ਬਠਿੰਡਾ ਸ਼ਹਿਰੀ ਦੇ ਨਾਲ-ਨਾਲ ਦਿਹਾਤੀ ਦੇ ਸਮਾਗਮ ਰੱਖਣੇ ਕੀਤੇ ਸ਼ੁਰੂ
ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ :-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜਦੀਕੀ ਮੰਨੇ ਜਾਂਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਰੁਧ ‘ਅਸਿੱਧੇ’ ਢੰਗ ਨਾਲ ਮੋਰਚਾ ਖ਼ੋਲ ਦਿੱਤਾ ਹੈ। ਬੀਤੇ ਦਿਨੀਂ ਸਿੱਧੂ ਵਲੋਂ ਮਨਪ੍ਰੀਤ ਵਿਰੋਧੀ ਮੰਨੇ ਜਾਂਦੇ ਬਠਿੰਡਾ ਦਿਹਾਤੀ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਦੇ ਹਲਕੇ ’ਚ ਰੱਖੀ ਪ੍ਰਭਾਵਸ਼ਾਲੀ ਰੈਲੀ ਵਿਚ ਉਸਨੂੰ ਅਗਲਾ ਉਮੀਦਵਾਰ ਐਲਾਨਿਆ ਸੀ। ਜਿਸਤੋਂ ਬਾਅਦ ਲਾਡੀ ਦੇ ਵਧਦੇ ਪ੍ਰਭਾਵ ਨੂੰ ਠੱਲਣ ਲਈ ਮੋਰਚੇ ਦੀ ਕਮਾਂਡ ਖ਼ੁਦ ਵਿਤ ਮੰਤਰੀ ਨੇ ਸੰਭਾਲ ਲਈ ਹੈ। ਸੂਚਨਾ ਮੁਤਾਬਕ ਬਠਿੰਡਾ ਸ਼ਹਿਰੀ ਹਲਕੇ ਦੇ ਨੁਮਾਇੰਦੇ ਹੋਣ ਦੇ ਬਾਵਜੂਦ ਮਨਪ੍ਰੀਤ ਬਾਦਲ ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ਵਿਚ ਮੀਟਿੰਗਾਂ ਕਰਕੇ ਪਿਛਲੇ ਦੋ ਦਿਨਾਂ ਤੋਂ ਹਰਵਿੰਦਰ ਸਿੰਘ ਲਾਡੀ ਦੇ ਵਿਰੋਧੀ ਮੰਨੇ ਜਾਣ ਵਾਲੇ ਧੜੇ ਨੂੰ ਥਾਪੜਾ ਦੇ ਰਹੇ ਹਨ। ਇਹੀਂ ਨਹੀਂ ਸਿਆਸੀ ਤੌਰ ’ਤੇ ਲਾਡੀ ਦਾ ਪੱਤਾ ਕੱਟਣ ਲਈ ਸ: ਬਾਦਲ ਅਪਣੇ ਨਾਲ ਇੰਨ੍ਹਾਂ ਦੌਰਿਆਂ ਵਿਚ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੂੰ ਵੀ ਲਿਜਾ ਰਹੇ ਹਨ ਤੇ ਨਾਲ ਹੀ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਨੂੰ ਅੱਗੇ ਕਰ ਰਹੇ ਹਨ। ਦਸਣਾ ਬਣਦਾ ਹੈ ਕਿ 13 ਦਸੰਬਰ ਨੂੰ ਹੋਈ ਰੈਲੀ ਵਿਚ ਹਰਵਿੰਦਰ ਲਾਡੀ ਨੇ ਅਪਣੇ ਭਾਸਣ ਵਿਚ ਸਪੱਸ਼ਟ ਤੌਰ ’ਤੇ ਵਿਤ ਮੰਤਰੀ ਉਪਰ ਨਿਸ਼ਾਨਾ ਵਿੰਨਦਿਆਂ ਦਾਅਵਾ ਕੀਤਾ ਸੀ ਕਿ ਉਸਨੂੰ ਅਪਣੇ ਹਲਕੇ ਵਿਚ ਐਸ.