ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਦਿ੍ਰੜ ਇਰਾਦੇ, ਸਖਤ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਆ
ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਸਮਝਦਿਆਂ ਗਰੀਨ ਦੀਵਾਲੀ ਮਨਾਈ ਜਾਵੇ: ਪਰਗਟ ਸਿੰਘ
ਪਰਗਟ ਸਿੰਘ ਨੇ ਆਪਣੇ ਸਕੂਲ ਅਧਿਆਪਕਾਂ ਅਤੇ ਸਕੂਲੀ ਸਹਿਪਾਠੀਆਂ ਨੂੰ ਵੀ ਚੇਤੇ ਕੀਤਾ
ਮਾਤ ਭਾਸ਼ਾ ਪੰਜਾਬੀ ਨੂੰ ਅਹਿਮੀਅਤ ਦੇਣ ’ਤੇ ਦਿੱਤਾ ਜ਼ੋਰ
ਪ੍ਰਾਇਮਰੀ ਤੋਂ ਹੀ ਬੱਚਿਆਂ ਦੇ ਹੁਨਰ ਦੀ ਤਲਾਸ਼ ਕਰਕੇ ਕਰੀਅਰ ਕਾਊਂਸਲਿੰਗ ਕੀਤੀ ਜਾਵੇ
ਸੁਖਜਿੰਦਰ ਮਾਨ
ਚੰਡੀਗੜ, 2 ਨਵੰਬਰ: ਨੌਜਵਾਨਾਂ ਨੂੰ ਨਿਸ਼ਾਨੇ ਦੀ ਪ੍ਰਾਪਤੀ ਲਈ ਸਖਤ ਮਿਹਨਤ, ਦਿ੍ਰੜ ਇਰਾਦੇ ਤੇ ਸਮਰਪਣ ਭਾਵਨਾ ਨਾਲ ਆਪਣ ਕੰਮ ਕਰਨਾ ਚਾਹੀਦਾ ਹੈ। ਟੀਚਾ ਕਿੰਨਾ ਵੀ ਮੁਸ਼ਕਲ ਹੋਵੇ, ਉਹ ਅਸੰਭਵਨ ਨਹੀਂ ਹੁੰਦਾ ਜਿਸ ਲਈ ਹਾਂਪੱਖੀ ਰਵੱਈਆ ਨਹੀਂ ਛੱਡਣਾ ਚਾਹੀਦਾ। ਹਰ ਬੱਚੇ ਅੰਦਰ ਹੁਨਰ ਛੁਪਿਆ ਹੁੰਦਾ ਹੈ, ਲੋੜ ਹੈ ਇਸ ਦੀ ਸ਼ਨਾਖਤ ਕਰਕੇ ਤਰਾਸ਼ਣ ਦੀ। ਪ੍ਰਾਇਮਰੀ ਤੋਂ ਹੀ ਬੱਚਿਆਂ ਦੀ ਕਰੀਅਰ ਕਾਊਂਸਿੰਗ ਕਰਨੀ ਚਾਹੀਦੀ ਹੈ।ਇਹ ਗੱਲ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਐਜੂਸੈਟ ਰਾਹੀਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਆਪਣੇ ਸੰਬੋਧਨ ਵਿੱਚ ਕਹੀ।
ਪਰਗਟ ਸਿੰਘ ਨੇ ਟਾਟਾਂ ਉਤੇ ਬੈਠੇ ਕੇ ਛੋਟੇ ਹੁੰਦਿਆਂ ਸਕੂਲ ਵਿੱਚ ਕੀਤੀ ਪੜਾਈ ਦੇ ਦਿਨਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਅੱਜ ਉਹ ਜਿਸ ਮੁਕਾਮ ਉਤੇ ਵੀ ਹਨ, ਉਹ ਆਪਣੇ ਅਧਿਆਪਕਾਂ ਦੀ ਬਦੌਲਤ ਹਨ। ਉਨਾਂ ਆਪਣੇ ਮੁੱਖ ਅਧਿਆਪਕ ਰਹੇ ਮੁਖਤਿਆਰ ਸਿੰਘ, ਮੈਥ ਮਾਸਟਰ ਬਸੰਤ ਸਿੰਘ, ਫਿਜ਼ੀਕਲ ਐਜੂਕੇਸ਼ਨ ਟੀਚਰ ਦਲਜੀਤ ਸਿੰਘ, ਹਿੰਦੀ ਅਧਿਆਪਕਾ ਸੀਤਾ ਸ਼ਰਮਾ, ਡਰਾਇੰਗ ਟੀਚਰ ਗਿਆਨ ਚੰਦ ਨੂੰ ਚੇਤੇ ਕਰਦਿਆਂ ਕਿਹਾ ਕਿ ਅਧਿਆਪਕ ਦਾ ਸਮਾਜ ਵਿੱਚ ਜੋ ਰੁਤਬਾ ਹੈ, ਉਸ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ।
ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਦੀ ਚੰਗੀ ਸਿਹਤ ਅਤੇ ਵਾਤਾਵਰਨ ਦੀ ਸੰਭਾਲ ਲਈ ਇਸ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਪਟਾਕਿਆਂ ਦੀ ਵਰਤੋਂ ਨਾ ਕਰਨ ਲਈ ਕਹਿੰਦਿਆਂ ਗਰੀਨ ਦੀਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ। ਉਨਾਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਵਿਦਿਆਰਥੀਆਂ ਨੂੰ ਚੰਗੀ ਸਿਹਤ ਲਈ ਸੰਤੁਲਿਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਫਾਸਟ ਫੂਡ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਵਧੇਰੇ ਤੰਦਰੁਸਤ ਜੀਵਨ ਜੀ ਸਕਦੇ ਹਨ।
ਸ. ਪਰਗਟ ਸਿੰਘ ਨੇ ਮਾਤ ਭਾਸ਼ਾ ਪੰਜਾਬੀ ਦੀ ਅਹਿਮੀਅਤ ਦੇਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਚੀਨ, ਜਪਾਨ ਵਰਗੇ ਮੁਲਕਾਂ ਨੇ ਆਪਣੇ ਮਾਤ ਭਾਸ਼ਾ ਵਿੱਚ ਹੀ ਤਰੱਕੀ ਕੀਤੀ ਹੈ। ਬੱਚਾ ਜੋ ਆਪਣੀ ਮਾਂ ਬੋਲੀ ਵਿੱਚ ਵਧੀਆ ਸਿੱਖ ਸਕਦਾ ਹੈ, ਉਹ ਹੋਰ ਕਿਸੇ ਭਾਸ਼ਾ ਵਿੱਚ ਨਹੀਂ। ਉਨਾਂ ਕਿਹਾ ਕਿ ਪੰਜਾਬੀ ਵਿੱਚ ਹਰ ਵਿਸ਼ੇ ਦਾ ਗਿਆਨ ਅਨੁਵਾਦ ਕਰਕੇ ਇਸ ਨੂੰ ਡਿਜੀਟਾਈਜ਼ਡ ਕੀਤਾ ਜਾਵੇ।
ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਚੰਗੀ ਜ਼ਿੰਦਗੀ ਜਿਉਣ ਦੇ ਹੁਨਰਾਂ ਤੋਂ ਜਾਣੰੂ ਕਰਵਾਇਆ ਗਿਆ। ਉਨਾਂ ਵਿਦਿਆਰਥੀਆਂ ਨੂੰ ਸਕਰਾਤਮਕ ਸੋਚ ਵਾਲਾ ਰਵੱਈਆ ਅਪਣਾਉਂਦੇ ਹੋਏ ਚੰਗੇ ਗੁਣਾਂ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਜੇਕਰ ਉਹ ਦਿ੍ਰੜ ਇਰਾਦੇ ਨਾਲ ਮਿਹਨਤ ਕਰਦੇ ਹਨ ਤਾਂ ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹਨ। ਜ਼ਿੰਦਗੀ ਵਿੱਚ ਮਾਤਾ ਪਿਤਾ ਦੇ ਨਾਲ-ਨਾਲ ਅਧਿਆਪਕਾਂ ਦਾ ਰੋਲ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਵਾਉਣ ਲਈ ਅਧਿਆਪਕ ਬਹੁਤ ਮਹੱਤਵਪੂਰਨ ਨਿਭਾਉਂਦੇ ਹਨ।
