WhatsApp Image 2024-06-20 at 13.58.11
web
WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-02-26 at 14.41.51
previous arrow
next arrow
Punjabi Khabarsaar
ਅਪਰਾਧ ਜਗਤ

ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੇ ਮਾਮਲੇ ’ਚ ਫ਼ਸੇ ਬਠਿੰਡਾ ਦੇ ਚਰਚਿਤ ‘ਇੰਸਪੈਕਟਰ’ ਦੀ ਜਮਾਨਤ ਅਰਜੀ ਰੱਦ

ਮੁੜ ਹੋਇਆ ਫ਼ਰਾਰ, 30 ਅਪ੍ਰੈਲ ਨੂੰ ਹੋਣਾ ਹੈ ਰਿਟਾਇਰਮੈਂਟ
ਪੁਲਿਸ ਵਿਭਾਗ ਦੇ ਕਈ ਵੱਡੇ ਅਧਿਕਾਰੀਆਂ ਨਾਲ ਡੂੰਘੇ ‘ਯਾਰਾਨਿਆਂ’ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ: ਕਰੀਬ ਡੇਢ ਸਾਲ ਪਹਿਲਾਂ ਦੋ ਨਸ਼ਾ ਤਸਕਰਾਂ ਨੂੰ ਲੱਖਾਂ ਰੁਪਏ ਲੈ ਕੇ ਛੱਡਣ ਦੇ ਮਾਮਲੇ ਵਿਚ ਪੁਲਿਸ ਨੂੰ ਲੋੜੀਦੇ ਬਠਿੰਡਾ ਦੇ ਚਰਚਿਤ ਇੰਸਪੈਕਟਰ ਰਜਿੰਦਰ ਕੁਮਾਰ ਦੀ ਜਮਾਨਤ ਅਰਜੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤੀ ਹੈ। ਲੰਘੇ ਦਿਨੀਂ ਹਾਈਕੋਰਟ ਦੇ ਜਸਟਿਸ ਗੁਰਵਿੰਦਰ ਸਿੰਘ ਗਿੱਲ ਵਲੋਂ ਸੁਣਾਏ ਇਤਿਹਾਸਕ ਫੈਸਲੇ ’ਚ ਉਕਤ ਇੰਸਪੈਕਟਰ ਦੇ ਪੁਰਾਣੇ ਕਾਰਨਾਮਿਆਂ ਨੂੰ ਦੇਖਦਿਆਂ ਇਸਨੂੰ ਤੁਰੰਤ ਹਿਰਾਸਤ ਵਿਚ ਲੈ ਕੇ ਪੁਛਗਿਛ ਕਰਨ ਦੇ ਆਦੇਸ਼ ਦਿੱਤੇ ਹਨ। ਅਦਾਲਤ ਦੇ ਫੈਸਲੇ ਤੋਂ ਬਾਅਦ ਇੰਸਪੈਕਟਰ ਰਜਿੰਦਰ ਕੁਮਾਰ ‌‌‌‌ ‘ਗਾਇਬ’ ਹੋ ਗਏ ਹਨ। ਪਤਾ ਲੱਗਿਆ ਹੈ ਕਿ ਇਸ ਅਧਿਕਾਰੀ ਦੀ ਸੇਵਾ ਮੁਕਤੀ ਵੀ ਇਸੇ 30 ਅਪ੍ਰੈਲ ਨੂੰ ਹੋਣੀ ਹੈ। ਇਸਦੀ ਪੁਸ਼ਟੀ ਬਠਿੰਡਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਵੀ ਕੀਤੀ ਹੈ। ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ ਇੰਸਪੈਕਟਰ ਰਜਿੰਦਰ ਕੁਮਾਰ ਪੁਲਿਸ ਲਾਈਨ ਵਿਚ ਤੈਨਾਤ ਸੀ ਪ੍ਰੰਤੂ ਜਮਾਨਤ ਦੀ ਅਰਜੀ ਰੱਦ ਹੋਣ ਤੋਂ ਬਾਅਦ ਡਿਊਟੀ ਤੋਂ ਗੈਰ-ਹਾਜ਼ਰ ਚੱਲਿਆ ਆ ਰਿਹਾ ਹੈ। ਉਧਰ ਪੁਲਿਸ ਸੂਤਰਾਂ ਨੇ ਖੁੂਲਾਸਾ ਕੀਤਾ ਹੈ ਕਿ ਵਿਭਾਗ ਦੇ ਵੱਡੇ ਅਧਿਕਾਰੀ ਇਸ ਚਰਚਿਤ ਅਧਿਕਾਰੀ ਪ੍ਰਤੀ ਨਰਮ ਗੋਸ਼ਾ ਰੱਖ ਰਹੇ ਹਨ, ਜਿਸਦੇ ਚੱਲਦੇ ਪਹਿਲਾਂ ਵੀ ਪਰਚਾ ਦਰਜ਼ ਹੋਣ ਤੋਂ ਬਾਅਦ ਕਈ ਮਹੀਨੇ ਦੀ ਫ਼ਰਾਰੀ ਦੌਰਾਨ ਇਸਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਜਦੋਂਕਿ ਮੁਅੱਤਲ ਕਰਨ ਤੋਂ ਬਾਅਦ ਮੁੜ ਇਸ ਗੰਭੀਰ ਕੇਸ ਵਿਚ ਬਹਾਲ ਕਰ ਦਿੱਤਾ ਗਿਆ। ਚਰਚਾ ਇਹ ਵੀ ਹੈ ਕਿ ਜੇਕਰ ਉਕਤ ਇੰਸਪੈਕਟਰ ਨੂੰ ਹਿਰਾਸਤ ਵਿਚ ਲੈ ਕੇ ਨਿਰਪੱਖ ਜਾਂਚ ਕੀਤੀ ਜਾਂਦੀ ਹੈ ਤਾਂ ਇਹ ਪੰਜਾਬ ਪੁਲਿਸ ਦਾ ਦੂਜਾ ‘ਇੰਦਰਜੀਤ ’ ਸਾਬਤ ਹੋ ਸਕਦਾ ਹੈ, ਜਿਸਦੇ ਨਾਲ ਪੁਲਿਸ ਵਿਭਾਗ ਦੇ ਕਈ ‘ਭੱਦਰਪੁਰਸ਼’ ਅਧਿਕਾਰੀ ਰਾਜਜੀਤ ਸਿੰਘ ਹੁੰਦਲ ਵਾਂਗ ਫ਼ਸ ਸਕਦੇ ਹਨ। ਗੌਰਤਲਬ ਹੈ ਕਿ ਪਿਛਲੇ ਦਿਨੀਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਜਨਤਕ ਕੀਤੀਆਂ ਸਿੱਟ ਰੀਪੋਰਟਾਂ ਨੂੰ ਖੋਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਜ਼ਿਲ੍ਹਿਆਂ ਦੇ ਐਸ.ਐਸ.ਪੀ ਰਹਿ ਚੁੱਕੇ ਰਾਜਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ। ਚਰਚਾ ਮੁਤਾਬਕ ਫ਼ਰਾਰ ਚੱਲ ਰਹੇ ਇੰਸਪੈਕਟਰ ਰਜਿੰਦਰ ਕੁਮਾਰ ਦਾ ਵੀ ਪਿਛਲੇ ਸਮਿਆਂ ਦੌਰਾਨ ਕਈ ਐਸ.ਐਸ.