ਕਾਰਡਾ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰੰਖਣ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ: ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਨੀਲੇ ਕਾਰਡ ਕੱਟਣ ਵਿਰੁੱਧ ਅੱਜ ਡੀਸੀ ਦਫ਼ਤਰ ਅੱਗੇ ਧਰਨਾ ਲਾਕੇ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕਰਕੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। ਇਕੱਤਰ ਹੋਏ ਮਜ਼ਦੂਰਾਂ ਨੂੰ ਸਬੋਧਨ ਕਰਦੇ ਹੋਏ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਜਿਲਾ ਕਨਵੀਨਰ ਮਾਸਟਰ ਸੇਵਕ ਸਿੰਘ , ਜਿਲਾ ਕਮੇਟੀ ਮੈਬਰ ਤੀਰਥ ਸਿੰਘ ਕੋਠਾ ਗੁਰੂ ਤੇ ਕਾਲਾ ਸਿੰਘ ਖੂਨਣ ਖੁਰਦ ਨੇ ਆਪ ਸਰਕਾਰ ’ਤੇ ਦੋਸ਼ ਲਾਉਦਿਆਂ ਕਿਹਾ ਨਜਾਇਜ਼ ਨੀਲੇ ਕਾਰਡ ਕੱਟਣ ਦੇ ਬਹਾਨੇ ਸੈਂਕੜੇ ਹੀ ਹੱਕਦਾਰ ਗਰੀਬ ਲੋਕਾਂ ਦੇ ਕਾਰਡ ਕੱਟਕੇ ਮਜ਼ਦੂਰਾਂ ਨਾਲ ਬੇਇਨਸਾਫ਼ੀ ਕੀਤੀ ਗਈ ਹੈ । ਉਨਾਂ ਕਿਹਾ ਸਿਆਸੀ ਪਹੁੰਚ ਅਤੇ ਭਰਿਸਟਾਚਾਰ ਕਰਨ ਵਾਲੇ ਡੀਪੂ ਹੋਲਡਰ ਤੇ ਅਫਸਰਾਂ ਦੀ ਮਿਲੀਭੁਗਤ ਸਦਕਾ ਸੰਗਤ ਬਲਾਕ ਦੇ 7 ਪਿੰਡਾਂ ਦੇ ਲੋਕਾਂ ਨੂੰ ਕਣਕ ਦਾ ਇੱਕ ਵੀ ਦਾਣਾ ਨਸੀਬ ਨਹੀਂ ਹੋਇਆ । ਪਰ ਜਿਲੇ ਦੇ ਉੱਚ ਅਧਿਕਾਰੀ ਹੇਰਾਫੇਰੀ ਕਰਨ ਵਾਲਿਆਂ ’ਤੇ ਕੋਈ ਐਕਸ਼ਨ ਲੈਣ ਲਈ ਤਿਆਰ ਨਹੀਂ । ਮਜ਼ਦੂਰ ਆਗੂਆਂ ਨੇ ਨਜਾਇਜ਼ ਕੱਟੇ ਨੀਲੇ ਕਾਰਡਾਂ ਦੇ ਲਾਭਪਾਤਰੀਆਂ ਦੀਆਂ ਲਿਸਟਾਂ ਡੀਸੀ ਨੂੰ ਦੇਕੇ ਮੰਗ ਕੀਤੀ ਕਿ ਇਨਾਂ ਲੋਕਾਂ ਦੇ ਕਾਰਡ ਬਹਾਲ ਕੀਤੇ ਜਾਣ ਅਤੇ ਬਾਰਸ਼ਾ ਨਾਲ ਨੁਕਸਾਨੇ ਘਰਾਂ ਦਾ ਯੋਗ ਮੁਆਵਜਾ ਦਿੱਤਾ ਜਾਵੇ । ਉਨਾਂ ਐਲਾਨ ਕੀਤਾ ਕਿ ਜਦੋਂ ਤੱਕ ਮਜ਼ਦੂਰਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ । ਹੋਰਨਾਂ ਤੋਂ ਇਲਾਵਾ ਕਾਕਾ ਸਿੰਘ ਜੀਦਾ , ਬਲਵਿੰਦਰ ਸਿੰਘ ਮਾਲੀ ਕੋਠਾ ਗੁਰੂ , ਮਾੜਾ ਸਿੰਘ ਤੇ ਮਹਿੰਗਾ ਸਿੰਘ ਬਾਡੀ ਨੇ ਵੀ ਸਬੋਧਨ ਕੀਤਾ ।
ਨੀਲੇ ਕਾਰਡ ਕੱਟਣ ਵਿਰੁੱਧ ਖੇਤ ਮਜ਼ਦੂਰਾਂ ਨੇ ਕੀਤਾ ਤਿੱਖੇ ਰੋਹ ਦਾ ਪ੍ਰਗਟਾਵਾ
9 Views