ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ : ਲੰਘੀ 6-7 ਅਪ੍ਰੈਲ ਦੀ ਅੱਧੀ ਰਾਤ ਨੂੰ ਸਥਾਨਕ ਅਮਰਪੁਰਾ ਬਸਤੀ ਦੀ ਗਲੀ ਨੰਬਰ 6 ਵਿਚ ਰਹੱਸਮਈ ਹਾਲਾਤਾਂ ’ਚ ਅੱਗ ਨਾਲ ਬੁਰੀ ਤਰਾਂ ਸੜੀ ਹੋਈ ਬਰਾਮਦ ਲਾਸ਼ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿਚ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਸੀ, ਜਿੰਨ੍ਹਾਂ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ। ਪ੍ਰੰਤੂ ਬਾਅਦ ਵਿਚ ਮ੍ਰਿਤਕ ਦੇ ਭਾਈ ਨੂੰ ਸ਼ੱਕ ਹੋਣ ’ਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸਤੋਂ ਬਾਅਦ ਜਦ ਪੁਲਿਸ ਨੇ ਪੜਤਾਲ ਕੀਤੀ ਤਾਂ ਸਾਰੀ ਸਚਾਈ ਸਾਹਮਣੇ ਆਈ। ਪੁਲਿਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਮ੍ਰਿਤਕ ਕਰਨੈਲ ਦੇ ਭਰਾ ਮਲਕੀਤ ਸਿੰਘ ਵਾਸੀ ਮਾਡਲ ਟਾਊਨ ਦੀ ਸਿਕਾਇਤ ਤੋਂ ਬਾਅਦ ਮ੍ਰਿਤਕ ਦੀ ਪਤਨੀ ਦੀਪ ਕੌਰ ਤੇ ਪੁੱਤਰ ਅਜੈ ਸਿੰਘ ਵਾਸੀ ਅਮਰਪੁਰਾ ਬਸਤੀ ਤੋਂ ਇਲਾਵਾ ਉਸਦੇ ਦੋ ਦੋਸਤ ਅਸ਼ੀਸ਼ ਕੁਮਾਰ ਵਾਸੀ ਅਮਰਪੁਰਾ ਬਸਤੀ ਅਤੇ ਕੁਲਦੀਪ ਸਿੰਘ ਵਾਸੀ ਦਸਮੇਸ਼ ਨਗਰ ਸਹਿਤ ਉਸਦੇ ਇੱਕ ਰਿਸਤੇਦਾਰ ਇੰਦਰਜੀਤ ਸਿੰਘ ਬਠਿੰਡਾ ਵਿਰੁਧ ਧਾਰਾ 302, 201,120ਬੀ, 148,149 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸਿਕਾਇਤਕਰਤਾ ਮਲਕੀਤ ਸਿੰਘ ਜਦ 6 ਅਪ੍ਰੈਲ ਨੂੰ ਅਪਣੇ ਭਰਾ ਦੇ ਘਰ ਗਿਆ ਸੀ ਤਾਂ ਉਕਤ ਕਥਿਤ ਦੋਸ਼ੀ ਉਸਦੀ ਕੁੱਟਮਾਰ ਕਰ ਰਹੇ ਸਨ ਤੇ ਉਸਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਇਹ ਉਸਦਾ ਘਰ ਦਾ ਮਾਮਲਾ ਹੈ। ਜਦੋਂਕਿ 7 ਅਪ੍ਰੈਲ ਦੀ ਸਵੇਰ ਪਤਾ ਚੱਲਿਆ ਕਿ ਉਸਦੇ ਭਰਾ ਕਰਨੈਲ ਸਿੰਘ ਦੀ ਮੌਤ ਹੋ ਗਈ। ਪੁੱਛਣ ’ਤੇ ਕਥਿਤ ਦੋਸ਼ੀਆਂ ਨੇ ਕਿਹਾ ਕਿ ਰਾਤ ਨੂੰ ਬੀੜੀ ਪੀਣ ਸਮੇਂ ਕੱਪੜਿਆਂ ਨੂੰ ਅੱਗ ਲੱਗ ਗਈ ਤੇ ਜਿਸ ਕਾਰਨ ਉਸਦੀ ਵੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਪਤਾ ਲੱਗਿਆ ਹੈ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ, ਜਿਸ ਕਾਰਨ ਉਹ ਪ੍ਰਵਾਰ ਦੀ ਕੁੱਟਮਾਰ ਕਰਦਾ ਸੀ ਤੇ ਘਰ ਵਿਚ ਕਲੈਸ ਰਹਿੰਦਾ ਸੀ ਤੇ ਇਹ ਘਟਨਾ ਵਾਪਰ ਗਈ। ਥਾਣਾ ਕੈਨਾਲ ਕਲੌਨੀ ਦੇ ਮੁਖੀ ਸਬ ਇੰਸਪੈਕਟਰ ਪਾਰਸ ਚਹਿਲ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ, ਜਿਸਤੋਂ ਬਾਅਦ ਹੁਣ ਉਨ੍ਹਾਂ ਤੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।
ਪਤੀ ਦਾ ਕਤਲ ਕਰਕੇ ਉਸਨੂੰ ਜਲਾਉਣ ਵਾਲੀ ਪਤਨੀ ਤੇ ਪੁੱਤਰ ਸਹਿਤ ਚਾਰ ਕਾਬੂ
10 Views