12 Views
ਸੁਖਜਿੰਦਰ ਮਾਨ
ਬਠਿੰਡਾ 8 ਫਰਵਰੀ : ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ, ਕੇ.ਵੀ ਕੇ. ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਸਮੂਹ ਅਧਿਆਪਕਾਂ ਵਲੋਂ ਤਨਖਾਹ ਸਕੇਲ ਲਾਗੂ ਕਰਵਾਉਣ ਦੀ ਮੰਗ ਨੂੰ ਲੈਕੇ ਅੱਜ ਕਲਮਛੋੜ ਕਰਦਿਆਂ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਐਗਰੀਕਲਚਰਲ ਯੂਨੀਵਿਰਸਿਟੀ ਲੁਧਿਆਣਾ ਅਤੇ ਗੁਰੁ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਸ਼ਿਫਾਰਸਾਂ ਤਹਿਤ ਨਿਰਧਾਰਤ ਸੱਤਵੇਂ ਤਨਖਾਹ ਸਕੇਲ ਦੇਣ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ। ਜਿਸਦੇ ਚੱਲਦੇ ਦੋਨੋਂ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਅਤੇ ਅਧਿਆਪਕਾਂ ਵਿੱਚ ਸਖਤ ਰੋਸ ਪਾਇਆ ਜਾ ਰਿਹਾ ਹੈ।ਇਸ ਲਈ ਪਿਛਲੇ ਕਈ ਦਿਨਾਂ ਤੋਂ ਯੂਨੀਵਰਸਿਟੀ ਪੱਧਰ ਤੇ ਪੀ.ਏ.ਯੂ. ਅਤੇ ਗਡਵਾਸੂ ਟੀਚਰਰਜ਼ ਐਸੋਸੀਏਸ਼ਨ ਵਲੋਂ ਸੰਬਧਿਤ ਵਿਭਾਗ ਦੇ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ। ਜਿਕਰਯੋਗ ਹੈ ਕਿ ਪੰਜ ਸਤੰਬਰ 2022 ਨੂੰ ‘ਰਾਸ਼ਟਰੀ ਅਧਿਆਪਕ ਦਿਵਸ’ ਦੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪ੍ਰੈਸ ਕਾਨਫਰੰਸ ਕਰਕੇ ਯੂਨੀਵਰਸਿਟੀ ਅਧਿਆਪਕਾਂ ਲਈ ਤਨਖਾਹ ਕਮਿਸ਼ਨ ਅਕਤੂਬਰ 2022 ਤੋਂ ਲਾਗੂ ਕਰਨ ਦਾ ਐਲਾਨ ਕੀਤਾ ਸੀ। ਬੁਲਾਰਿਆ ਨੇ ਕਿਹਾ ਕਿ ਸਿਤਮ ਜਰੀਫੀ ਇਹ ਹੈ ਕਿ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਵਿੱਚ ਤਨਖਾਹ ਸਕੇਲ ਲਾਗੂ ਕਰ ਦਿੱਤਾ ਗਿਆ ਹੈ ਪਰ ਪੰਜਾਬ ਐਗਰੀਕਲਚਰਲ ਯੂਨੀਵਿਰਸਿਟੀ ਅਤੇ ਗੁਰੁ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ ਯੂਨੀਵਰਸਿਟੀ ਵਿੱਚ ਤਨਖਾਹ ਸਕੇਲ ਅਜੇ ਤੱਕ ਲਾਗੂ ਨਹੀ ਹੋਏ। ਇਸ ਮੁੱਦੇ ਨੂੰ ਲੈ ਕੇ ਯੂਨਵਿਰਸਿਟੀ ਅਧਿਆਪਕ ਜਥੇਬੰਦੀ ਦੇ ਸੱਦੇ ਤੇ ਖੇਤਰੀ ਕੇਂਦਰ ਬਠਿੰਡਾ ਵਿਖੇ ਰੋਸ ਧਰਨਾ ਦਿੱਤਾ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਸਿੱਖਿਆ ਸਮੇਤ ਖੇਤੀਬਾੜੀ ਸੁਧਾਰਾਂ ਦੀ ਗੱਲ ਕਰਦੀ ਆਮ ਆਦਮੀ ਸਰਕਾਰ ਤੋਂ ਮੰਗ ਕੀਤੀ ਕਿ ਖੇਤੀਬਾੜੀ ਸਿੱਖਿਆ, ਖੋਜ ਅਤੇ ਪ੍ਰਸਾਰ ਨਾਲ ਜੁੜੇ ਅਧਿਆਪਕਾਂ ਲਈ ਤਨਖਾਹ ਸਕੇਲ ਲਾਗੂ ਤੁਰੰਤ ਲਾਗੂ ਕੀਤੇ ਜਾਣ।ਉਨਾਂ ਜੋਰ ਦਿੱਤਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਅਗਲੇ ਦਿਨੀਂ ਸੰਘਰਸ਼ ਨੂੰ ਅਮਲੀ ਰੂਪ ਵਿੱਚ ਤੇਜ ਕੀਤਾ ਜਾਵੇਗਾ।ਧਰਨੇ ਨੂੰ ਡਾ.ਪਰਮਜੀਤ ਸਿੰਘ, ਡਾ. ਕੇ.ਐਸ ਸੇਖੋਂ, ਡਾ.ਜੀ ਐਸ ਰੋਮਾਣਾ, ਡਾ, ਗੁਰਮੀਤ ਸਿੰਘ, ਡਾ.ਸਰਵਪ੍ਰੀਆ ਸਿੰਘ ਅਤੇ ਡਾ.ਅਮਰਜੀਤ ਸਿੰਘ ਸੰਧੂ ਨੇ ਸੰਬੋਧਨ ਕੀਤਾ।