ਸੁਖਜਿੰਦਰ ਮਾਨ
ਬਠਿੰਡਾ ,7 ਦਸੰਬਰ: ਭਾਰਤਮਾਲਾ ਸੜਕ ਬਣਾਉਣ ਲਈ ਧੱਕੇ ਨਾਲ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦਾ ਵਫਦ ਸੂਬਾ ਸਕੱਤਰ ਤੇ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮਿਲਿਆ । ਵਫਦ ਵੱਲੋਂ ਡਿਪਟੀ ਕਮਿਸ਼ਨਰ ਅੱਗੇ ਮੰਗ ਰੱਖੀ ਗਈ ਕਿ ਭਾਰਤ ਮਾਲਾ ਸੜਕ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਸੰਬੰਧਤ ਕਿਸਾਨਾਂ ਦੀ ਪੂਰਨ ਸਹਿਮਤੀ ਲਈ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵੀ ਇਸ ਸਬੰਧੀ ਮੀਟਿੰਗ ਹੋਈ ਸੀ ਜਿੰਨਾਂ ਭਰੋਸਾ ਦਿੱਤਾ ਸੀ ਕਿ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਜਬਰੀ ਜ਼ਮੀਨ ਐਕਵਾਇਅਰ ਨਹੀਂ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਜੋ ਜਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਸ ਦਾ ਮੁਆਵਜ਼ਾ ਲੰਮੇਂ ਸਮੇਂ ਤੋਂ ਕਾਬਜ ਕਿਸਾਨਾਂ ਨੂੰ ਦੇਣ ਦੀ ਬਜਾਏ ਸਾਂਝੇ ਖਾਤੇ ਵਿੱਚ ਬਿਨਾਂ ਮਾਲਕੀ ਵਾਲੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ । ਬਹੁਤ ਸਾਰੇ ਕਿਸਾਨਾਂ ਨੂੰ ਵਪਾਰਕ ਵਰਤੋਂ ਵਾਲੀ ਜ਼ਮੀਨ ਦਾ ਰੇਟ ਵੀ ਸਧਾਰਨ ਜ਼ਮੀਨ ਦੇ ਬਰਾਬਰ ਹੀ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹੀਆਂ ,ਖਾਲਿਆਂ, ਮੋਟਰਾਂ, ਦਰੱਖਤਾਂ ਦਾ ਮਾਮਲਾ ਵੀ ਵਿਚੇ ਲਟਕ ਰਿਹਾ ਹੈ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਦੀ ਸਹਿਮਤੀ ਬਿਨਾਂ ਕਿਸੇ ਵੀ ਕਿਸਾਨ ਦੀ ਜ਼ਮੀਨ ਜਬਰੀ ਅਕਵਾਇਰ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਇਸ ਖਿਲਾਫ ਐਕਸ਼ਨ ਉਲੀਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੱਲ੍ਹ ਪਿੰਡ ਰਾਏ ਖੰਨਾ ਵਿਖੇ ਪ੍ਰਸ਼ਾਸਨ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਕਰਨ ਗਿਆ ਸੀ ਜਿਸਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿਰੋਧ ਕਰਕੇ ਰੋਕ ਦਿੱਤਾ ਗਿਆ ਸੀ। ਅੱਜ ਦੇ ਇਕੱਠ ਵਿੱਚ ਜ਼ਿਲ੍ਹਾ ਆਗੂ ਬਸੰਤ ਸਿੰਘ ਕੋਠਾਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੀ ਵਾਲਾ ,ਬਲਾਕ ਆਗੂ ਹੁਸਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਧਰਮਪਾਲ ਸਿੰਘ ਜੰਡੀਆਂ ਤੋ ਇਲਾਵਾ ਪਿੰਡਾਂ ਦੇ ਕਿਸਾਨ ਹਾਜ਼ਰ ਸਨ।
Share the post "ਨਿਗੁੂਣੇ ਮੁਆਵਜ਼ੇ ਦੇ ਕੇ ਬਣਾਈ ਜਾ ਰਹੀ ਭਾਰਤ ਮਾਲਾ ਸੜਕ ਦੇ ਵਿਰੋਧ ’ਚ ਕਿਸਾਨ ਡੀਸੀ ਨੂੰ ਮਿਲੇ"