ਪਰਗਟ ਸਿੰਘ ਜੋ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਵੀ ਹਨ, ਨੇ ਆਪਣੇ ਹਾਕੀ ਖੇਡ ਦੇ ਸ਼ੁਰੂਆਤੀ ਦਿਨਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਕਿਵੇਂ 18 ਸਾਲ ਦੀ ਉਮਰ ਵਿੱਚ ਭਾਰਤੀ ਟੀਮ ਵੱਲੋਂ ਆਪਣੇ ਪਹਿਲੇ ਟੂਰ ਲਈ ਨਵੀਂ ਦਿੱਲੀ ਤੋਂ ਜਲੰਧਰ ਪਾਸਪੋਰਟ ਲੈਣ ਅੱਧੀ ਰਾਤ ਨੂੰ ਟਰੱਕਾਂ ਰਾਹੀਂ ਪੁੱਜੇ ਅਤੇ ਫੇਰ ਦੁਪਹਿਰ ਤੱਕ ਵਾਪਸ ਜਾਣ ਲਈ ਜਲੰਧਰ ਤੋਂ ਮਿੱਠਾਪੁਰ ਤੱਕ ਸੱਤ ਕਿਲੋਮੀਟਰ ਦੌੜ ਕੇ ਗਏ। ਉਨਾਂ ਕਿਹਾ ਕਿ ਹਾਕੀ ਖੇਡ ਨੇ ਉਨਾਂ ਨੂੰ ਟੀਮ ਭਾਵਨਾ ਵਿੱਚ ਖੇਡਣਾ ਸਿਖਾਇਆ ਜਿਸ ਲਈ ਜ਼ਿੰਦਗੀ ਦੇ ਹਰ ਮੰਚ ਉਤੇ ਟੀਮ ਖੇਡ ਵਿੱਚ ਵਿਸ਼ਵਾਸ ਰੱਖਦੇ ਹਨ ਜਿੱਥੇ ਹਰ ਵਿਅਕਤੀ ਦੀ ਆਪਣੀ ਅਹਿਮੀਅਤ ਹੈ।
ਇਸ ਮੌਕੇ ਸਿੱਖਿਆ ਸਕੱਤਰ ਅਜੋਏ ਸ਼ਰਮਾ ਨੇ ਕਿਹਾ ਕਿ ਪੜਾਈ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸ ਲਈ ਪੜਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਚੰਗੇ ਕਿਰਦਾਰ ਦੇ ਵੀ ਧਾਰਨੀ ਹੋਣਾ ਚਾਹੀਦਾ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਅਗਰਵਾਲ ਨੇ ਸਿੱਖਿਆ ਵਿਭਾਗ ਵਿੱਚ ਪਿਛਲੇ ਸਮੇਂ ਵਿੱਚ ਹੋਈਆਂ ਨਵੀਆਂ ਪਹਿਲਕਦਮੀਆਂ ਦੀ ਸਲਾਹੁਤਾ ਕੀਤਾ।
ਇਸ ਮੌਕੇ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਸਿੰਘ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਜਰਨੈਲ ਸਿੰਘ, ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਹਰਿੰਦਰ ਕੌਰ, ਸਹਾਇਕ ਡਾਇਰੈਕਟਰ ਗੁਰਜੀਤ ਸਿੰਘ ਤੇ ਸ੍ਰੀਮਤੀ ਬਿੰਦੂ ਗੁਲਾਟੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਯੋਗਰਾਜ ਸਿੰਘ, ਵਾਈਸ ਚੇਅਰਮੈਨ ਵਰਿੰਦਰ ਭਾਟੀਆ, ਕੰਟਰੋਲਰ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਅਤੇ ਸਹਾਇਕ ਸਕੱਤਰ ਗੁਰਤੇਜ ਸਿੰਘ ਵੀ ਹਾਜ਼ਰ ਸਨ।
ਪਰਗਟ ਸਿੰਘ ਹੋਏ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਰੂਬਰੂ
7 Views