ਬਿਨ੍ਹਾਂ ਕਿਸੇ ਦੁਕਾਨਦਾਰ ਦੇ ਵਿਦਿਆਰਥੀ ਖੁਦ ਜਰੂਰਤ ਮੁਤਾਬਕ ਸਮਾਨ ਖਰੀਦ ਕੇ ਗੱਲੇ ਵਿਚ ਪਾਉਣਗੇ ਪੈਸੇ
ਸੁਖਜਿੰਦਰ ਮਾਨ
ਬਠਿੰਡਾ, 19 ਮਈ : ਬੱਚਿਆਂ ’ਚ ਨੈਤਕਿਤਾ ਤੇ ਇਮਾਨਦਾਰੀ ਦਾ ਜਜਬਾ ਪੈਦਾ ਕਰਨ ਲਈ ਸ਼ਹਿਰ ਦੀਆਂ ਪ੍ਰਮੁੱਖ ਸਖ਼ਸੀਅਤਾਂ ਵਲੋਂ ਬਣਾਈ ‘ਪੰਜਾਬੀ ਹਿਤੈਸੀ ਸੱਥ’ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਸਹਿਰ ਦੇ ਇੱਕ ਸਕੂਲ ਵਿਚ ‘ਇਮਾਨਦਾਰੀ ਦੀ ਹੱਟੀ’ ਖੋਲੀ ਹੈ। ਇਸ ਹੱਟੀ ਦੀ ਵਿਸੇਸਤਾ ਇਹ ਹੈ ਕਿ ਇਸਦੇ ਵਿਚ ਸਮਾਨ ਵੇਚਣ ਲਈ ਕੋਈ ਦੁਕਾਨਦਾਰ ਜਾਂ ਮੁਲਾਜਮ ਨਹੀਂ ਹੋਵੇਗਾ, ਬਲਕਿ ਬੱਚੇ ਖੁਦ ਜਰੂਰਤ ਮੁਤਾਬਕ ਸਮਾਨ ਦੁਕਾਨ ਵਿਚੋਂ ਖਰੀਦਣਗੇ ਤੇ ਉਸਦੇ ਬਦਲੇ ਇੱਥੇ ਰੱਖੇ ਗੱਲੇ ਵਿਚ ਪੈਸਿਆਂ ਦਾ ਭੁਗਤਾਨ ਕਰਨਗੇ। ਅੱਜ ਸਵੇਰੇ ਸਥਾਨਕ ਐਸ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਹੱਟੀ ਖੋਲਣ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਸਰਮਾ ਜੀ ਦੀ ਅਗਵਾਈ ਹੇਠ ਇੱਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਨੂੰ ਨੈਤਿਕ ਸਿੱਖਿਆ ਅਤੇ ਸਮਾਜ ਸੁਧਾਰ ਸੰਬੰਧੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਸੱਥ ਦੇ ਮੁੱਖ ਬੁਲਾਰੇ ਇੰਜ: ਦਰਸ਼ਨ ਸਿੰਘ ਭੁੱਲਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਘਬਰਾਉਣਾ ਨਹੀ ਚਾਹੀਦਾ, ਬਲਕਿ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਹੈ।ਉਹਨਾਂ ਕਿਹਾ ਕਿ ਵੇਦਾਂ ਅਨੁਸਾਰ ਸਾਰੀ ਦੁਨੀਆਂ ਇੱਕ ਪਰਿਵਾਰ ਹੈ।ਇਸ ਪਰਿਵਾਰ ਨੂੰ ਪਿਆਰ-ਮੁਹੱਬਤ ਕਰੋਂਗੇ ਤਾਂ ਦੁਨੀਆਂ ਵਿੱਚ ਅਮਨ ਸ਼ਾਤੀ ਹੋਏਗੀ। ਉਹਨਾਂ ਦੱਸਿਆ ਕਿ ਅਧਿਆਪਕ ਗੁਰੂ ਸਮਾਨ ਹੁੰਦੇ ਹਨ ਬੱਚਿਆਂ ਅਤੇ ਸਮਾਜ ਨੂੰ ਅਧਿਆਪਕ ਦਾ ਸਨਮਾਨ ਕਰਨਾ ਚਾਹੀਦਾ ਹੈ। ਇੰਜ: ਕਰਨੈਲ ਸਿੰਘ ਮਾਨ ਨੇ ਬੱਚਿਆਂ ਨੂੰ ਅਪਣੀ ਜਿੰਦਗੀ ਦੇ ਤਜ਼ਰਬੇ ਸਾਂਝੇ ਕਰਦੇ ਹੋਏ ਬੱਚਿਆਂ ਨੂੰ ਮਿਹਨਤ ਕਰਕੇ ਇਮਾਨਦਾਰ ਵਿਅਕਤੀ ਦੀ ਜਿੰਦਗੀ ਗੁਜ਼ਾਰਨ ਦੀ ਅਪੀਲ ਕੀਤੀ। ਮੁੱਖ ਇੰਜੀਨੀਅਰ (ਰਿਟ) ਇੰਜ: ਭੂਸ਼ਨ ਜਿੰਦਲ ਨੇ ਸੰਸਥਾ ਵੱਲੋਂ ਸਕੂਲ ਦੇ ਵੇਹੜੇ ਵਿੱਚ ਇਮਾਨਦਾਰੀ ਦੀ ਦੁਕਾਨ ਖੋਲਣ ਸੰਬੰਧੀ ਜਾਣਕਾਰੀ ਦਿੱਤੀ।ਉਸ ਦੁਕਾਨ ਦੇ ਕਾਉਂਟਰ ਤੇ ਕੋਈ ਵੀ ਮਾਲਕ ਨਹੀਂ ਹੋਵੇਗਾ।ਬੱਚੇ ਗੋਲਕ ਵਿੱਚ ਇੱਕ ਰੁਪਿਆ ਪਾ ਕੇ ਕੋਈ ਚੀਜ਼ ਜਿਵੇ ਕਾਪੀ, ਬਾਲ ਪੈੱਨ, ਪੈਨਸਲ, ਪੈਨਸਲ ਤਰਾਸ਼ ਜਾਂ ਰਬੜ ਉਥੋਂ ਲੈ ਸਕਣਗੇ।ਇਸਦਾ ਮਕਸਦ ਬੱਚਿਆਂ ਵਿੱਚ ਇਮਾਨਦਾਰੀ ਦੀ ਭਾਵਨਾਂ ਨੂੰ ਪ੍ਰਬਲ ਕਰਨਾ ਹੈ ਤਾਂ ਕਿ ਉਹ ਵੱਡੇ ਹੋ ਕੇ ਅਪਣੇ ਕੰਮ- ਕਾਜ ਵਿੱਚ ਵੀ ਇਮਾਂਨਦਾਰੀ ਵਰਤਣ।ਇਸ ਸਮਾਗਮ ਵਿੱਚ ਪੰਜਾਬ ਹਿਤੈਸ਼ੀ ਸੱਥ ਦੇ ਮੈਂਬਰ ਗੁਰਸੇਵਕ ਸਿੰਘ ਅਤੇ ਗਿਆਨ ਚੰਦ ਸ਼ਰਮਾ ਨੇ ਵੀ ਨੇ ਵੀ ਬੱਚਿਆਂ ਦਾ ਮਾਰਗ ਦਰਸ਼ਨ ਕੀਤਾ। ਸਟੇਜ ਦਾ ਸੰਚਾਲਨ ਸ੍ਰੀ ਪ੍ਰਵੀਨ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।
ਨਵੀਂ ਪਹਿਲਕਦਮੀ: ਬਠਿੰਡਾ ਦੇ ਸਕੂਲ ’ਚ ਖੁੱਲੀ ‘ਇਮਾਨਦਾਰੀ ਦੀ ਹੱੱਟੀ’
18 Views