ਪੁਲਿਸ ਦੀ ਭੂਮਿਕਾ ਵੀ ਸ਼ੱਕੀ, ਚਰਚਾ ਮੁਤਾਬਕ ਨਸ਼ੀਲੀਆਂ ਗੋਲੀਆਂ ਸਹਿਤ ਫ਼ੜੇ ਸਨ ਚਾਰ, ਪਰਚਾ ਦਿੱਤਾ ਦੋ ਵਿਰੁਧ
ਇਲਾਕੇ ਦੇ ਆਗੂਆਂ ਨੇ ਮੁੱਖ ਮੰਤਰੀ ਅਤੇ ਡੀਜੀਪੀ ਕੋਲੋ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 31 ਜਨਵਰੀ : ਲੰਘੀ 28 ਜਨਵਰੀ ਨੂੰ ਜ਼ਿਲ੍ਹਾ ਪੁਲਿਸ ਦੇ ਸਪੈਸ਼ਲ ਸਟਾਫ਼ ਵਲੋਂ ਭਗਤਾ ਭਾਈਕਾ ਇਲਾਕੇ ਵਿਚੋਂ ਹਜ਼ਾਰਾਂ ਦੀ ਤਾਦਾਦ ਵਿਚ ਨਸ਼ੀਲੀਆਂ ਗੋਲੀਆਂ ਸਹਿਤ ਫ਼ੜੇ ਦੋ ਤਸਕਰਾਂ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਇਸ ਕੇਸ ਵਿਚ ਆਪ ਆਗੂਆਂ ਦੀਆਂ ਵਾਈਰਲ ਹੋ ਰਹੀਆਂ ਆਡੀਓਜ਼ ਦੀ ਕੀਤੀ ਮੁਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਜਿੱਥੇ ਅੱਜ ਪਿੰਡ ਕੋਠਾ ਗੁਰੂ ਨਾਲ ਸਬੰਧਤ ਇੱਕ ਆਪ ਆਗੂ ਜਸਵੀਰ ਸਿੰਘ ਫ਼ੌਜੀ ਤੇ ਇੱਕ ਕੋਂਸਲਰ ਕਾਲਾ ਵਿਰੁਧ ਪੁਲਿਸ ਦੇ ਨਾਂ ’ਤੇ ਪੈਸੇ ਲੈਣ ਦੇ ਦੋਸ਼ਾਂ ਹੇਠ ਭ੍ਰਿਸਟਾਚਾਰ ਅਤੇ ਧੋਖਾਧੜੀ ਦਾ ਪਰਚਾ ਦਰਜ਼ ਕਰ ਲਿਆ ਹੈ, ਉਥੇ ਸੂਤਰ ਇਸ ਮਾਮਲੇ ਵਿਚ ਪੁਲਿਸ ਦੀ ਭੂਮਿਕਾ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਬਠਿੰਡਾ ਪੱਟੀ ਵਿਚ ਚੱਲ ਰਹੀ ਚਰਚਾ ਦੌਰਾਨ ਪੁਲਿਸ ਵਲੋਂ ਉਕਤ ਦਿਨ ਨਸ਼ਾ ਤਸਕਰੀ ਦੇ ਮਾਮਲੇ ਵਿਚ ਚਾਰ ਜਣਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪ੍ਰੰਤੂ ਪਰਚਾ ਸਿਰਫ਼ ਦੋ ਜਣਿਆਂ ਉਪਰ ਹੀ ਪਾਇਆ ਗਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਸ ਚਰਚਾ ਨੂੰ ਗਲਤ ਕਰਾਰ ਦੇ ਰਹੇ ਹਨ ਪ੍ਰੰਤੂ ਇਸ ਮਾਮਲੇ ਵਿਚ ਭਗਵੰਤ ਮਾਨ ਸਰਕਾਰ ਦੀ ਹੋ ਰਹੀ ਕਿਰਕਿਰੀ ਨੂੰ ਦੇਖਦਿਆਂ ਇਲਾਕੇ ਦੇ ਕੁੱਝ ਆਗੂਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਤੱਕ ਸਿਕਾਇਤ ਕਰਨ ਦੀ ਤਿਆਰੀ ਕਰ ਲਈ ਹੈ ਤਾਂ ਕਿ ਸਾਰੀ ਕਹਾਣੀ ਸਾਫ਼ ਹੋ ਸਕੇ। ਉਂਜ ਪੁਲਿਸ ਵਲੋਂ ਬਣਾਏ ਇਸ ਪਰਚੇ ਦੇ ਮਾਮਲੇ ਵਿਚ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਬੀਤੇ ਕੱਲ ਐਸ.ਐਸ.