ਸੁਖਜਿੰਦਰ ਮਾਨ
ਬਠਿੰਡਾ, 10 ਜੂਨ : ਦੇਸ਼ ਦੀ ਖੇਤੀ ਅਤੇ ਪਾਣੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਤੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦ ਤਹਿਤ ਪੰਜ ਰੋਜਾ ਧਰਨਿਆਂ ਦੇ ਅੱਜ ਅਖੀਰਲੇ ਦਿਨ ਦੇ ਧਰਨਿਆਂ ਵਿਚ ਕਿਸਾਨਾਂ ,ਮਜਦੂਰਾਂ,ਮੁਲਾਜਮਾਂ ਸਮੇਤ ਵੱਖ ਵੱਖ ਤਬਕਿਆਂ ਦੇ ਮਰਦਾਂ , ਨੌਜਵਾਨਾਂ, ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ । ਅੱਜ ਦੇ ਧਰਨਿਆਂ ਨੂੰ ਜਿਲ੍ਹੇ ਦੇ ਮੁੱਖ ਬੁਲਾਰਿਆਂ ਸ਼ਿੰਗਾਰਾ ਸਿੰਘ ਮਾਨ ,ਹਰਿੰਦਰ ਬਿੰਦੂ, ਕਰਮਜੀਤ ਕੌਰ ਲਹਿਰਾਖਾਨਾ ,ਜਗਦੇਵ ਸਿੰਘ ਜੋਗੇਵਾਲਾ, ਬਸੰਤ ਸਿੰਘ ਕੋਠਾਗੁਰੂ ,ਜਗਸੀਰ ਸਿੰਘ ਝੁੰਬਾ ,ਦਰਸ਼ਨ ਸਿੰਘ ਮਾਈਸਰਖਾਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਹੇਠਲਾ ਪਾਣੀ ਡੂੰਘਾ ਅਤੇ ਪ੍ਰਦੂਸ਼ਿਤ ਹੋਣਾ ਅਤੇ ਨਹਿਰਾਂ ,ਦਰਿਆਵਾਂ ਦਾ ਪਾਣੀ ਹੋ ਰਿਹਾ ਜ਼ਹਿਰੀਲਾ ਤੇ ਗੰਦਾ ਅਤਿ ਸੰਕਟਮਈ ਅਤੇ ਗੰਭੀਰ ਮੁੱਦਾ ਹੈ । ਇਸ ਮਸਲੇ ਨੂੰ ਹੱਲ ਕਰਨ ਸਬੰਧੀ ਸਾਰੇ ਲੋਕਾਂ ਨੂੰ ਜਾਗਰਿਤ ਕਰਕੇ ਆਉਣ ਵਾਲੇ ਸਮੇਂ ਵਿੱਚ ਧਰਨੇ ਅਤੇ ਮੋਰਚੇ ਲਾ ਕੇ ਸਰਕਾਰਾਂ ਨੂੰ ਮਜਬੂਰ ਕੀਤਾ ਜਾਵੇਗਾ ਤੇ ਨਾਲ ਹੀ ਲੋਕਾਂ ਵੱਲੋਂ ਵੀ ਬਣਦਾ ਯੋਗਦਾਨ ਹੋਣ ਲਈ ਪ੍ਰੇਰਿਆ ਜਾਵੇਗਾ । ਇਸ ਸਬੰਧੀ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਪਾਣੀ ਦੇ ਸਾਂਭ ਸੰਭਾਲ ਦਾ ਪ੍ਰਬੰਧ ਨਿੱਜੀ ਹੱਥਾਂ ਵਿਚ ਦੇਣ ਦੇ ਫੈਸਲੇ ਰੱਦ ਕਰਕੇ ਇਸ ਦਾ ਸਰਕਾਰੀਕਰਨ ਕੀਤਾ ਜਾਵੇ ਅਤੇ ਇਸ ਦੀ ਸੰਭਾਲ ਲਈ ਬਜਟ ਰਾਸ਼ੀ ਦਾ ਪ੍ਰਬੰਧ ਕੀਤਾ ਜਾਵੇ , ਧਰਤੀ ਹੇਠਲਾ ਪਾਣੀ ਨੂੰ ਜਹਿਰੀਲਾ ਹੋਣ ਤੋਂ ਰੋਕਣ ਅਤੇ ਵਾਤਾਵਰਣ ਪ੍ਰਦੂਸ਼ਣ ਰੋਕਣ ਲਈ ਘੱਟ ਲਾਗਤ ਖ਼ਰਚੇ ਘੱਟ ਪਾਣੀ ਨਾਲ ਵੱਧ ਪੈਦਾਵਾਰ ਦੇਣ ਵਾਲੀਆਂ ਫ਼ਸਲਾਂ ਦੇ ਬੀਜ ਤਿਆਰ ਕੀਤੇ ਜਾਣ ਅਤੇ ਸਾਰੀਆਂ ਫਸਲਾਂ ਦਾ ਭਾਅ (2+50%) ਦੇ ਫਾਰਮੂਲੇ ਅਨੁਸਾਰ ਮਿੱਥ ਕੇ ਉਨ੍ਹਾਂ ਦੇ ਸਰਕਾਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ ,ਨਹਿਰਾਂ ਅਤੇ ਦਰਿਆਵਾਂ ਵਿੱਚ ਅਤੇ ਧਰਤੀ ਹੇਠਾਂ ਸ਼ਰ੍ਹੇਆਮ ਦਿਨ ਰਾਤ ਸੁੱਟ ਰਹੀਆਂ ਜ਼ਹਿਰੀਲਾ ਤੇ ਗੰਦਾ ਪਾਣੀ ਵਾਲੀਆਂ ਫੈਕਟਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅੱਗੇ ਤੋਂ ਇਸ ਪਾਣੀ ਨੂੰ ਸੋਧ ਕੇ ਵਰਤੋਂ ਯੋਗ ਲਿਆਂਦਾ ਜਾਵੇ ,ਘਰੇਲੂ ਅਤੇ ਸ਼ਹਿਰੀ ਵਸੋਂ ਦਾ ਸਾਫ ਬਰਸਾਤੀ ਪਾਣੀ ਅਤੇ ਨਹਿਰਾਂ ਦਰਿਆਵਾਂ ਦੇ ਵਾਧੂ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕਰਨ ਦਾ ਪ੍ਰਬੰਧ ਕੀਤਾ ਜਾਵੇ । ਨਹਿਰਾਂ, ਰਜਬਾਹਿਆਂ ,ਖਾਲਿਆਂ ਦੀ ਸਫਾਈ ਦਾ ਪ੍ਰਬੰਧ ਕਰ ਕੇ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਵਧਾਈ ਜਾਵੇ, ਸ਼ਹਿਰਾਂ ਅਤੇ ਪਿੰਡਾਂ ਦੇ ਸੀਵਰੇਜ ਤੇ ਹੋਰ ਗੰਦੇ ਪਾਣੀ ਨੂੰ ਸੋਧ ਕੇ ਇਸ ਨੂੰ ਸਿੰਜਾਈ ਜਾਂ ਹੋਰ ਕੰਮਾਂ ਲਈ ਵਰਤਿਆ ਜਾਵੇ , ਨਵੀਂ ਜਲ ਨੀਤੀ ਦਾ ਖਰੜਾ ਰੱਦ ਕੀਤਾ ਜਾਵੇ , ਜਲ ਘਰਾਂ ਦਾ ਕੀਤਾ ਜਾ ਰਿਹਾ ਨਿੱਜੀਕਰਨ ਬੰਦ ਕਰ ਕੇ ਇਸ ਦਾ ਪਹਿਲਾਂ ਵਾਲਾ ਢਾਂਚਾ ਬਹਾਲ ਕੀਤਾ ਜਾਵੇ ਅਤੇ ਇਸ ਵਿਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਦੀਆਂ ਰੈਗੂਲਰ ਭਰਤੀ ਕੀਤੀ ਜਾਵੇ ।ਉਨ੍ਹਾਂ ਕਿਹਾ ਕਿ ਕੁੱਝ ਕੁ ਪਿੰਡਾਂ ਦੀ ਵਸੋਂ ਦਾ ਸਾਫ ਬਰਸਾਤੀ ਪਾਣੀ ਧਰਤੀ ਵਿੱਚ ਰੀਚਾਰਜ ਕਰਨ ਲਈ ਛੱਪੜ ਪੁੱਟ ਕੇ ਸਰਕਾਰ ਨੂੰ ਨਮੂਨੇ ਦੇ ਤੌਰ ਤੇ ਪੇਸ਼ ਕੀਤਾ ਜਾਵੇਗਾ ।
Share the post "ਪਾਣੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਤੋਂ ਰੋਕਣ ਲਈ ਕਿਸਾਨ ਜਥੇਬੰਦੀ ਦੇ ਪੰਜ ਰੋਜ਼ਾਂ ਧਰਨੇ ਹੋਏ ਖ਼ਤਮ"