ਰਾਮ ਸਿੰਘ ਕਲਿਆਣ
ਨਥਾਣਾ , 18 ਮਈ : ਲੋਕ ਮੋਰਚਾ ਪੰਜਾਬ ਨੇ ਪਹਿਲਵਾਨ ਕੁੜੀਆਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਜਿਣਸੀ ਸ਼ੋਸ਼ਣ ਖਿਲਾਫ ਧਰਨੇ ਦੀ ਹਮਾਇਤ ਵਿੱਚ ਅੱਜ ਇੱਥੇ ਪਿੰਡ ਨਥਾਣਾ ਵਿਖੇ ਇਕੱਠ ਕਰ ਕੇ ਸੜਕਾਂ ਤੇ ਰੋਸ ਮਾਰਚ ਕੀਤਾ । ਇਸ ਸੰਬੰਧੀ ਜਾਣਕਾਰੀ ਗੁਰਮੁੱਖ ਸਿੰਘ ਵੱਲੋ ਸਾਂਝੀ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾ ਸਕੱਤਰ ਸ੍ਰੀ ਜਗਮੇਲ ਸਿੰਘ ਨੇ ਕਿਹਾ ਕਿ ਇਨ੍ਹਾਂ ਕੁੜੀਆਂ ਵੱਲੋਂ ਉਠਾਈ ਆਵਾਜ਼ ਸਮੂਹ ਸਮਾਜ ਦੀ ਹਮਾਇਤ ਦੀ ਹੱਕਦਾਰ ਹੈ। ਇਹ ਮਸਲਾ ਨਾ ਸਿਰਫ ਸਾਡੇ ਸਮਾਜ ਅੰਦਰ ਕੁੜੀਆਂ ਨਾਲ ਨਿੱਤ ਦਿਨ ਵਾਪਰਦੀਆਂ ਵਧੀਕੀਆਂ ਦਾ ਮਸਲਾ ਹੈ। ਉੱਚ ਸਿਆਸੀ ਅਤੇ ਪ੍ਰਬੰਧਕ ਰੁਤਬੇ ਦੇ ਸਿਰ ਤੇ ਇਨ੍ਹਾਂ ਖਿਡਾਰਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਹੁਣ ਉਸੇ ਰੁਤਬੇ ਦੇ ਸਿਰ ਤੇ ਪੀੜਤਾਂ ਦੀ ਅਵਾਜ਼ ਨੂੰ ਦਬਾਉਣ ਲਈ ਸਾਰੇ ਯਤਨ ਜੁਟਾਏ ਜਾ ਰਹੇ ਹਨ। ਇਨ੍ਹਾਂ ਖਿਡਾਰਨਾਂ ਉਪਰ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ। ਦਿੱਲੀ ਪੁਲਿਸ ਨੇ ਪਹਿਲਾਂ ਲੰਬਾ ਸਮਾਂ ਰਿਪੋਰਟ ਦਰਜ ਕਰਨ ਤੋਂ ਟਾਲਾ ਵੱਟੀ ਰੱਖਿਆ ਹੈ।ਜਥੇਬੰਦੀ ਦੇ ਆਗੂਆਂ ਨੇ ਪੀੜਤ ਖਿਡਾਰਨਾਂ ਨੂੰ ਇਨਸਾਫ ਦੇਣ, ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕਰਨ ਉਸਨੂੰ ਮੌਜੂਦਾ ਐਮ ਪੀ ਦੀ ਸੀਟ ਅਤੇ ਕੁਸ਼ਤੀ ਫ਼ੈਡਰੇਸ਼ਨ ਦੇ ਮੁਖੀ ਦੇ ਅਹੁਦੇ ਤੋਂ ਬਰਖਾਸਤ ਕਰਨ,ਖਿਡਾਰਨਾਂ ਨਾਲ ਖਿੱਚ-ਧੂਹ ਕਰਨ ਵਾਲੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਜ਼ੋਰਦਾਰ ਮੰਗ ਕੀਤੀ। ਰੈਲੀ ਦੌਰਾਨ ਬਿੱਕਰ ਪੂਹਲਾ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲਾ ਕਮੇਟੀ ਮੈਂਬਰ ਗੁਰਮੁੱਖ ਸਿੰਘ ਵੱਲੋਂ ਨਿਭਾਈ ਗਈ।
ਪਹਿਲਵਾਨ ਕੁੜੀਆਂ ਦੀ ਹਿਮਾਇਤ ਵਿੱਚ ਨਥਾਣਾ ਵਿਖੇ ਰੋਸ ਮਾਰਚ
7 Views