ਪੀ ਕੋਲ ਪੁੱਜੇ ਪਿੰਡ ਕੋਠਾਗੁਰੂ ਦੇ ਮੋਹਤਬਰ ਵਿਅਕਤੀਆਂ ਨੈ ਵੀ ਉਂਗਲ ਖ਼ੜੀ ਕਰ ਦਿੱਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਤਾਂ ਕਾਫ਼ੀ ਕੁੱਝ ਸਚਾਈ ਸਾਹਮਣੇ ਆ ਸਕਦੀ ਹੈ। ਜਿਕਰਯੋਗ ਹੈ ਕਿ ਥਾਣਾ ਦਿਆਲਪੁਰਾ ਵਿਚ 28 ਜਨਵਰੀ ਨੂੰ ਦਰਜ਼ ਮੁਕੱਦਮਾ ਨੰਬਰ 21 ਦੀ ਕਹਾਣੀ ਤਹਿਤ ਸਪੈਸ਼ਲ ਸਟਾਫ਼ ਦੇ ਥਾਣੇਦਾਰ ਗੋਬਿੰਦ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਪਿੰਡ ਕੋਠਾਗੁਰੂ ਕੋਲੋ ਮੋਟਰਸਾਈਕਲ ਸਵਾਰ ਕੁਲਦੀਪ ਸਿੰਘ ਕੋਠਾਗੁਰੂ ਅਤੇ ਇਕਬਾਲ ਸਿੰਘ ਵਾਸੀ ਭਗਤਾ ਕੋਲੋ ਕਰੀਬ 29 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਦਿਖਾਈਆਂ ਹਨ। ਇਹ ਮਾਮਲਾ ਉਸ ਸਮੇਂ ਚਰਚਾ ਵਿਚ ਆ ਗਿਆ ਸੀ ਜਦ ਕੁਲਦੀਪ ਸਿੰਘ ਮਾਤਾ ਅਤੇ ਹੋਰ ਪ੍ਰਵਾਰਕ ਮੈਂਬਰ ਬੀਤੇ ਕੱਲ ਇਲਾਕੇ ਦੇ ਮੋਹਤਬਵਰ ਵਿਅਕਤੀਆਂ ਨੂੰ ਲੈ ਕੇ ਐਸ.ਐਸ.ਪੀ ਦਫ਼ਤਰ ਪੁੱਜ ਗਏ ਸਨ, ਜਿੰਨ੍ਹਾਂ ਦਾਅਵਾ ਕੀਤਾ ਸੀ ਕਿ ਪਿੰਡ ਕੋਠਾ ਗੁਰੂ ਦੇ ਹੀ ਆਪ ਵਲੰਟੀਅਰ ਜਸਵੀਰ ਸਿੰਘ ਫ਼ੌਜੀ ਅਤੇ ਪਿਛਲੀਆਂ ਚੋਣਾਂ ਵਿਚ ਕਾਂਗਰਸ ਵਾਲੇ ਪਾਸਿਓ ਜਿੱਤੇ ਕੋਂਸਲਰ ਕਾਲਾ ਨੇ ਉਨ੍ਹਾਂ ਕੋਲੋ ਦੋਨਾਂ ਨੌਜਵਾਨਾਂ ਨੂੰ ਪੁਲਿਸ ਕੋਲੋ ਛੁਡਾਉਣ ਲਈ ਪੰਜ ਲੱਖ ਮੰਗੇ ਸਨ ਤੇ ਦੋ ਲੱਖ ਰੁਪਏ ਲੈ ਵੀ ਲਏ ਸਨ ਪ੍ਰੰਤੂ ਹੁਣ ਜਦ ਪਰਚਾ ਦਰਜ਼ ਹੋ ਗਿਆ ਹੈ ਤਾਂ ਪੈਸੇ ਵੀ ਵਾਪਸ ਨਹੀਂ ਕੀਤੇ ਜਾ ਰਹੇ। ਪੈਸਿਆਂ ਦੇ ਇਸ ਲੈਣ-ਦੇਣ ਵਿਚ ਬੀਤੇ ਕੱਲ ਤੋਂ ਹੀ ਕੁੱਝ ਮੋਬਾਇਲ ਫ਼ੋਨ ਦੀਆਂ ਰਿਕਾਰਡਾਂ ਵਾਈਰਲ ਹੋ ਰਹੀਆਂ ਸਨ, ਜਿਸ ਵਿਚ ਉਕਤ ਜਸਵੀਰ ਸਿੰਘ ਫ਼ੌਜੀ ਨਾਲ ਗੱਲਬਾਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ। ਇਸ ਆਡੀਓ ਰਿਕਾਰਡ ਵਿਚ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਦੀ ਰਿਕਵਰੀ ਵੱਡੀ ਮਾਤਰਾ ਵਿਚ ਕੀਤੀ ਗਈ ਸੀ ਪ੍ਰੰਤੂ ਪਰਚੇ ਵਿਚ ਘੱਟ ਦਿਖ਼ਾਈਆਂ ਗਈਆਂ ਹਨ। ਪੁਲਿਸ ਨੇ ਬਦਨਾਮੀ ਹੁੰਦੀ ਦੇਖ ਇਸ ਮਾਮਲੇ ਵਿਚ ਬੇਸ਼ੱਕ ਹੁਣ ਧਾਰਾ 8 ਪੀਸੀ ਅਤੇ 420 ਆਈਪੀਸੀ ਤਹਿਤ ਜਸਵੀਰ ਸਿੰਘ ਫ਼ੌਜੀ ਅਤੇ ਕਂੋਸਲਰ ਕਾਲਾ ਵਿਰੁਧ ਪਰਚਾ ਦਰਜ਼ ਕਰਕੇ ਜਸਵੀਰ ਸਿੰਘ ਫ਼ੌਜੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪ੍ਰੰਤੂ ਇਹ ਸਵਾਲ ਹਾਲੇ ਵੀ ਬਰਕਰਾਰ ਹੈ ਕਿ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਹਿਤ ਚਾਰ ਵਿਅਕਤੀ ਫ਼ੜੇ ਗਏ ਸਨ ਜਾਂ ਫ਼ਿਰ ਦੋ?
Share the post "ਨਸ਼ਾ ਤਸਕਰੀ ’ਚ ‘ਵਿਚੌਲਗੀ’ ਕਰਨ ਵਾਲੇ ਆਪ ਆਗੂ ਸਹਿਤ ਕੌਂਸਲਰ ਵਿਰੁਧ ਪਰਚਾ ਦਰਜ਼"