ਮੁੱਖ ਮੰਤਰੀ ਦਫ਼ਤਰ ਵੱਲੋ ਹਿਦਾਇਤਾਂ ਜਾਰੀ।
ਰਾਮ ਸਿੰਘ ਕਲਿਆਣ
ਨਥਾਣਾ, 3 ਮਾਰਚ : ਪਿੰਡ ਕਲਿਆਣ ਸੁੱਖਾ ਦੇ ਉੱਦਮੀ ਨੌਜਵਾਨ ਗੁਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਈਮੇਲ ਰਾਹੀ ਪੱਤਰ ਭੇਜ ਕੇ ਪਿੰਡ ਦੇ ਖਸਤਾ ਹਾਲਤ , ਨੀਵੇਂ ਥਾਂ ਅਤੇ ਗੰਦੇ ਪਾਣੀ ਵਾਲੇ ਛੱਪੜ ਦੇ ਨਜ਼ਦੀਕ ਬਣੇ ਵਾਟਰ ਵਰਕਸ ਸਬੰਧੀ ਪੱਤਰ ਭੇਜ ਕੇ ਇਸ ਦੀ ਤਰਸਯੋਗ ਹਾਲਤ ਤੋ ਜਾਣੂ ਕਰਵਾਇਆ। ਇਸ ਸਬੰਧੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੱਤਰ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਪਿੰਡ ਦੀ ਇਸ ਮੁੱਖ ਸਮੱਸਿਆ ਦਾ ਹੱਲ ਕਰਨ ਲਈ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਦਫਤਰ ਦੇ ਹੁਕਮਾਂ ਤੋਂ ਬਾਅਦ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਪਿੰਡ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਵਿਭਾਗ ਨਹਿਰੀ ਪਾਣੀ ਵਾਲਾ ਨਵਾਂ ਵਾਟਰ ਵਰਕਸ ਬਣਾਉਣ ਲਈ ਤਿਆਰ ਹੈ ਪਿੰਡ ਵੱਲੋਂ ਕੋਈ ਸਾਂਝੀ ਜ਼ਮੀਨ ਦਿੱਤੀ ਜਾਵੇ । ਉਨਾਂ ਦੱਸਿਆ ਕਿ ਕੁਝ ਕਾਰਵਾਈ ਕਰਨ ਉਪਰੰਤ ਨਵੇ ਵਾਟਰ ਵਰਕਸ ਦਾ ਸਰਵੇ ਕਰਕੇ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਵਾਟਰ ਵਰਕਸ ਬਹੁਤ ਨੀਵੇਂ ਥਾਂ ਲੱਗਿਆ ਹੋਇਆ ਅਤੇ ਇਸ ਦੇ ਨਾਲ ਇਕ ਗੰਦੇ ਛੱਪੜ ਦਾ ਪਾਣੀ ਹੈ ਜੋ ਬਰਸਾਤ ਹੋਣ ਤੇ ਆਮ ਤੌਰ ਤੇ ਵਾਟਰ ਵਰਕਸ ਦੇ ਬੋਰਾ ਵਿੱਚ ਪੈ ਜਾਂਦਾ ਹੈ ।ਇਹ ਗੰਦਾ ਪਾਣੀ ਪਿੰਡ ਵਿੱਚ ਸਪਲਾਈ ਹੋ ਜਾਦਾ ਹੈ। ਜਿਸ ਕਰਕੇ ਪਿੰਡ ਵਿੱਚ ਕੈਂਸਰ ਅਤੇ ਚਮੜੀ ਦੇ ਰੋਗ ਲਗਾਤਾਰ ਵਧ ਰਹੇ ਹਨ ।ਇਸ ਤੋਂ ਇਲਾਵਾ ਵਾਟਰ ਵਰਕਸ ਦੀਆ ਪਾਈਪਾ ਦੀ ਲੀਕੇਜ ਵੀ ਕਾਫੀ ਹੈ। ਵਾਟਰ ਵਰਕਸ ਦੀ ਇੱਕ ਪੁਰਾਣੀ ਟੈਕੀ ਨਕਾਰਾ ਹੋ ਟੁੱਟ ਟੁੱਟ ਕੇ ਡਿੱਗ ਰਹੀ ਹੈ ਪਰ ਵਾਰ ਵਾਰ ਵਿਭਾਗ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਹਾਲੇ ਤੱਕ ਇਸ ਨੂੰ ਢਾਹਿਆ ਨਹੀ ਗਿਆ। ਜੇਕਰ ਇਹ ਟੈਕੀ ਅਚਾਨਕ ਢਹਿ ਗਈ ਤਾਂ ਨੇੜਲੇ ਘਰਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਵੀ ਹੋ ਸਕਦਾ ਹੈ।
ਪਿੰਡ ਕਲਿਆਣ ਸੁੱਖਾ ਵਿੱਚ ਨਹਿਰੀ ਵਾਟਰ ਵਕਸ ਬਣਾਉਣ ਦੀ ਕੀਤੀ ਮੰਗ
12 Views