ਮੇਅਰ ’ਤੇ ਲਗਾਇਆ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ:- ਕਰੀਬ ਪੌਣੇ ਪੰਜ ਮਹੀਨਿਆਂ ਤੋਂ ਬਾਅਦ 22 ਫ਼ਰਵਰੀ ਨੂੰ ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਣ ਵਾਲੀ ਮੀਟਿੰਗ ਵਿਚ ਅਪਣਾਈ ਜਾਣ ਵਾਲੀ ਰਣਨੀਤੀ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਦੇ ਬਹੁਗਿਣਤੀ ਕੌਂਸਲਰਾਂ ਵਲੋਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸ ਭਵਨ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਅਤੇ ਵਿੱਤੀ ਕਮੇਟੀ ਦੇ ਮੈਂਬਰਾਂ ਤਂੋ ਇਲਾਵਾ ਦੋ ਦਰਜ਼ਨ ਕੌਂਸਲਰ ਹਾਜਰ ਹੋਏ। ਮੀਟਿੰਗ ਵਿੱਚ ਸਮੂਹ ਕੌਂਸਲਰਾਂ ਵੱਲੋਂ ਸਰਬ ਸੰਮਤੀ ਨਾਲ ਨਗਰ ਨਿਗਮ ਦੇ ਹਾਊਸ ਵਿਚ ਸਮੂਲੀਅਤ ਕਰਨ ਦਾ ਫੈਸਲਾ ਕੀਤਾ। ਪਰ ਇਸ ਦੌਰਾਨ ਕਾਂਗਰਸੀ ਕੋਂਸਲਰਾਂ ਨੇ ਮੇਅਰ ਵੱਲੋਂ ਇੱਕ ਦਿਨ ਵਿੱਚ ਤਿੰਨ ਵੱਖ-ਵੱਖ ਮੀਟਿੰਗਾਂ ਦੇ ਏਜੰਡੇ ਜਾਰੀ ਕਰਨ ’ਤੇ ਹੈਰਾਨੀ ਪ੍ਰਗਟਾਈ। ਗੌਰਤਲਬ ਹੈ ਕਿ 22 ਫ਼ਰਵਰੀ ਨੂੰ ਪਹਿਲੀ ਮੀਟਿੰਗ ਆਮ ਬਜਟ, ਦੂਜੀ ਮੀਟਿੰਗ ਜਰਨਲ ਹਾਊਸ ਅਤੇ ਤੀਜੀ ਮੀਟਿੰਗ ਲੇਖਾ ਕਮੇਟੀ ਦੀ ਰੱਖੀ ਗਈ ਹੈ। ਕੌਸਲਰਾਂ ਨੇ ਦੋਸ਼ ਲਗਾਇਆ ਕਿ ਮੀਟਿੰਗ ਵਿਚ ਰੱਖੇ ਏਜੰਡਾ ਬਿਨ੍ਹਾਂ ਕਿਸੇ ਨਾਲ ਰਾਏ-ਮਸ਼ਵਰਾ ਲਿਆਂਦੇ ਗਏ ਹਨ ਤੇ ਇਸਦਾ ਮੁੱਖ ਮਕਸਦ ਕਾਂਗਰਸ ਪਾਰਟੀ ਨੂੰ ਕਿਸੇ ਦੀ ਸ਼ਹਿ ’ਤੇ ਨੁਕਸਾਨ ਪਹੁੰਚਾਉਣਾ ਹੈ। ਕੋਂਲਸਰਾਂ ਨੇ ਦਾਅਵਾ ਕੀਤਾ ਕਿ ਜਲਦਬਾਜ਼ੀ ’ਚ ਲਏ ਗਏ ਫੈਸਲਿਆਂ ਨਾਲ ਨਗਰ ਨਿਗਮ ਦਾ ਵਿੱਤੀ ਨੁਕਸਾਨ ਵੀ ਹੋਵੇਗਾ ਅਤੇ ਆਮ ਨਾਗਰਿਕਾਂ ਦੇ ਟੈਕਸ ਦੀ ਰਕਮ ਦੀ ਦੁਰਵਰਤੋਂ ਹੋਵੇਗੀ। ਇਸ ਦੌਰਾਨ ਮੰਗ ਕੀਤੀ ਗਈ ਕਿ ਤਿੰਨੋਂ ਮੀਟਿੰਗ ਅਲੱਗ ਅਲੱਗ ਕੀਤੀਆਂ ਜਾਣ ਅਤੇ ਜਨਰਲ ਹਾਊਸ ਦੀ ਮੀਟਿੰਗ ਵਿਚ ਰੱਖੇ ਏਜੰਡਿਆਂ ਨੂੰ ਵੀ ਮੁੜ ਵਿਚਾਰਿਆਂ ਜਾਵੇ ਤਾਂ ਕਿ ਸਾਰੇ ਵਾਰਡਾਂ ਵਿਚ ਹੋਣ ਵਾਲੇ ਕੰਮਾਂ ਲਈ ਸਭ ਨੂੰ ਬਰਾਬਰ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਮੇਅਰ ਨਾ ਤਾਂ ਕਾਂਗਰਸ ਪਾਰਟੀ ਪ੍ਰਤੀ ਵਫ਼ਾਦਾਰ ਹੈ ਅਤੇ ਨਾ ਹੀ ਕਿਸੇ ਸਮਾਗਮ ਵਿਚ ਹਾਜ਼ਰ ਹੋ ਰਹੇ ਹਨ। ਇਸਤੋਂ ਇਲਾਵਾ ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਵੀ ਕੋਈ ਕਾਰਜ਼ ਨਹੀਂ ਕੀਤਾ ਹੈ। ਗੌਰਤਲਬ ਹੈ ਕਿ 22 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ਵੀ ਨਿਗਮ ਕਮਿਸ਼ਨਰ ਵੱਲੋਂ ਮੇਅਰ ਨੂੰ ਕੱਢੀ ਗਈ ਸਰਕਾਰੀ ਚਿੱਠੀ ਤੋਂ ਬਾਅਦ ਹੋ ਰਹੀ ਹੈ, ਜਿਹੜੀ ਕਾਫ਼ੀ ਹੰਗਾਮੇਦਾਰ ਹੋਣ ਦੀ ਸੰਭਾਵਨਾ ਹੈ, ਕਿਉਂਕਿ ਕਾਂਗਰਸੀ ਕੋਂਸਲਰਾਂ ਵਲੋਂ ਮੇਅਰ ਨੂੰ ਇਸ ਮੀਟਿੰਗ ਦੌਰਾਨ ਸਿਆਸੀ ਤੌਰ ’ਤੇ ਘੇਰਿਆ ਜਾ ਸਕਦਾ ਹੈ। ਅੱਜ ਦੀ ਮੀਟਿੰਗ ਵਿਚ ਸਾਬਕਾ ਜਿਲ੍ਹਾ ਪ੍ਰਧਾਨ ਅਰੁਣ ਵਧਾਵਣ, ਕੋਂਸਲਰ ਬਲਜਿੰਦਰ ਸਿੰਘ ਠੇਕੇਦਾਰ, ਪਵਨ ਮਾਨੀ, ਬਲਰਾਜ ਸਿੰਘ ਪੱਕਾ, ਹਰਵਿੰਦਰ ਸਿੰਘ ਲੱਡੂ, ਰਜਿੰਦਰ ਸਿੰਘ ਸਿੱਧੂ, ਮਲਕੀਤ ਸਿੰਘ, ਸੰਤੋਸ਼ ਰਾਣੀ ਮਹੰਤ, ਮਨੋਜ ਕੁਮਾਰ, ਜਗਪਾਲ ਸਿੰਘ ਗੋਰਾ, ਸਾਧੂ ਸਿੰਘ, ਵਿਪਨ ਮਿੱਤੁ, ਵਿਕਰਮ ਕ੍ਰਾਂਤੀ , ਜਸਵੀਰ ਸਿੰਘ ਜੱਸਾ, ਚਰਣਜੀਤ ਭੋਲਾ, ਸੁਖਦੇਵ ਸਿੰਘ ਸੁੱਖਾ, ਟਹਿਲ ਸਿੰਘ ਬੁੱਟਰ, ਸੰਜੇ ਬਿਸਵਾਲ ਅਤੇ ਪ੍ਰੈਸ ਸਕੱਤਰ ਰੁਪਿੰਦਰ ਬਿੰਦਰਾ, ਸਾਬਕਾ ਕੋਂਸਲਰ ਜਗਰਾਜ ਸਿੰਘ ਆਦਿ ਹਾਜ਼ਰ ਸਨ।
ਨਿਗਮ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਕਾਂਗਰਸ ਨੇ ਕੌਂਸਲਰਾਂ ਦੀ ਕੀਤੀ ਮੀਟਿੰਗ
10 Views