ਸ਼ਹਿਰ ’ਚ ਵੱਖ ਵੱਖ ਥਾਵਾਂ ’ਤੇ ਨਸ਼ੇ ’ਚ ਬੇਹੋਸ਼ ਕੁੜੀਆਂ ਕਰਵਾਈਆਂ ਹਸਪਤਾਲ ਦਾਖ਼ਲ
ਸੁਖਜਿੰਦਰ ਮਾਨ
ਬਠਿੰਡਾ, 15 ਫਰਵਰੀ: ਸੂਬੇ ਦੇ ਨੌਜਵਾਨਾਂ ’ਚ ਵਧਦੀ ਨਸ਼ਿਆਂ ਦੀ ਲਤ ਨੇ ਹੁਣ ਕੁੜੀਆਂ ਨੂੰ ਵੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਮਹਾਂਨਗਰ ਵਿਚ ਵੀ ਕੁੜੀਆਂ ’ਚ ਨਸ਼ਿਆਂ ਦੀ ਵਧਦੀ ਬੀਮਾਰੀ ਕਾਰਨ ਮਾਪਿਆਂ ਵਿਚ ਫ਼ਿਕਰ ਵਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਨਸ਼ਿਆਂ ਦੇ ਕਾਰਨ ਬੇਹੋਸ਼ੀ ਦੀ ਹਾਲਾਤ ਵਿਚ ਦੋ ਲੜਕੀਆਂ ਮਿਲੀਆਂ ਹਨ, ਜਿੰਨ੍ਹਾਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਕੇ ਇਲਾਜ਼ ਕਰਵਾਇਆ ਗਿਆ। ਸਹਾਰਾ ਜਨ ਸੇਵਾ ਸੰਸਥਾ ਦੇ ਪ੍ਰਧਾਨ ਵਿਜੇ ਗੋਇਲ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬੀਤੀ ਰਾਤ ਪਟਿਆਲਾ ਰੇਲਵੇ ਫਾਟਕ, ਦੀਪ ਨਗਰ ਰੇਲਵੇ ਲਾਈਨਾਂ ਨੇੜੇ ਇਕ ਲੜਕੀ ਦੇ ਬੇਹੋਸੀ ਦੀ ਹਾਲਤ ‘ਚ ਪਏ ਹੋਣ ਦੀ ਸੂਚਨਾ ਮਿਲੀ ਸੀ। ਜਿਸਤੋਂ ਬਾਅਦ ਸੰਸਥਾ ਦੇ ਮੈਂਬਰ ਮੌਕੇ ’ਤੇ ਪੁੱਜੇ ਤੇ ਲੜਕੀ ਨੂੰ ਐਂਬੂਲੈਂਸ ਦੁਆਰਾ ਸਹਾਰਾ ਦੀ ਟੀਮ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲੈ ਗਈ ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਕੀਤਾ ਗਿਆ। ਸਹਾਰਾ ਪ੍ਰਧਾਨ ਦੇ ਮੁਤਾਬਕ ਬੇਹੋਸ ਹੋਈ ਲੜਕੀ ਨੇ ਇਹ ਗੱਲ ਮੰਨੀ ਹੈ ਕਿ ਉਹ ਨਸੇ ਵਿੱਚ ਸੀ ਤੇ ਮੁੜ ਅਲਪਰੈਕਸ ਦੀਆਂ ਗੋਲੀਆਂ ਖਾ ਲਈਆਂ। ਇਲਾਜ਼ ਤੋਂ ਬਾਅਦ ਸਹਾਰਾ ਟੀਮ ਲੜਕੀ ਨੂੰ ਉਸਦੇ ਘਰ ਛੱਡ ਕੇ ਆਈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਹਾਰਾ ਪ੍ਰਧਾਨ ਨੇ ਦਸਿਆ ਕਿ ਅੱਜ ਸਥਾਨਕ ਮਿਲਕ ਪਲਾਂਟ ਨੇੜੇ ਝਾੜੀਆਂ ਵਿੱਚ ਇੱਕ ਲੜਕੀ ਬੇਹੋਸ ਪਈ ਹੋਣ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਜੀਵਨ ਬਚਾਓ ਬਿ੍ਰਗੇਡ ਹੈਲਪਲਾਈਨ ਟੀਮ ਮੌਕੇ ’ਤੇ ਪੁੱਜੀ ਤੇ ਉਸਨੂੰ ਵੀ ਹਸਪਤਾਲ ਪਹੁੰਚਾਇਆ। ਲੜਕੀ ਦਾ ਇਲਾਜ਼ ਕੀਤਾ ਜਾ ਰਿਹਾ ਹੈ ਪ੍ਰੰਤੂ ਉਸਦੀ ਪਹਿਚਾਣ ਨਹੀਂ ਹੋ ਸਕੀ। ਉਸ ਕੋਲੋ ਮਿਲੇ ਇੱਕ ਬੈਗ ਵਿਚੋਂ ਫੁਆਰਾ ਅਤੇ ਜਰਦਾ ਮਿਲਿਆ ਹੈ।
ਨਸ਼ੇ ਦੀ ਲਤ: ਬਠਿੰਡਾ ’ਚ ਕੁੜੀਆਂ ਵੀ ਆਈਆਂ ਨਸ਼ਿਆਂ ਦੀ ਲਪੇਟ ’ਚ
16 Views