੇ ਨਰਮੇਂ ਦੇ ਖੇਤਾਂ ਵਿੱਚ ਫੈਲ ਕੇ ਫ਼ਸਲ ਦਾ ਵੱਡਾ ਨੁਕਸਾਨ ਕਰ ਸਕਦਾ ਹੈ। ਉਹਨਾਂ ਕਿਹਾ ਕਿ ਇਸ ਸੁੰਡੀ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਹੁਣੇ ਤੋਂ ਪ੍ਰਬੰਧ ਕਰਨ ਦੀ ਜਰੂਰਤ ਹੈ। ਉਹਨਾਂ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਗੁਲਾਬੀ ਸੁੰਡੀ ਦੇ ਰੋਕਥਾਮ ਲਈ ਛਟੀਆਂ ਨਾਲ ਲੱਗੇ ਖਿੜੇ ਅਤੇ ਅਣਖਿੜੇ ਟੀਡਿਆਂ ਨੂੰ ਝਾੜ ਤੋੜ ਕੇ ਹੇਠਾਂ ਬਚੀ ਰਹਿੰਦ ਖੂੰਹਦ ਸਮੇਤ ਮਾਰਚ ਮਹੀਨੇ ਦੇ ਅਖ਼ੀਰ ਤੱਕ ਹਰ ਹਾਲਤ ’ਚ ਨਸ਼ਟ ਕਰ ਦਿੱਤਾ ਜਾਵੇ। ਗਰਾਮ ਪੰਚਾਇਤ ਪਿੰਡ ਫੂਸ ਮੰਡੀ ਨਾਲ ਕੀਤੀ ਮੀਟਿੰਗ ਵਿੱਚ ਡਾ: ਜਗਦੀਸ਼ ਸਿੰਘ ਅਪੀਲ ਕੀਤੀ ਕਿ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਪੰਚਾਇਤਾਂ ਵੱਲੋਂ ਸਹਿਯੋਗ ਦਿੱਤਾ ਜਾਵੇ ਤਾਂ ਜੋ ਨਰਮੇਂ ਦੀ ਫ਼ਸਲ ਤੇ ਹੋਣ ਵਾਲੀਆਂ ਕੀੜੇਮਾਰ ਦਵਾਈਆਂ ਦੀਆਂ ਸਪਰੇਆਂ ਨੂੰ ਘਟਾ ਕੇ ਮੁਨਾਫ਼ਾ ਵਧਾਇਆ ਜਾ ਸਕੇ। ਮੀਟਿੰਗ ਵਿੱਚ ਸ੍ਰੀ ਗੁਰਮਿਲਾਪ ਸਿੰਘ ਬੀ ਟੀ ਐੱਮ, ਸ੍ਰੀਮਤੀ ਅਮਨਵੀਰ ਕੌਰ ਖੇਤੀਬਾੜੀ ਉਪ ਨਿਰੀਖਕ, ਸਰਪੰਚ ਸ੍ਰੀ ਗੁਰਤੇਜ ਸਿੰਘ ਸਮੇਤ ਪੰਚ ਤੇ ਪਿੰਡ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।
Share the post "ਨਰਮੇ ਤੇ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਹੁਣੇ ਤੋਂ ਪ੍ਰਬੰਧ ਕਰਨ ਦੀ ਲੋੜ"