ਪ੍ਰੋ. ਤਿਵਾਰੀ ਨੇ ਤ੍ਰਿਭੁਵਨ ਯੂਨੀਵਰਸਿਟੀ ਨੇ ਦੌਰੇ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ : ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀਯੂਪੀਬੀ) ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦਾ ਤ੍ਰਿਭੁਵਨ ਯੂਨੀਵਰਸਿਟੀ, ਨੇਪਾਲ ਦਾ ਸਫਲ ਦੌਰਾ ਕਰਨ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਵਾਪਸ ਆਉਣ ਤੇ ਸਵਾਗਤ ਕੀਤਾ। ਪ੍ਰੋ. ਤਿਵਾਰੀ ਨੇ ਤ੍ਰਿਭੁਵਨ ਯੂਨੀਵਰਸਿਟੀ ਦੇ 48ਵੇਂ ਡਿਗਰੀ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਸ ਦੀ ਪ੍ਰਧਾਨਗੀ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕੀਤੀ ਸੀ।ਪ੍ਰੋ. ਤਿਵਾਰੀ ਦੇ ਸਵਾਗਤ ਲਈ ਆਯੋਜਿਤ ਇਕ ਵਿਸ਼ੇਸ਼ ਪ੍ਰੋਗਰਾਮ ਵਿਚ ਸੀਯੂਪੀਬੀ ਦੇ ਪ੍ਰੀਖਿਆ ਕੰਟਰੋਲਰ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਨੇ ਸਾਂਝਾ ਕੀਤਾ ਕਿ ਮਾਨਯੋਗ ਵਾਈਸ ਚਾਂਸਲਰ ਪ੍ਰੋ. ਤਿਵਾਰੀ ਦੇ ਡਿਗਰੀ ਵੰਡ ਸਮਾਰੋਹ ਸੰਬੋਧਨ ਵਿੱਚ 22,000 ਤੋਂ ਵੱਧ ਨੇਪਾਲੀ ਵਿਦਿਆਰਥੀਆਂ ਅਤੇ ਟੀਯੂ ਸਟਾਫ਼ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਸੰਬੋਧਨ ਦਾ ਤ੍ਰਿਭੁਵਨ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਭਰਪੂਰ ਸਵਾਗਤ ਕੀਤਾ।ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਕਿਹਾ ਕਿ ਉਹ ਟੀਯੂ ਨੇਪਾਲ ਦੁਆਰਾ ਪ੍ਰਦਾਨ ਕੀਤੀ ਮਹਿਮਾਨਨਿਵਾਜ਼ੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਪ੍ਰੋ. ਤਿਵਾਰੀ ਨੇ ਸਾਂਝਾ ਕੀਤਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਦਾ ਪਲ ਸੀ ਜਦੋਂ ਨੇਪਾਲ ਦੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਟੀਯੂ ਦੇ ਚਾਂਸਲਰ ਸ਼੍ਰੀ ਸ਼ੇਰ ਬਹਾਦੁਰ ਦੇਉਵਾ ਨੇ ਤ੍ਰਿਭੁਵਨ ਯੂਨੀਵਰਸਿਟੀ ਦੇ 48ਵੇਂ ਡਿਗਰੀ ਵੰਡ ਸਮਾਰੋਹ ਵਿੱਚ ਪ੍ਰੋ. ਤਿਵਾਰੀ ਦਾ ਮੁੱਖ ਮਹਿਮਾਨ ਵਜੋਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਟੀਯੂ ਨੇਪਾਲ ਦੇ ਨੌਜਵਾਨ ਵਿਦਿਆਰਥੀਆਂ ਨੇ ਉਨ੍ਹਾਂ ਦੇ ਸੰਬੋਧਨ ਨੂੰ ਦਿਲ ਨੂੰ ਛੂਹ ਲੈਣ ਵਾਲਾ ਅਤੇ ਪ੍ਰੇਰਨਾਦਾਇਕ ਸੰਬੋਧਨ ਪਾਇਆ। ਉਹਨਾਂ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਉਹਨਾਂ ਨੂੰ ਨੇਪਾਲ ਦੇ ਚੋਟੀ ਦੇ ਸਿੱਖਿਆ ਸ਼ਾਸਤਰੀਆਂ ਦੇ ਨਾਲ ਨੇਪਾਲ ਦੀ ਮਾਣਯੋਗ ਰਾਸ਼ਟਰਪਤੀ ਸ੍ਰੀਮਤੀ ਵਿਦਿਆ ਦੇਵੀ ਭੰਡਾਰੀ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਜਿੱਥੇ ਉਹਨਾਂ ਨੇ ਸਾਰਿਆਂ ਨੂੰ ਦੱਸਿਆ ਕਿ ਭਾਰਤ ਦੇ ਐਨਈਪੀ-2020 ਦੇ ਪਰਿਵਰਤਨਸ਼ੀਲ ਸੁਧਾਰ ਨੇਪਾਲ ਦੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਕਿਸ ਤਰ੍ਹਾਂ ਲਾਭਦਾਇਕ ਸਾਬਤ ਹੋ ਸਕਦੇ ਹਨ। ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਨੇ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੂੰ ਵਿਦਿਆਰਥੀ ਦਾਖਲੇ ਦੇ ਮਾਮਲੇ ਵਿੱਚ ਦੁਨੀਆ ਦੀ 12 ਵੀਂ ਸਭ ਤੋਂ ਵੱਡੀ ਤ੍ਰਿਭੁਵਨ ਯੂਨੀਵਰਸਿਟੀ ਵਿਖੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਨ ਲਈ ਵਧਾਈ ਦਿਤੀ।
Share the post "ਨੇਪਾਲ ਦੇ ਸਫਲ ਦੌਰੇ ਤੋਂ ਬਾਅਦ ਵਾਪਸ ਆਉਣ ’ਤੇ ਸਟਾਫ਼ ਨੇ ਉਪ ਕੁਲਪਤੀ ਦਾ ਕੀਤਾ ਸਵਾਗਤ"