ਸੁਖਜਿੰਦਰ ਮਾਨ
ਬਠਿੰਡਾ, 4 ਮਈ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਕੰਸਟੀਚੂਐਂਟ ਕਾਲਜ ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ (ਪੀ.ਆਈ.ਟੀ.) ਨੰਦਗੜ੍ਹ ਵੱਲੋਂ ਕੰਪਿਊਟਰ ਐਪਲੀਕੇਸ਼ਨ ਅਤੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਦੂਜੇ ਅਤੇ ਤੀਜੇ ਸਾਲ ਦੇ ਵਿਦਿਆਰਥੀਆਂ ਲਈ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਅੰਮ੍ਰਿਤਸਰ ਬੀਵਰੇਜ਼ਿਜ ਲਿਮਟਿਡ ਵਿਖੇ ਦੋ ਦਿਨਾਂ ਦੇ ਵਿੱਦਿਅਕ ਦੌਰੇ ਦਾ ਆਯੋਜਨ ਕੀਤਾ ਗਿਆ। ਇਹ ਦੌਰਾ ਪੀ.ਆਈ.ਟੀ. ਨੰਦਗੜ੍ਹ ਦੇ ਡਾਇਰੈਕਟਰ ਡਾ. ਆਰ.ਕੇ. ਬਾਂਸਲ ਦੀ ਅਗਵਾਈ ਹੇਠ ਕੀਤਾ ਗਿਆ।
ਇਸ ਵਿਦਿਅਕ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਰੋਜ਼ਾਨਾ ਜੀਵਨ ਵਿੱਚ ਵਿਗਿਆਨ ਦੀ ਭੂਮਿਕਾ ਤੋਂ ਜਾਣੂ ਕਰਵਾਉਣ ਅਤੇ ਉਨ੍ਹਾਂ ਨੂੰ ਉਦਯੋਗਿਕ ਐਕਸਪੋਜਰ ਦੇਣ ਲਈ ਇਸ ਟੂਰ ਦਾ ਆਯੋਜਨ ਕੀਤਾ ਗਿਆ ਸੀ। ਪਹਿਲੇ ਦਿਨ ਵਿਦਿਆਰਥੀਆਂ ਨੇ ਕਪੂਰਥਲਾ-ਜਲੰਧਰ ਰੋਡ ‘ਤੇ ਕਪੂਰਥਲਾ ਦੇ ਬਾਹਰਵਾਰ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ ਕੀਤਾ। ਵਿਦਿਆਰਥੀਆਂ ਨੇ ਸਾਇੰਸ ਸਿਟੀ ਵਿੱਚ ਵੱਖ-ਵੱਖ ਸੈਟਅਪਾਂ ਰਾਹੀਂ ਵਿਗਿਆਨ ਦੀ ਦੁਨੀਆ ਦੀ ਪੜਚੋਲ ਕੀਤੀ।ਡਾ. ਬਾਂਸਲ ਨੇ ਕਿਹਾ ਕਿ ਵਿਦਿਆਰਥੀਆਂ ਨੇ ਸਾਇੰਸ ਸਿਟੀ ਦੇ ਦੌਰੇ ਦੌਰਾਨ ਡਿਜੀਟਲ ਪਲੈਨਟੇਰੀਅਮ, ਕਲਾਈਮੇਟ ਥੀਏਟਰ, 3ਡੀ ਥੀਏਟਰ, ਵਰਚੁਅਲ ਰਿਐਲਿਟੀ ਲੈਬ, ਡਾਇਨਾਸੌਰ ਪਾਰਕ, ਹੈਲਥ ਗੈਲਰੀ, ਫਨ ਗੈਲਰੀ, ਡੋਮ ਥੀਏਟਰ (ਮਾਉਂਟ ਐਵਰੈਸਟ ਬਾਰੇ ਇੱਕ ਫਿਲਮ) ਅਤੇ ਐਨਰਜੀ ਗੈਲਰੀ ਆਦਿ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਭੂਚਾਲ ਸਿਮੂਲੇਟਰ, ਫਲਾਈਟ ਸਿਮੂਲੇਟਰ, ਲੇਜ਼ਰ ਸ਼ੋਅ ਦਾ ਵੀ ਦੌਰਾ ਕੀਤਾ ਅਤੇ ਕਈ ਚੀਜ਼ਾਂ ਸਿੱਖੀਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਸਾਇੰਸ ਸਿਟੀ ਵਿਖੇ ਲਗਾਏ ਗਏ ਰੇਨ ਵਾਟਰ ਹਾਰਵੈਸਟਿੰਗ ਪਲਾਂਟ ਬਾਰੇ ਮਾਹਿਰਾਂ ਵੱਲੋਂ ਦਿੱਤੇ ਭਾਸ਼ਣ ਵਿੱਚ ਵੀ ਸ਼ਿਰਕਤ ਕੀਤੀ। ਸ਼ਾਮ ਨੂੰ ਵਿਦਿਆਰਥੀਆਂ ਨੇ ਅੰਮ੍ਰਿਤਸਰ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।ਅਗਲੀ ਸਵੇਰ, ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਜਲਿਆਂਵਾਲਾ ਬਾਗ ਦਾ ਦੌਰਾ ਕੀਤਾ, ਫਿਰ ਅੰਮ੍ਰਿਤਸਰ ਬੀਵਰਜ਼ਿਜ ਪ੍ਰਾਈਵੇਟ ਲਿਮਟਿਡ ਦਾ ਸੰਖੇਪ ਦੌਰਾ ਕੀਤਾ, ਜਿੱਥੇ ਕੁਆਲਿਟੀ ