ਸੁਖਜਿੰਦਰ ਮਾਨ
ਬਠਿੰਡਾ, 30 ਅਪ੍ਰੈਲ : ਸਥਾਨਕ ਬਾਦਲ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਕਲੌਨੀ ਦੇ ਵਾਸੀਆਂ ਵਲੋਂ ਕਲੌਨੀ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਆ ਨੂੰ ਲੈ ਕੇ ਅੱਜ ਕਲੌਨੀ ਦੇ ਮੁੱਖ ਗੇਟ ’ਤੇ ਪ੍ਰਬੰਧਕਾਂ ਵਿਰੁਧ ਧਰਨਾ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਨਸਿਟੀ ਇਨਕਲੇਵ ਕਲੋਨੀ ਵਾਸੀ ਮਨਜੀਤ ਸਿੰਘ ਅਤੇ ਜੁਗਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਵੱਲੋਂ ਕਲੋਨੀ ’ਚ ਲਗਭਗ 9 ਸਾਲ ਪਹਿਲਾ ਆਪਣਾ ਮਕਾਨ ਬਣਾਇਆ ਸੀ ਪਰ ਉਸ ਸਮੇਂ ਕਲੋਨੀ ਮਾਲਕਾਂ ਵੱਲੋਂ ਉਨ੍ਹਾਂ ਨੂੰ ਨਹਿਰੀ ਪਾਣੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤੱਕ ਵੀ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਸਦੇ ਚੱਲਦੇ ਕਲੌਨੀ ਦੇ ਵਾਸੀ ਮਜਬੂਰਨ ਧਰਤੀ ਹੇਠਲਾ ਸ਼ੌਰੇ ਵਾਲਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਲਾਟ ਖਰੀਦਣ ਦੇ ਸਮੇਂ ਪਲਾਟ ਖਰੀਦਦਾਰਾਂ ਵਲੋਂ ਕਲੌਨੀ ਮਾਲਕਾਂ ਨੂੰ ਪਾਣੀ ਅਤੇ ਸੀਵਰੇਜ਼ ਦੇ ਹਜ਼ਾਰਾਂ ਰੁਪਏ ਪਹਿਲਾ ਹੀ ਦਿੱਤੇ ਜਾ ਚੁੱਕੇ ਹਨ ਪ੍ਰੰਤੂ ਫਿਰ ਵੀ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਸਫਾਈ ਪੱਖੋ ਬਠਿੰਡਾ ਪਹਿਲੀਆਂ ਕਤਾਰਾਂ ’ਚ ਆਉਦਾ ਹੈ ਪ੍ਰੰਤੂ ਕਲੋਨੀ ’ਚ ਜੋ ਸੀਵਰੇਜ਼ ਪਾਇਆ ਹੈ ਉਸ ਦਾ ਵੀ ਕੋਈ ਵਧੀਆਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਥਾਂ–ਥਾਂ ਤੇ ਓਵਰਫਲੋਂ ਹੋਣ ਕਾਰਨ ਬਦਬੂ ਮਾਰ ਰਹੀ ਹੈੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਵਾਰ ਸਟਰੀਟ ਲਾਇਟਾਂ ਵੀ ਨਹੀਂ ਜਗਦੀਆਂ, ਜਿਸ ਕਾਰਨ ਕੋਈ ਵੀ ਵਾਰਦਾਤ ਹੋ ਸਕਦੀ ਹੈ। ਕਲੋਨੀ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਕੈਪਟਨ ਦੀ ਕਾਂਗਰਸ ਸਰਕਾਰ ਅਤੇ ਹੁਣ ਮੌਜੂਦਾ ਭਗਵੰਤ ਮਾਨ ਦੀ ਆਪ ਸਰਕਾਰ ਕੋਲ ਵੀ ਚਿੱਠੀਆਂ ਰਾਹੀ ਉਠਾਇਆ ਪ੍ਰੰਤੂ ਹਾਲੇ ਤੱਕ ਕੋਈ ਵੀ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਜੇਕਰ ਕਲੋਨੀ ਵਾਸੀਆਂ ਵੱਲੋਂ ਇਸ ਦਾ ਜਲਦੀ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਇਸ ਮਾਮਲੇ ਨੂੰ ਮਾਣਯੋਗ ਅਦਾਲਤ ’ਚ ਲੈ ਕੇ ਜਾਣਗੇ। ਉਧਰ ਕਲੋਨੀ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਇੱਥੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਤੇ 15-15 ਸਾਲਾਂ ਤੋਂ ਲੋਕ ਇੱਥੇ ਰਹਿ ਰਹੇ ਹਨ ਅਤੇ ਜੇਕਰ ਕੋਈ ਸਹੂਲਤ ਨਾ ਹੋਵੇ ਤਾਂ ਲੋਕ ਕਿਸ ਤਰ੍ਹਾਂ ਕਲੌਨੀ ਵਿਚ ਰਹਿਣਗੇ।
Share the post "ਪੀਣ ਵਾਲੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਲੋਨੀ ਵਾਸੀਆਂ ਨੇ ਲਗਾਇਆ ਧਰਨਾ, ਕੀਤੀ ਨਾਅਰੇਬਾਜ਼ੀ"