4 Views
- ਸੁਖਜਿੰਦਰ ਮਾਨ
ਚੰਡੀਗੜ੍ਹ, 13 ਮਾਰਚ: ਕਰੀਬ ਤਿੰਨ ਦਿਨਾਂ ਬਾਅਦ ਸੂਬੇ ’ਚ ਪਹਿਲੀ ਵਾਰ ਸੱਤਾ ਹਾਸਲ ਕਰਨ ਜਾ ਰਹੀ ਆਮ ਆਦਮੀ ਪਾਰਟੀ ਚੋਣਾਂ ’ਚ ਮਿਲੀ ਇਤਿਹਾਸਕ ਜਿੱਤ ਤੋਂ ਬਾਅਦ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਕੱਢੇ ਜੇਤੂ ਮਾਰਚ ’ਚ ਸਰਕਾਰੀ ਬੱਸਾਂ ਦੀ ਵਰਤੋਂ ਕਰਕੇ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਹੁਣ ਤੱਕ ਵੱਖ ਵੱਖ ਸਰਕਾਰਾਂ ਅਪਣੇ ਪਾਰਟੀ ਦੇ ਪ੍ਰੋਗਰਾਮਾਂ ਲਈ ਪ੍ਰਾਈਵੇਟ ਬੱਸਾਂ ਦੀ ਹੀ ਵਰਤੋਂ ਕਰਦੀਆਂ ਸਨ। ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਦੇ ਨਵੇਂ ਜਿੱਤੇ ਵਿਧਾਇਕਾਂ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਅੱਜ ਨਤਮਸਤਕ ਹੋਣ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਅਗਵਾਈ ਹੇਠ ਰੋਡ ਸੋਅ ਵੀ ਕੱਢਿਆ ਗਿਆ। ਇਸ ਮੌਕੇ ਨਵੇਂ ਵਿਧਾਇਕਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼੍ਰੀ ਅੰਮਿ੍ਰਤਸਰ ਪਹੁੰਚਾਉਣ ਦੇ ਲਈ ਸਰਕਾਰੀ ਬੱਸਾਂ ਦਾ ਇੰਤਜਾਮ ਕੀਤਾ ਗਿਆ ਸੀ। ਸਰਕਾਰ ਦੇ ਅਧਿਕਾਰੀਆਂ ਇੰਨ੍ਹਾਂ ਸਰਕਾਰੀ ਬੱਸਾਂ ਦਾ ਕਿਰਾਇਆ ਪੰਜਾਬ ਸਰਕਾਰ ਦੇ ਖ਼ਜਾਨੇ ਵਿਚੋਂ ਅਦਾ ਕੀਤਾ ਜਾਵੇਗਾ, ਜਿਸ ਉਪਰ ਵਿਰੋਧੀਆਂ ਨੇ ਉਗਲ ਚੁੱਕੀ ਹੈ। ਮਾਲਵਾ ਪੱਟੀ ਦੇ ਜਿਆਦਾਤਰ ਜ਼ਿਲ੍ਹਿਆਂ ਵਿਚ ਸਰਕਾਰੀ ਬੱਸਾਂ ਗਾਇਬ ਹੋਣ ਕਾਰਨ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਚਾਂਦੀ ਬਣੀ ਰਹੀ। ਇਸ ਤੋਂ ਇਲਾਵਾ ਬੱਸ ਅੱਡੇ ਵਿੱਚ ਸਵਾਰੀਆਂ ਵੀ ਬੱਸਾਂ ਦੀ ਘਾਟ ਕਾਰਨ ਖੱਜਲ ਖੁਆਰ ਹੁੰਦੀਆਂ ਰਹੀਆਂ। ਬਠਿੰਡਾ ਡਿੱਪੂ ਕੁੱਲ ਮੌਜੂਦ ਕੁੱਲ 240 ਬੱਸਾਂ ਵਿਚੋਂ 116 ਬੱਸਾਂ ਆਪ ਵਿਧਾਇਕਾਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਲੈ ਕੇ ਸ਼੍ਰੀ ਅੰਮਿ੍ਰਤਸਰ ਸਾਹਿਬ ਵੱਲ ਰਵਾਨਾ ਹੋਈਆਂ ਸਨ। ਸੂਚਨਾ ਮੁਤਾਬਕ 16 ਮਾਰਚ ਨੂੰ ਨਵਾਂ ਸ਼ਹਿਰ ਜਿਲ੍ਹੇ ’ਚ ਪੈਂਦੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ’ਚ ਭਗਵੰਤ ਮਾਨ ਦੀ ਅਗਵਾਈ ਹੇਠ ਨਵੀਂ ਸਰਕਾਰ ਚੂੱਕਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ, ਜਿੱਥੇ ਕਰੀਬ ਇੱਕ ਲੱਖ ਆਪ ਸਮਰਥਕਾਂ ਦੇ ਪੁੱਜਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਉਕਤ ਦਿਨ ਵੀ ਸਹੁੰ ਚੁੱਕ ਸਮਾਗਮ ਲਈ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਕਈ ਆਪ ਵਿਧਾਇਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਇਸਦੇ ਲਈ ਪ੍ਰਾਈਵੇਟ ਬੱਸਾਂ ਵੀ ਲਿਜਾ ਰਹੇ ਹਨ। ਉਧਰ ਪੀ.ਆਰ.ਟੀ.ਸੀ ਦੇ ਸਥਾਨਕ ਡਿੱਪੂ ਦੇ ਜਨਰਲ ਮੈਨੇਜਰ ਰਮਨ ਸ਼ਰਮਾ ਨੇ ਅੱਜ ਨਵੇਂ ਚੁਣੇ ਗਏ ਵਿਧਾਇਕਾਂ ਦੇ ਨਾਲ ਸ਼੍ਰੀ ਅੰਮਿ੍ਰਤਸਰ ਸਾਹਿਬ ਵੱਲ ਸਰਕਾਰੀ ਬੱਸਾਂ ਭੇਜਣ ਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਸਰਕਾਰ ਬਕਾਇਦਾ ਇੰਨ੍ਹਾਂ ਸਰਾਕਰੀ ਬੱਸਾਂ ਦਾ ਬਣਦਾ ਕਿਰਾਇਆ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਜਿਆਦਾਤਰ ਰੂਟਾਂ ’ਤੇ ਸਰਕਾਰੀ ਬੱਸ ਸੇਵਾ ਚੱਲਦੀ ਰਹੀ ਹੈ।
Share the post "ਪਾਰਟੀ ਦੇ ਜੇਤੂ ਮਾਰਚ ’ਚ ਸਰਕਾਰੀ ਬੱਸਾਂ ਵਰਤ ’ਕੇ ਵਿਰੌਧੀਆਂ ਦੇ ਨਿਸ਼ਾਨੇ ’ਤੇ ਆਈ ਆਪ"