ਐਚ.ਓ ਲਗਾਉਣ ਦਾ ਵੀ ਅਧਿਕਾਰ ਨਹੀਂ ਤੇ ਨਾਲ ਹੀ ਪੰਜਾਬ ਸਰਕਾਰ ਵਲੋਂ ਹਲਕੇ ਦੇ ਵਿਕਾਸ ਕੰਮਾਂ ਲਈ ਭੇਜੇ ਕਰੋੜਾਂ ਰੁਪਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੋਕ ਕੇ ਰੱਖੇ ਹੋਏ ਹਨ। ਹਾਲਾਂਕਿ ਉਕਤ ਰੈਲੀ ਵਿਚ ਨਵਜੋਤ ਸਿੰਘ ਸਿੱਧੂ ਨੇ ਅਪਣੇ ਅੰਦਾਜ਼ ਵਿਚ ਅੱਗੇ ਤੋਂ ਲਾਡੀ ਦੇ ਹਲਕੇ ਵਿਚ ਕਿਸੇ ਹੋਰ ਆਗੂ ਦੀ ਦਖਲਅੰਦਾਜ਼ੀ ਨਾ ਹੋਣ ਦੇਣ ਦੇ ਦਾਅਵਾ ਕੀਤਾ ਸੀ ਪ੍ਰੰਤੂ ਹੁਣ ਵਿਤ ਮੰਤਰੀ ਨੇ ਪ੍ਰਧਾਨ ਦੇ ਦਾਅਵਿਆਂ ਦੀ ਫ਼ੂਕ ਕੱਢਣ ਲਈ ਅਪਣੇ ਪ੍ਰੋਗਰਾਮ ਉਲੀਕ ਲਏ ਹਨ। ਲਾਡੀ ਵਿਰੋਧੀ ਧੜੇ ਦੇ ਮੰਨੇ ਜਾਂਦੇ ਹਲਕੇ ਦੇ ਇੱਕ ਸੀਨੀਅਰ ਆਗੂ ਨੇ ਦਾਅਵਾ ਕੀਤਾ ਕਿ ਹੁਣ ਵਿਤ ਮੰਤਰੀ ਵਲੋਂ ਹਰ ਹਫ਼ਤੇ ਵਿਚ ਇੱਕ-ਦੋ ਪ੍ਰੋਗਰਾਮ ਬਠਿੰਡਾ ਦਿਹਾਤੀ ਹਲਕੇ ਵਿਚ ਰੱਖੇ ਜਾਇਆ ਕਰਨਗੇ। ਬੀਤੇ ਕੱਲ ਜਿੱਥੇ ਵਿਤ ਮੰਤਰੀ ਵਲੋਂ ਸਾਬਕਾ ਬਲਾਕ ਪ੍ਰਧਾਨ ਪਰਵਿੰਦਰ ਸਿੰਘ ਸ਼ਰਨੀ ਦੇ ਘਰ ਪ੍ਰਭਾਵਸ਼ਾਲੀ ਪ੍ਰੋਗਰਾਮ ਰੱਖਿਆ ਸੀ, ਉਥੇ ਅੱਜ ਹਰਦੀਪ ਸਿੰਘ ਜੈ ਸਿੰਘ ਵਾਲਾ ਦੇ ਪਿੰਡ ਇੱਕ ਵੱਡੀ ਮੀਟਿੰਗ ਕੀਤੀ ਗਈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪੰਜਾਬ ਦੇ ਵਿਚੋਂ ਵਾਹਦ ਹਰਵਿੰਦਰ ਸਿੰਘ ਲਾਡੀ ਹੀ ਇੱਕੋ-ਇੱਕ ਅਜਿਹੇ ਕਾਂਗਰਸੀ ਲੀਡਰ ਹਨ, ਜਿੰਨ੍ਹਾਂ ਨੇ ਖੁੱਲੇ ਤੌਰ ’ਤੇ ਨਾ ਸਿਰਫ਼ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਲਕਿ ਉਨ੍ਹਾਂ ਦੇ ਪ੍ਰਵਾਰ ’ਤੇ ਗੰਭੀਰ ਦੋਸ਼ ਲਗਾਉਂਦਿਆਂ ਬਠਿੰਡਾ ਲੋਕ ਸਭਾ ਹਲਕੇ ਤੋਂ 2019 ਵਿਚ ਪਾਰਟੀ ਉਮੀਦਵਾਰ ਰਾਜਾ ਵੜਿੰਗ ਨੂੰ ਹਰਾਉਣ ਦੇ ਦੋਸ਼ ਲਗਾਏ ਸਨ। ਜਿਸਤੋਂ ਬਾਅਦ ਦੋਨਾਂ ਧੜਿਆਂ ਵਿਚ ਕੁੜੱਤਣ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਹੈਰਾਨੀਜਨਕ ਗੱਲ ਇੱਥੇ ਇਹ ਵੀ ਹੈ ਕਿ ਕਿਸੇ ਸਮੇਂ ਲਾਡੀ ਮਨਪ੍ਰੀਤ ਬਾਦਲ ਦੇ ਅਤਿ ਨਜਦੀਕੀਆਂ ਵਿਚ ਸ਼ੁਮਾਰ ਸਨ ਤੇ ਉਨ੍ਹਾਂ ਦੀ ਪੀਪਲਜ਼ ਪਾਰਟੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸ: ਬਾਦਲ ਨੇ ਲਾਡੀ ਨੂੰ ਬਠਿੰਡਾ ਦਿਹਾਤੀ ਹਲਕੇ ਵਿਚੋਂ ਟਿਕਟ ਦਿਵਾਉਣ ਵਿਚ ਵੀ ਯੋਗਦਾਨ ਪਾਇਆ ਸੀ ਪ੍ਰੰਤੂ ਬਾਅਦ ਵਿਚ ਹਲਕੇ ’ਚ ਲਾਡੀ ਨੂੰ ਸੋਅ-ਪੀਸ ਬਣਾਉਣ ਦੇ ਚੱਲਦਿਆਂ ਦੋਨਾਂ ਦੇ ਸਬੰਧਾਂ ਵਿਚ ਤਰੇੜ ਪੈਣੀ ਸ਼ੁਰੂ ਹੋ ਗਈ ਸੀ ਤੇ ਜਿਹੜੀ ਹੁਣ ਸੀਮੇਂਟ ਦੀ ਕੰਧ ਬਣ ਗਈ ਹੈ।
ਬਾਕਸ
ਹਲਕੇ ’ਚ ਦਖ਼ਲਅੰਦਾਜ਼ੀ ਦੀ ਜਾਣਕਾਰੀ ਹਾਈਕਮਾਂਡ ਨੂੰ ਦਿੱਤੀ: ਲਾਡੀ
ਬਠਿੰਡਾ: ਉਧਰ ਇਸ ਮਾਮਲੇ ਵਿਚ ਪੱਖ ਜਾਣਨ ਲਈ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਤਾਂ ਸੰਪਰਕ ਨਹੀਂ ਹੋ ਸਕਿਆ ਪ੍ਰੰਤੂ ਬਠਿੰਡਾ ਦਿਹਾਤੀ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਨੇ ਕਿਹਾ ਕਿ ‘‘ ਕਾਂਗਰਸ ਹਾਈਕਮਾਂਡ ਦੇ ਹੁਕਮਾਂ ਦੇ ਉਲਟ ਵਿਤ ਮੰਤਰੀ ਉਨ੍ਹਾਂ ਦੇ ਹਲਕੇ ਵਿਚ ਲਗਾਤਾਰ ਦਖ਼ਲਅੰਦਾਜ਼ੀ ਕਰ ਰਹੇ ਹਨ ਤੇ ਇੱਥੋਂ ਤੱਕ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤੁਲਨਾ ਇੱਕ ਬੇਲਗਾਮ ਘੋੜੇ ਨਾਲ ਕਰ ਰਹੇ ਹਨ, ਜਿਸਦੀ ਜਾਣਕਾਰੀ ਉਨ੍ਹਾਂ ਹਾਈਕਮਾਂਡ ਤੱਕ ਪਹੁੰਚਾ ਦਿੱਤੀ ਹੈ ਤੇ ਉਮੀਦ ਹੈ ਕਿ ਜਲਦ ਹੀ ਕੋਈ ਕਾਰਵਾਈ ਹੋਵੇਗੀ। ’’