ਰਿਹਾਈ ਨਾ ਹੋਣ ਕਾਰਨ ਸਮਰਥਕਾਂ ਦੀਆਂ ਤਿਆਰੀਆਂ ਧਰੀਆਂ ਧਰਾਈਆਂ ਰਹਿ ਗਈਆਂ
ਸੁਖਜਿੰਦਰ ਮਾਨ
ਬਠਿੰਡਾ, 26 ਜਨਵਰੀ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪਟਿਆਲਾ ਜੇਲ੍ਹ ’ਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ ਦੀ ਅੱਜ ਸੰਭਾਵਤ ਮੰਨੀ ਜਾ ਰਹੀ ਰਿਹਾਈ ਨੂੰ ਲੈ ਕੇ ਬੀਤੀ ਰਾਤ ਹੀ ਬਠਿੰਡਾ ਸ਼ਹਿਰ ਵਿਚ ਵੀ ਪੋਸਟਰ ਲੱਗ ਗਏ। ਇਸਤੋਂ ਇਲਾਵਾ ਜ਼ਿਲ੍ਹੇ ਵਿਚ ਵੱਡੀ ਪੱਧਰ ’ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਸਵਾਗਤ ਲਈ ਜਾਣ ਨੂੰ ਲੈ ਕੇ ਪ੍ਰਬੰਧ ਵੀ ਕੀਤੇ ਗਏ ਸਨ ਪ੍ਰੰਤੂ ਅੱਜ ਰਿਹਾਈ ਨਾ ਹੋਣ ਕਾਰਨ ਇਹ ਸਾਰੇ ਪ੍ਰਬੰਧ ਧਰੇ-ਧਰਾਏ ਹੀ ਰਹਿ ਗਏ। ਸਿੱਧੂ ਸਮਰਥਕ ਇਸਦੇ ਲਈ ਪੰਜਾਬ ਸਰਕਾਰ ਨੂੰ ਕੋਸਦੇ ਨਜ਼ਰ ਆਏ ਤੇ ਉਨ੍ਹਾਂ ਵਿਚ ਉਦਾਸੀ ਵਾਲਾ ਮਾਹੌਲ ਵੀ ਦੇਖਣ ਨੂੰ ਮਿਲਿਆ। ਬਠਿੰਡਾ ਪੱਟੀ ’ਚ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵਿਚ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਤੋਂ ਇਲਾਵਾ ਮੋੜ ਹਲਕੇ ਦੇ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਮਾਨਸਾ ਹਲਕੇ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਸਵਾਗਤ ਲਈ ਪਟਿਆਲਾ ਜਾਣ ਵਾਸਤੇ ਵੱਡੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ। ਪ੍ਰੰਤੂ ਜਦ ਹੀ ਇਹ ਖ਼ਬਰ ਮਿਲਣੀ ਸ਼ੁਰੂ ਹੋਈ ਕਿ ਪੰਜਾਬ ਸਰਕਾਰ ਅੱਜ ਨਵਜੋਤ ਸਿੰਘ ਸਿੱਧੂ ਨੂੰ ਰਿਹਾਅ ਨਹੀਂ ਕਰ ਰਹੀ ਤਾਂ ਉਨ੍ਹਾਂ ਨੂੰ ਵੀ ਨਿਰਾਸ਼ਾ ਹੋਣ ਲੱਗੀ ਪ੍ਰੰਤੂ ਨਾਲ ਹੀ ਸਰਕਾਰ ਵਿਰੁਧ ਰੋਸ਼ ਵੀ ਪੈਦਾ ਹੋਇਆ। ਹਰਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਅਜਿਹਾ ਕਰ ਰਹੀ ਹੈ ਕਿਉਂਕਿ ਉਸਨੂੰ ਡਰ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਜੋਲ੍ਹ ਤੋਂ ਬਾਹਰ ਆਉਂਦੇ ਹਨ ਤਾਂ ਉਸਦੀਆਂ ਨਾਕਾਮੀਆਂ ਨੂੰ ਪੂਰੇ ਜੋਰ ਸ਼ੋਰ ਨਾਲ ਚੁੱਕਣਗੇ ਤੇ ਪਹਿਲਾਂ ਹੀ ਜਨਤਾ ਦੀਆਂ ਨਜ਼ਰਾਂ ਵਿਚ ਡਿੱਗ ਚੁੱਕੀ ਸਰਕਾਰ ਨੂੰ ਹੋਰ ਵਿਰੋਧਤਾ ਦਾ ਸਾਹਮਣਾ ਕਰਨਾ ਪਏਗਾ। ਉਨ੍ਹਾਂ ਕਿਹਾ ਕਿ ਸੱਚ ਨੂੰ ਥੋੜੇ ਸਮੇਂ ਲਈ ਦਬਾਇਆ ਜਾ ਸਕਦਾ ਹੈ ਪ੍ਰੰਤੂ ਮਾਰਿਆ ਨਹੀਂ ਜਾ ਸਕਦਾ।
ਨਵਜੋਤ ਸਿੱਧੂ ਦੀ ਰਿਹਾਈ ਦੇ ਸਵਾਗਤ ਲਈ ਬਠਿੰਡਾ ’ਚ ਵੀ ਲੱਗੇ ਪੋਸਟਰ
6 Views