2039 ਤੱਕ ਪੰਜਾਬ ਵਿੱਚ ਪਾਣੀ ਹੋ ਜਾਵੇਗਾ 1000 ਫੁੱਟ ਤੱਕ ਡੂੰਘਾ
ਪਾਣੀਆਂ ਦੀ ਧਰਤੀ ਹੋ ਰਹੀ ਹੈ ਬੇਆਬ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ,8 ਦਸੰਬਰ: ਪਾਰਲੀਮੈਂਟ ਦੇ ਚੱਲ ਰਹੇ ਸਰਦ ਰੁੱਤ ਦੇ ਸ਼ੈਸ਼ਨ ਦੌਰਾਨ ਰਾਜ ਸਭਾ ਮੈਂਬਰ ‘ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਪਾਣੀਆਂ ਦੀ ਫਿਕਰਮੰਦੀ ਜ਼ਹਿਰ ਕਰਦਿਆ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਤੇ ਕਿਸਾਨਾਂ ਦੀ ਮੱਦਦ ਕਰੇ। ਚੱਲ ਰਹੇ ਸ਼ੈਸ਼ਨ ਦੇ ਦੂਜੇ ਦਿਨ ਪੰਜਾਬ ਦੇ ਡੂੰਘੇ ਹੋ ਰਹੇ ਪਾਣੀਆਂ ਦੇ ਸੰਕਟ ਬਾਰੇ ਸੁਚੇਤ ਕਰਦਿਆ ਸੰਤ ਸੀਚੇਵਾਲ ਨੇ ਗੁਰਬਾਣੀ ਦੇ ਹਵਾਲੇ ਦਿੰਦਿਆ ਕਿਹਾ ਕਿ ਜਿਹੜੇ ਪੰਜਾਬ ਨੇ ਅਨਾਜ਼ ਨਾਲ ਦੇਸ਼ ਦਾ ਢਿੱਡ ਭਰਿਆ ਅੱਜ ਉਹ ਪਾਣੀਆਂ ਦੇ ਸੰਕਟ ਨਾਲ ਜੂਝ ਰਿਹਾ ਹੈ। ਸੈਂਟਰਲ ਗਰਾਉਂਡ ਵਾਟਰ ਬੋਰਡ ਦੀ ਰਿਪੋਰਟ ਦਾ ਹਵਾਲਾ ਦਿੰਦਿਆ ਉਹਨਾਂ ਕਿਹਾ ਕਿ ਇਹ ਰਿਪੋਰਟ ਪੰਜ ਸਾਲ ਪਹਿਲਾਂ ਆਈ ਸੀ। ਇਸ ਰਿਪੋਰਟ ਮੁਤਾਬਿਕ ਪੰਜਾਬ ਵਿੱਚ ਸੰਨ 2039 ਤੱਕ ਧਰਤੀ ਹੇਠਲੇ ਪਾਣੀ ਦਾ ਪੱਧਰ 300 ਮੀਟਰ ਭਾਵ ਕਿ 1000 ਫੁੱਟ ਤੱਕ ਹੋਰ ਡੂੰਘਾ ਚਲਿਆ ਜਾਵੇਗਾ, ਜਿਹਦੇ ਵਿੱਚ ਭਾਰੀ ਧਾਤਾਂ ਹੋਣ ਦੇ ਖਦਸ਼ੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਸਿਰਫ 17 ਸਾਲਾਂ ਦਾ ਹੀ ਪਾਣੀ ਬਚਿਆ ਹੈ।