ਸੁਵਿਧਾ ਕੇਂਦਰ ’ਚ ਪੁੱਜੀ ਵਿਤ ਮੰਤਰੀ ਦੀ ਪਤਨੀ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਾ ਕੀਤਾ ਘਿਰਾਓ
ਸੁਖਜਿੰਦਰ ਮਾਨ
ਬਠਿੰਡਾ, 28 ਅਕਤੂਬਰ: ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਅੱਜ ਸੈਕੜੇ ਕਿਸਾਨਾਂ ਨੇ ਚੌਥੇ ਦਿਨ ਵੀ ਸਥਾਨਕ ਸਕੱਤਰੇਤ ਦੇ ਘਿਰਾਓ ਨੂੰ ਜਾਰੀ ਰੱਖਿਆ। ਇਸਤੋਂ ਇਲਾਵਾ ਟਿਕਰੀ ਬਾਰਡਰ ’ਤੇ ਟਿੱਪਰ ਹੇਠ ਆਉਣ ਕਾਰਨ ਫ਼ੌਤ ਹੋ ਗਈਆਂ ਕਿਸਾਨ ਬੀਬੀਆਂ ਦੀ ਆਤਮਿਕ ਸ਼ਾਂਤੀ ਲਈ ਮੌਨ ਰੱਖਿਆ ਗਿਆ। ਇਸ ਦੌਰਾਨ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਆਦਰਸ ਸਕੂਲ ਵਿਚ ਲਗਾਏ ਸੁਵਿਧਾ ਕੈਂਪ ਵਿਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਆਉਣ ਦੀ ਕੰਨਸੋਅ ਮਿਲਣ ’ਤੇ ਵੱਡੀ ਗਿਣਤੀ ਵਿਚ ਸੈਕੜੇ ਕਿਸਾਨਾਂ ਦਾ ਕਾਫ਼ਲਾ ਬਾਦਲ ਰੋਡ ਸਥਿਤ ਸਕੂਲ ਕੋਲ ਪੁੱਜ ਗਿਆ। ਹਾਲਾਂਕਿ ਵਿਤ ਮੰਤਰੀ ਇਸ ਸਮਾਗਮ ਵਿਚ ਨਹੀਂ ਪੁੱਜੇ ਹੋਏ ਸਨ ਪ੍ਰੰਤੂ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਵੀਨੂੰ ਬਾਦਲ ਕਿਸਾਨਾਂ ਦੀ ਆਮਦ ਨੂੰ ਦੇਖਦਿਆਂ ਮੌਕੇ ਤੋਂ ਚਲੇ ਗਏ ਜਦੋਂਕਿ ਰੋਹ ਵਿਚ ਆਏ ਕਿਸਾਨਾਂ ਨੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਹਿਤ ਹੋਰਨਾਂ ਨੂੰ ਘੇਰ ਲਿਆ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਵਿਤ ਮੰਤਰੀ ਵਿਰੁਧ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਚੰਨੀ ਸਰਕਾਰ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਦਸਣਾ ਬਣਦਾ ਹੈ ਕਿ ਬੀਤੇ ਕੱਲ ਸ਼ਹਿਰ ਵਿਚ ਮੁੱਖ ਮੰਤਰੀ ਦੇ ਲੱਗੇ ਹੋਰਡਿੰਗਾਂ ਤੇ ਫਲੈਕਸਾਂ ਨੂੰ ਉਤਾਰਨ ਦੇ ਇਲਾਵਾ ਸਰਕਾਰੀ ਬੱਸਾਂ ਮਗਰ ਲੱਗੇ ਬੈਨਰਾਂ ਉਪਰ ਕਾਲਖ਼ ਪੋਤੀ ਗਈ ਸੀ। ਅੱਜ ਦੇ ਘਿਰਾਓ ਦੌਰਾਨ ਲੱਗੀਆਂ ਸਟੇਜ਼ਾਂ ਨੂੰ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਮਾਲਣ ਕੌਰ ਕੋਠਾਗੁਰੂ, ਮਨਜੀਤ ਕੌਰ ਤੋਲਾਵਾਲ, ਸਰਬਜੀਤ ਕੌਰ ਘੋਲੀਆ, ਕਮਲਜੀਤ ਕੌਰ ਬਰਨਾਲਾ ਆਦਿ ਨੇ ਸੰਬੋਧਨ ਕਰਦਿਆਂ ਕਾਂਗਰਸ ਦੀ ਚੰਨੀ ਸਰਕਾਰ ‘ਤੇ ਦੋਸ ਲਾਇਆ ਕਿ ਕਿਸਾਨਾਂ ਨਾਲ ਨਕਲੀ ਹੇਜ਼ ਜਤਾ ਰਹੀ ਉਕਤ ਸਰਕਾਰ ਦੀ ਬਿੱਲੀ ਥੈਲਿਓ ਬਾਹਰ ਆ ਗਈ ਹੈ, ਕਿਉਂਕਿ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਪੂਰਾ ਢੁੱਕਵਾਂ ਮੁਆਵਜਾ ਲੈਣ ਲਈ ਖਜਾਨਾ ਮੰਤਰੀ ਦੇ ਬੰਗਲੇ ਦੇ ਘਿਰਾਓ ਨੂੰ ਵੀ 15 ਦਿਨ ਨਜਰਅੰਦਾਜ ਕਰੀ ਰੱਖਿਆ ਅਤੇ ਹੁਣ ਸਕੱਤਰੇਤ ਘਿਰਾਓ ਦੇ ਚੌਥੇ ਦਿਨ ਵੀ ਮੁਜਰਮਾਨਾ ਚੁੱਪ ਧਾਰੀ ਹੋਈ ਹੈ। ਉਲਟਾ ਚੰਨੀ ਸਰਕਾਰ ਵੱਲੋਂ ਸਰਕਾਰੀ ਬੱਸਾਂ ਅਤੇ ਸਹਿਰਾਂ/ਪਿੰਡਾਂ ਦੇ ਚੌਕਾਂ ‘ਚ ਵੱਡੇ ਬੈਨਰ ਲਗਵਾ ਕੇ ਪੀੜਤ ਕਿਸਾਨਾਂ ਨੂੰ ਨਰਮੇ ਦਾ ਮੁਆਵਜਾ ਦੇਣ ਬਾਰੇ ਨੰਗਾ ਚਿੱਟਾ ਝੂਠ ਬੋਲਿਆ ਗਿਆ ਹੈ ਜਿਹੜੇ ਕਿ ਅੱਜ ਵੀ ਬਠਿੰਡੇ ਸਮੇਤ ਕਈਂ ਜਿਲ੍ਹਿਆਂ ਵਿੱਚ ਲਾਹੇ/ਪੋਚੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨਰਮੇ ਅਤੇ ਝੋਨੇ ਦੀ ਤਬਾਹੀ ਤੋਂ ਪੀੜਤ ਕਿਸਾਨਾਂ ਨੂੰ 60000 ਰੁਪਏ ਪ੍ਰਤੀ ਏਕੜ ਅਤੇ ਨਰਮੇ ਵਾਲੇ ਪਿੰਡਾਂ ਦੇ ਖੇਤ ਮਜਦੂਰਾਂ ਨੂੰ 30000 ਰੁਪਏ ਪ੍ਰਤੀ ਪ੍ਰਵਾਰ ਮੁਆਵਜਾ ਦਿੱਤਾ ਜਾਵੇ। ਤਬਾਹੀ ਦੀਆਂ ਦੋਸੀ ਨਕਲੀ ਬੀਜ/ਦਵਾਈਆਂ ਬਣਾਉਣ ਵੇਚਣ ਵਾਲੀਆਂ ਕੰਪਨੀਆਂ ਤੇ ਉਨ੍ਹਾਂ ਨਾਲ ਮਿਲੀਭੁਗਤ ਦੇ ਸਰਕਾਰੀ ਦੋਸੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ।ਇਸ ਤਬਾਹੀ ਤੋਂ ਪੀੜਤ ਖੁਦਕੁਸੀਆਂ ਦਾ ਸਕਿਾਰ ਹੋਏ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜਾ ਤੇ ਮੁਕੰਮਲ ਕਰਜਾ ਮੁਕਤੀ ਤੋਂ ਇਲਾਵਾ 1-1 ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
Share the post "ਨਰਮੇ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਚੌਥੇ ਦਿਨ ਵੀ ਘਿਰਾਓ ਜਾਰੀ"