ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ : ਕਾਫ਼ੀ ਲੰਮੀ ਜਦੋ-ਜਹਿਦ ਦੇ ਬਾਅਦ ਸ਼ਹਿਰ ’ਚ ਟਰੈਫ਼ਿਕ ਸਮੱਸਿਆ ਘਟਾਉਣ ਦੇ ਮਕਸਦ ਨਾਲ ਸਥਾਨਕ ਸ਼ਹਿਰ ਦੇ ਮਲੋਟ ਰੋਡ ’ਤੇ ਬਣ ਰਹੇ ਨਵੇਂ ਬੱਸ ਅੱਡੇ ਨੂੰ ਪੀਆਰਟੀਸੀ ਦੇ ਰਾਹੀਂ ਬਣਾਉਣ ਦੀ ਮੰਗ ਕਰਦਿਆਂ ਐਲਾਨ ਕੀਤਾ ਹੈ ਕਿ ਜੇਕਰ ਇਸ ਬੱਸ ਅੱਡੇ ਨੂੰ ਟਰੱਸਟ ਜਾਂ ਨਿਗਮ ਦੇ ਰਾਹੀਂ ਬਣਾਉਣ ਦੀ ਕੋਸਿਸ ਕੀਤੀ ਗਈ ਤਾਂ ਉਹ ਇਸਦਾ ਵਿਰੋਧ ਕਰਨਗੇ। ਅੱਜ ਇੱਥੇ ਜਾਰੀ ਬਿਆਨ ਵਿਚ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਅਤੇ ਜ਼ਿਲ੍ਹਾ ਪ੍ਰਧਾਨ ਸੰਦੀਪ ਗਰੇਵਾਲ ਨੇ ਕਿਹਾ ਕਿ ਇਹ ਨਵਾਂ ਬੱਸ ਅੱਡਾ ਨਗਰ ਨਿਗਮ ਦੇ ਰਾਹੀਂ ਬਣਵਾਇਆ ਜਾ ਰਿਹਾ ਹੈ, ਜਿਸਦੇ ਨਾਲ ਪੀਆਰਟੀਸੀ ਨੂੰ ਹੋਣ ਵਾਲੀ ਕਰੋੜਾਂ ਦੀ ਸਲਾਨਾ ਆਮਦਨ ਖ਼ਤਮ ਹੋ ਜਾਵੇਗੀ। ਉਹਨਾਂ ਦੱਸਿਆ ਕਿ ਬੱਸ ਸਟੈਂਡ ਤੋਂ ਪੀ ਆਰ ਟੀ ਸੀ ਨੂੰ ਅੱਡਾ ਫੀਸ, ਸਾਇਕਲ ਸਟੈਂਡ, ਪੰਜਾਹ ਦੇ ਕਰੀਬ ਦੁਕਾਨਾਂ ਅਤੇ ਬੱਸ ਸਟੈਂਡ ਵਿਚਲੀਆਂ ਕੰਟੀਨਾਂ ਆਦਿ ਦਾ ਕਿਰਾਇਆ ਪਾ ਕੇ ਵੱਡੀ ਕਮਾਈ ਹੋ ਰਹੀ ਹੈ। ਆਗੂਆਂ ਨੇ ਕਿਹਾ ਕਿ ਸ਼ਹਿਰ ਦੇ ਵਿਚਕਾਰ ਮੌਜੂਦਾ ਬੱਸ ਅੱਡੇ ਵਿਚ ਪੀਆਰਟੀਸੀ ਦੇ ਬਣੇ ਬੱਸ ਸਟੈਂਡ ਅਤੇ ਵਰਕਸ਼ਾਪ ਵਾਲੀ ਕਰੀਬ ਅੱਠ ਏਕੜ ਜਗਾ ਦੀ ਕੀਮਤ ਕਰੋੜਾਂ ਵਿੱਚ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਇਸ ਜਗਾ ਬਦਲੇ ਨਵਾਂ ਬੱਸ ਸਟੈਂਡ ਅਤੇ ਵਰਕਸ਼ਾਪ ਬਣਾਉਣ ਲਈ ਥਰਮਲ ਕੋਲ ਜਗਾ ਦੇਵੇ ਤੇ ਇਸਦੇ ਨਾਲ ਪੀ ਆਰ ਟੀ ਸੀ ਦੀ ਆਮਦਨ ਵਿੱਚ ਹੋਰ ਵੀ ਵਾਧਾ ਹੋਵੇਗਾ। ਇਸ ਮੌਕੇ ਬਠਿੰਡਾ ਡਿਪੂ ਦੀ ਸਾਰੀ ਕਮੇਟੀ ਨੇ ਇਹ ਫੈਂਸਲਾ ਲਿਆ ਕਿ ਜੇਕਰ ਨਵਾਂ ਬਣਨ ਵਾਲਾ ਬੇਸ ਅੱਡਾ ਪੀਆਰਟੀਸੀ ਦੇ ਅਧੀਨ ਨਾ ਬਣਾਇਆ ਗਿਆ ਤਾਂ ਜੱਥੇਬੰਦੀ ਡੱਟ ਕੇ ਸਰਕਾਰ ਦਾ ਵਿਰੋਧ ਕਰੇਗੀ। ਇਸ ਮੌਕੇ ਸੈਕਟਰੀ ਕੁਲਦੀਪ ਬਾਦਲ,ਚੇਅਰਮੈਨ ਸਰਬਜੀਤ ਸਿੰਘ ਭੁੱਲਰ, ਹਰਤਾਰ ਸ਼ਰਮਾਂ, ਕੈਸ਼ੀਅਰ ਰਵਿੰਦਰ ਬਰਾੜ, ਗੁਰਦੀਪ ਝੁਨੀਰ ਅਤੇ ਮਨਪ੍ਰੀਤ ਹਾਕੂਵਾਲਾ ਹਾਜਰ ਰਹੇ।
Share the post "ਪੀਆਰਟੀਸੀ ਕਾਮਿਆਂ ਨੇ ਬਠਿੰਡਾ ’ਚ ਨਵੇਂ ਬਣਨ ਵਾਲੇ ਬੱਸ ਅੱਡੇ ਨੂੰ ਪੀਆਰਟੀਸੀ ਰਾਹੀਂ ਬਣਾਉਣ ਦੀ ਕੀਤੀ ਮੰਗ"