ਪੀ ਰਹੇ ਅਤੇ ਕੁੱਝ ਹੋਰਨਾਂ ਅਧਿਕਾਰੀਆਂ ਨਾਲ ‘ਨਹੂੰ-ਮਾਸ’ ਦਾ ਰਿਸ਼ਤਾ ਰਿਹਾ ਹੈ। ਗੌਰਤਲਬ ਹੈ ਕਿ ਪਹਿਲਾਂ ਵੀ ਕਈ ਮੁਕੱਦਮਿਆਂ ਦਾ ਸਾਹਮਣਾ ਕਰਨ ਵਾਲੇ ਇੰਸਪੈਕਟਰ ਰਜਿੰਦਰ ਕੁਮਾਰ ਅਤੇ ਉਸਦੇ ਇੱਕ ਸਹਿਯੋਗੀ ਥਾਣੇਦਾਰ ਜਰਨੈਲ ਸਿੰਘ ਵਿਰੁਧ ਮੋਹਾਲੀ ਵਿਖੇ ਸਥਿਤ ਐਸਟੀਐਫ਼ ਥਾਣੇ ’ਚ 14 ਅਕਤਬੂਰ 2021 ਨੂੰ ਮੁਕੱਦਮਾ ਨੰਬਰ 184 ਅਧੀਨ ਧਾਰਾ ਅੰਡਰ ਸੈਕਸ਼ਨ 29,59 ਆਫ਼ ਦਾ ਨਾਰਕੋਟਿਸ ਡਰੱਗਜ਼ ਐਕਟ 1985, ਸੈਕਸ਼ਨ 7,13(2) ਭ੍ਰਿਸਟਾਚਾਰ ਰੋਕੂੁ ਐਕਟ 1988 ਅਤੇ ਸੈਕਸ਼ਨ 213,214,384 ਤੇ 120 ਬੀ ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਪੁਲਿਸ ਦੀ ਆਪਣੀ ਕਹਾਣੀ ਮੁਤਾਬਕ ਇੰਸਪੈਕਟਰ ਰਜਿੰਦਰ ਕੁਮਾਰ ਜਦ ਸਪੈਸ਼ਲ ਸਟਾਫ ਬਠਿੰਡਾ ਦਾ ਇੰਚਾਰਜ਼ ਸੀ ਤਦ 7 ਅਕਤੂਬਰ 2021 ਨੂੰ ਥਾਣੇਦਾਰ ਜਰਨੈਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸਹਿਰ ’ਚ ਸਥਿਤ ਹੋਟਲ ਅੰਬੈਸੀ ਦੇ ਰੂਮ ਨੰਬਰ 203 ਵਿਚ ਛਾਪੇਮਾਰੀ ਕਰਕੇ ਦੋ ਨਸ਼ਾ ਤਸਕਰਾਂ ਜੋਰਾ ਸਿੰਘ ਅਤੇ ਪ੍ਰਦੀਪ ਕੁਮਾਰ ਨੂੰ 100 ਗ੍ਰਾਂਮ ਹੈਰੋਇਨ ਸਹਿਤ ਗ੍ਰਿਫਤਾਰ ਕੀਤਾ ਸੀ। ਐਸਟੀਐਫ਼ ਦੇ ਤਤਕਾਲੀ ਡੀਐਸਪੀ ਦਵਿੰਦਰ ਸਿੰਘ ਵਲੋਂ ਉਚ ਅਧਿਕਾਰੀਆਂ ਨੂੰ ਭੇਜੀ ਗਈ ਰੀਪੋਰਟ ਮੁਤਾਬੁਕ ਹੈਰੋਇਨ ਬਰਾਮਦਗੀ ਤੋਂ ਬਾਅਦ ਦੋਨਾਂ ਤਸਕਰਾਂ ਨੂੰ ਥਾਣਾ ਥਰਮਲ ਵਿਚ ਸਥਿਤ ਐਸਟੀਐਫ਼ ਦੇ ਦਫ਼ਤਰ ’ਚ ਲਿਆਂਦਾ ਗਿਆ। ਜਿੱਥੇ ਉਨ੍ਹਾਂ ਵਿਰੁਧ ਕੋਈ ਪਰਚਾ ਦਰਜ਼ ਕਰਨ ਦੀ ਬਜਾਏ ਕਥਿਤ ਤੌਰ ’ਤੇ ਤਿੰਨ ਲੱਖ ਰੁਪਏ ਲੈ ਕੇ ਛੱਡ ਦਿੱਤਾ ਗਿਆ। ਮੌਕੇ ’ਤੇ ਜੋਰਾ ਸਿੰਘ ਦੇ ਦੋਸਤ ਵਿਜੇ ਕੁਮਾਰ ਵਲੋਂ 50 ਹਜ਼ਾਰ ਰੁਪਏ ਦਾ ਪ੍ਰਬੰਧ ਕਰਕੇ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਦਿੱਤਾ ਗਿਆ ਤੇ 40 ਹਜ਼ਾਰ ਰੁਪਏ ਪ੍ਰਦੀਪ ਕੁਮਾਰ ਨੇ ਥਾਣੇਦਾਰ ਜਰਨੈਲ ਸਿੰਘ ਨੂੰ ਦਿੱਤੇ। ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੀ ਇਹ ਕਹਾਣੀ ਐਸ.ਟੀ.ਐਫ਼ ਹੈਡਕੁਆਟਰ ਨੂੰ ਉਸ ਸਮੇਂ ਲੱਗੀ ਜਦ ਉਕਤ ਦੋਨੋਂ ਤਸਕਰ ਕੁੱਝ ਦਿਨਾਂ ਬਾਅਦ ਮੁੜ ਉਨ੍ਹਾਂ ਦੇ ਅੜਿੱਕੇ ਚੜ੍ਹ ਗਏ ਸਨ ਤੇ ਸਖ਼ਤੀ ਨਾਲ ਕੀਤੀ ਗਈ ਪੁਛਗਿਛ ਦੌਰਾਨ ਉਨ੍ਹਾਂ ਬਠਿੰਡਾ ’ਚ ਪੈਸੇ ਦੇ ਕੇ ਛੁੱਟਣ ਦੀ ‘ਕਹਾਣੀ’ ਬਿਆਨ ਕਰ ਦਿੱਤੀ। ਜਿਸਤੋਂ ਬਾਅਦ ਉਚ ਅਧਿਕਾਰੀਆਂ ਵਲੋਂ ਹੋਟਲ ਦੇ ਆਸਪਾਸ ਅਤੇ ਥਾਣਾ ਥਰਮਲ ਦੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਕਢਾਉਣ ਤੋਂ ਇਲਾਵਾ ਇੰਨ੍ਹਾਂ ਦਾਗੀ ਪੁਲਿਸ ਅਫ਼ਸਰਾਂ ਤੇ ਨਸ਼ਾ ਤਸਕਰਾਂ ਦੀ ਕਾਲ ਡਿਟੇਲ ਵੀ ਕਢਵਾਈ ਗਈ। ਸੂਤਰਾਂ ਅਨੁਸਾਰ ਜਾਂਚ ਤੋਂ ਬਾਅਦ ਇਹ ਕਹਾਣੀ ਸੱਚ ਸਾਬਤ ਹੋ ਗਈ ਤੇ ਦੋਨਾਂ ਵਿਰੁਧ ਪਰਚਾ ਦਰਜ਼ ਕਰ ਲਿਆ ਗਿਆ। ਹਾਲਾਂਕਿ ਵੱਡੇ ਪੁਲਿਸ ਅਧਿਕਾਰੀਆਂ ਦੀ ‘ਮਿਹਰਨਬਾਨੀ’ ਨਾਲ ਇੰਸਪੈਕਟਰ ਰਜਿੰਦਰ ਕੁਮਾਰ ‘ਫ਼ਰਾਰੀ’ ਕੱਟਣ ਵਿਚ ਕਾਮਯਾਬ ਰਿਹਾ ਪਰ ਥਾਣੇਦਾਰ ਜਰਨੈਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਜਿਸਦੀ ਬਾਅਦ ਵਿਚ ਜਮਾਨਤ ਹੋ ਗਈ ਸੀ। ਮੌਜੂਦਾ ਸਮੇਂ ਜਰਨੈਲ ਸਿੰਘ ਬਹਾਲ ਹੋ ਕੇ ਬਠਿੰਡਾ ਦੇ ਚਰਚਿਤ ਸੀਆਈਏ ਸਟਾਫ ਵਿੱਚ ਤੈਨਾਤ ਦਸਿਆ ਜਾ ਰਿਹਾ ਜਦੋਂਕਿ ਹਾਈਕੋਰਟ ਨੇ ਕਾਫ਼ੀ ਲੰਮੇ ਸਮੇਂ ਬਾਅਦ ਇੰਸਪੈਕਟਰ ਨੂੰ ਥੋੜੀ ਰਾਹਤ ਦਿੰਦਿਆਂ ਸ਼ਾਮਲ ਤਫ਼ਤੀਸ ਹੋਣ ਦੇ ਹੁਕਮ ਦਿੱਤੇ ਸਨ। ਸੂਤਰਾਂ ਅਨੁਸਾਰ ਜਦ ਉਕਤ ਅਧਿਕਾਰੀ ਸ਼ਾਮਲ ਤਫ਼ਤੀਸ਼ ਹੋਇਆ ਤਾਂ ਜਾਂਚ ਅਧਿਕਾਰੀਆਂ ਨੇ ਦੋਸ਼ ਲਗਾਏ ਸਨ ਕਿ ਉਸਨੇ ਸਹਿਯੋਗ ਨਹੀਂ ਕੀਤਾ। ਜਿਸਦੇ ਚੱਲਦੇ ਹੁਣ ਜਦ ਰਜਿੰਦਰ ਕੁਮਾਰ ਵਲੋਂ ਜਦ ਦੁਬਾਰਾ ਜਮਾਨਤ ਦੀ ਅਰਜੀ ਲਗਾਈ ਤਾਂ ਉਸਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ।
ਬਾਕਸ
ਦੋ ਵਾਰ ਮੁਅੱਤਲ ਤੇ ਪੰਜ ਦਫ਼ਾ ਜਬਤ ਕੀਤੀ ਗਈ ਹੈ ਨੌਕਰੀ
ਬਠਿੰਡਾ: ਸੂਚਨਾ ਮੁਤਾਬਕ ਹੁਣ ਤੱਕ ਨੌਕਰੀ ਦੌਰਾਨ ਸਿਪਾਹੀ ਭਰਤੀ ਹੋਏ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਦੋ ਵਾਰ ਮੁਅੱਤਲ ਕੀਤਾ ਜਾ ਚੁੱਕਾ ਹੈ ਤੇ ਪੰਜ ਦਫ਼ਾ ਇਸਦੀ ਨੌਕਰੀ ਜਬਤ ਕੀਤੀ ਗਈ ਹੈ। ਇਸਤੋਂ ਇਲਾਵਾ ਕੈਨਾਲੀ ਚੌਕੀ ’ਚ ਤੈਨਾਤੀ ਦੌਰਾਨ ਇੱਕ ਵਿਅਕਤੀ ਦੀ ਹਿਰਾਸਤ ’ਚ ਹੋਈ ਮੌਤ ਦੇ ਮਾਮਲੇ ਵਿਚ ਇਸਦੇ ਵਿਰੁਧ ਪਰਚਾ ਦਰਜ਼ ਕੀਤਾ ਗਿਆ ਸੀ, ਜਿਹੜਾ ਬਾਅਦ ਵਿਚ ਰਾਜੀਨਾਮਾ ਹੋਣ ਦੇ ਚੱਲਦੇ ਖ਼ਤਮ ਹੋਇਆ। ਇਸਤੋਂ ਇਲਾਵਾ ਇੰਦਰਪਾਲ ਸਿੰਘ ਨਾਂ ਦੇ ਇੱਕ ਵਿਅਕਤੀ ਵਲੋਂ ਇੰਸਪੈਕਟਰ ਰਜਿੰਦਰ ਦੇ ਵਿਰੁਧ ਮਾਨਸਾ ਦੇ ਵਧੀਕ ਸੈਸਨ ਜੱਜ ਦੀ ਅਦਾਲਤ ਵਿਚ ਫ਼ੌਜਦਾਰੀ ਕੰਪਲੈਂਟ ਵੀ ਚੱਲ ਰਹੀ ਹੈ।

Related posts

ਬਠਿੰਡਾ ’ਚ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

punjabusernewssite

ਥਾਣਾ ਕੈਂਟ ਮਾਮਲਾ: ਇੱਕ ਹੋਰ ਮੁਲਜਮ ਗ੍ਰਿਫਤਾਰ, ਐਸਐਲਆਰ ਰਾਈਫ਼ਲ ਦੀ ਭਾਲ ਜਾਰੀ

punjabusernewssite

ਬਠਿੰਡਾ ਪੁਲਿਸ ਵਲੋਂ ਭਾਰੀ ਮਾਤਰਾ ’ਚ ਨਸੀਲੇ ਪਦਾਰਥ ਬਰਾਮਦ

punjabusernewssite