ਸੰਤ ਸੀਚੇਵਾਲ ਨੇ ਨੀਤੀ ਆਯੋਗ ਦੀ ਸੰਨ 2018-19 ਦੀ ਰਿਪੋਰਟ ਦਾ ਹਵਾਲਾ ਰਾਜ ਸਭਾ ਵਿੱਚ ਰੱਖਦਿਆ ਕਿਹਾ ਕਿ ਹਰ ਸਾਲ ਲਗਭਗ ਦੋ ਲੱਖ ਲੋਕ ਪੀਣ ਵਾਲਾ ਸਾਫ਼ ਪਾਣੀ ਨਾ ਮਿਲਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਇਸੇ ਤਰ੍ਹਾਂ ਨੀਤੀ ਆਯੋਗ ਦੀ ਸੰਨ 2020 ਵਿੱਚ ਜਾਰੀ ਕੀਤੀ ਰਿਪੋਰਟ ਅਨੁਸਾਰ ਸਾਲ 2030 ਤੱਕ ਦੇਸ਼ ਦੀ ਕੁਲ ਅਬਾਦੀ ਦਾ 40 ਫੀਸਦੀ ਹਿੱਸਾ ਪੀਣ ਵੱਲੇ ਪਾਣੀ ਤੋਂ ਵਾਂਝਾ ਹੋ ਜਾਵੇਗਾ। ਪੰਜਾਬ ਬਾਰੇ ਅੰਕੜੇ ਪੇਸ਼ ਕਰਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਸੂਬੇ ਵਿੱਚ 80 ਫੀਸਦੀ ਖੇਤੀ ਧਰਤੀ ਹੇਠਲੇ ਪਾਣੀ ਨਾਲ ਕੀਤੀ ਜਾ ਰਹੀ ਅਤੇ ਸਿਰਫ਼ 20 ਫੀਸਦੀ ਖੇਤੀ ਹੀ ਨਹਿਰੀ ਪਾਣੀ ਨਾਲ ਕੀਤੀ ਜਾ ਰਹੀ ਹੈ। ਨੀਤੀ ਆਯੋਗ ਦੀ ਰਿਪੋਰਟ ਮੁਤਾਬਿਕ ਪੰਜਾਬ ਦੇ 133 ਬਲਾਕਾਂ ਵਿੱਚੋਂ 109 ਬਲਾਕ ਡਾਰਕ ਜ਼ੋਨ ਵਿਚ ਬਦਲ ਗਏ ਹਨ। ਇਸ ਸਮੇਂ ਭਾਰਤ ਦੇ ਲਗਭਗ 21 ਸੂਬਿਆਂ ਦੇ 10 ਕਰੋੜ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ।ਸੰਤ ਸੀਚੇਵਾਲ ਨੇ ਤਾਮਿਲਨਾਡੂ ਵਿੱਚ ਸਾਲ 2019 ਵਿੱਚ ਆਏ ਪਾਣੀ ਦੇ ਸੰਕਟ ਦਾ ਜ਼ਿਕਰ ਕਰਦਿਆ ਕਿਹਾ ਕਿ ਉਥੇ ਪਾਣੀ ਦੇ ਸੰਕਟ ਨੂੰ ਠੱਲ ਪਾਉਣ ਲਈ 50 ਬੋਗੀਆਂ ਵਾਲੀ ਵਿਸ਼ੇਸ਼ ਰੇਲ ਗੱਡੀ ਚਲਾਉਣੀ ਪਈ ਸੀ। ਪਾਣੀ ਦੇ ਇਸ ਗੰਭੀਰ ਮਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੀ ਬਰਬਾਦੀ ਰੋਕਣ ਦੇ ਠੋਸ ਉਪਰਾਲੇ ਕੀਤੇ ਜਾਣ ਤਾਂ ਜੋ ਆਉਣ ਵਾਲੀਆਂ ਪੀੜੀਆਂ ਅਤੇ ਮੌਜੂਦਾ ਪੀੜੀਆਂ ਨੂੰ ਪੀਣ ਵਾਲਾ ਪਾਣੀ ਦੇ ਸਕੀਏ।
Share the post "ਪਾਣੀ ਦੇ ਡੂੰਘੇ ਹੁੰਦੇ ਜਾ ਰਹੇ ਸੰਕਟ ਲਈ ਕੇਂਦਰ ਸਰਕਾਰ ਪੰਜਾਬ ਤੇ ਕਿਸਾਨਾਂ ਦੀ ਮੱਦਦ ਕਰੇ- ਸੰਤ ਸੀਚੇਵਾਲ"