ਸੁਖਜਿੰਦਰ ਮਾਨ
ਬਠਿੰਡਾ, 20 ਮਈ: ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਦਿਨੋ ਦਿਨ ਡਿੱਗ ਰਿਹਾ ਪੱਧਰ ਚਿੰਤਾਜਨਕ ਤੇ ਵੱਡੀ ਸਮੱਸਿਆ ਬਣ ਚੁੱਕਾ ਹੈ। ਇਸ ਡਿੱਗ ਰਹੇ ਪੱਧਰ ਨੂੰ ਠੱਲ ਪਾਉਣ ਲਈ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਦੀ ਕੜੀ ਵਜੋਂ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤਰਾਂ ਕਿਸਾਨਾਂ ਨੂੰ ਸਿੱਧੀ ਬਿਜਾਈ ਤਕਨੀਕ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਇਸ ਤਕਨੀਕ ਦੀ ਸਫ਼ਲਤਾ ਲਈ ਪੰਜਾਬ ਸਰਕਾਰ ਵੱਲੋਂ 15 ਸੌ ਰੁਪਏ ਪ੍ਰਤੀ ਏਕੜ ਮਾਲੀ ਮੱਦਦ ਵੀ ਕੀਤੀ ਜਾ ਰਹੀ ਹੈ।
ਡਾ: ਪਾਖਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਦੇ ਨਿਰਦੇਸਾਂ ਅਤੇ ਡਾ: ਜਗਦੀਸ ਸਿੰਘ ਖੇਤੀਬਾੜੀ ਅਫ਼ਸਰ ਬਲਾਕ ਬਠਿੰਡਾ ਦੀ ਅਗਵਾਈ ਹੇਠ ਸਰਕਲ ਬਠਿੰਡਾ 2 ਵਿੱਚ ਪੈਂਦੇ ਪਿੰਡ ਗੁਲਾਬਗੜ, ਪੱਤੀ ਮਹਿਣਾ ਬਠਿੰਡਾ ਤੇ ਕਟਾਰ ਸਿੰਘ ਵਾਲਾ ਦਾ ਇੱਕ ਸਾਂਝਾ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕਿਸਾਨਾਂ ਨੇ ਭਰਵੀਂ ਸਮੂਲੀਅਤ ਕੀਤੀ। ਕੈਂਪ ਨੂੰ ਸੰਬੋਧਨ ਕਰਦਿਆਂ ਡਾ: ਜਗਪਾਲ ਸਿੰਘ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਤਕਨੀਕ ਨਾਲ ਰਿਵਾਇਤੀ ਵਿਧੀ ਦੇਦ ਮੁਕਾਬਲੇ 15 ਤੋਂ 20 ਫੀਸਦੀ ਪਾਣੀ ਤੇ ਮਜਦੂਰੀ ਦੀ ਬੱਚਤ ਕੀਤੀ ਜਾ ਸਕਦੀ ਹੈ। ਉਹਨਾਂ ਸੁਝਾਅ ਦਿੱਤਾ ਕਿ ਰੇਤਲੀਆਂ ਜ਼ਮੀਨਾਂ ਨਾਲੋਂ ਹਟ ਕੇ ਸਿਰਫ਼ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿੱਚ ਹੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਚੋਣਦ ਕਰਕੇ ਸਿੱਧੀ ਬਿਜਾਈ ਦੀ ਕਾਸ਼ਤ ਕੀਤੀ ਜਾਵੇ। ਉਹਨਾਂ ਦੱਸਿਆ ਕਿ ਇੱਕ ਏਕੜ ਝੋਨੇ ਦੀ ਸਿੱਧੀ ਬਿਜਾਈ ਲਈ 8 ਤੋਂ 10 ਕਿਲੋ ਬੀਜ ਦੀ ਵਰਤੋਂ ਕਰਨ। ਉਹਨਾਂ ਸਮਝਾਇਆ ਕਿ 3 ਗਰਾਂਮ ਸਪਰਿੰਟ 75 ਡਬਨਿਊ ਐੱਸ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਪਾਣੀ ਵਿੱਚ ਮਿਲਾ ਕੇ 8 ਤੋਂ 12 ਘੰਟਿਆਂ ਲਈ ਭਿਉਂ ਕੇ, ਛਾਵੇਂ ਸੁਕਾ ਕੇ ਸੋਧਣ ਨਾਲ ਫੁਟਾਰਾ ਜਲਦੀ ਹੁੰਦਾ ਹੈ।
ਡਾ: ਜਗਪਾਲ ਸਿੰਘ ਨੇ ਦੱਸਿਆ ਕਿ ਤਰ ਵੱਤਰ ਤਕਨੀਕ ਨਾਲ ਝੋਨੇ ਦੀ ਸਿੱਧੀ ਬਿਜਾਈ ਨਾਲ ਨਦੀਨਾਂ ਤੇ ਕਾਫ਼ੀ ਹੱਦ ਤੱਕ ਕੰਟਰੌਲ ਕੀਤਾ ਜਾ ਸਕਦਾ ਹੈ। ਉਹਨਾਂ ਸੁਝਾਅ ਦਿੱਤਾ ਕਿ ਨਦੀਨਾਂ ਤੋਂ ਛੁਟਕਾਰੇ ਲਈ ਇੱਕ ਲਿਟਰ ਮੈਂਡੀਮੈਥਾਲਿਨ 30 ਈ ਸੀ 200 ਲਿਟਰ ਪਾਣੀ ਵਿੱਚ ਬਿਜਾਈ ਦੇ ਤੁਰੰਤ ਬਾਅਦ ਪ੍ਰਤੀ ਏਕੜ ਦੀ ਸਪਰੇਅ ਦਾ ਛਿੜਕਾਅ ਸਵੇਰ ਅਤੇ ਸ਼ਾਮ ਵੇਲੇ ਕੀਤਾ ਜਾਣਾ ਚਾਹੀਦਾ ਹੈ ਅਤੇ ਬਿਜਾਈ ਤੋਂ ਬਾਅਦ ਪਹਿਲਾ ਪਾਣੀ 21 ਦਿਨਾਂ ਪਿੱਛੋਂ ਲਗਾਉਣਾ ਚਾਹੀਦਾ ਹੈ। ਇਸ ਮੌਕੇ ਡਾ: ਨਵਰਤਨ ਕੌਰ ਖੇਤੀਬਾਡੀ ਵਿਕਾਸ ਅਫ਼ਸਰ ਨੇ ਸਾਉਣੀ ਦੀਆਂ ਦਾਲਾਂ ਸਬੰਧੀ ਉੱਨਤ ਕਿਸਮਾਂ, ਖਾਦ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ ਅਤੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਹਰ ਕਿਸਾਨ ਨੂੰ ਥੋੜਾ ਥੋੜਾ ਰਕਬਾ ਸਿੱਧੀ ਬਿਜਾਈ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਸ੍ਰੀਮਤੀ ਅਮਨਵੀਰ ਕੌਰ ਖੇਤੀਬਾੜੀ ਨਿਰੀਖਕ ਤੇ ਕਿਸਾਨਾਂ ਨੇ ਭਾਗ ਲਿਆ। ਖੇਤੀਬਾੜੀ ਅਧਿਕਾਰੀਆਂ ਨੇ ਕਿਸਾਨਾਂ ਦੇ ਸੁਆਲਾਂ ਦੇ ਜੁਆਬ ਦਿੱਤੇ ਅਤੇ ਪਾਣੀ ਦੀ ਬੱਚਤ ਕਰਨ ਦੀ ਅਪੀਲ ਕੀਤੀ।
Share the post "ਪਾਣੀ ਦੀ ਬੱਚਤ ਲਈ ਸਿੱਧੀ ਬਿਜਾਈ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਕੈਂਪਾਂ ਦਾ ਆਯੋਜਨ"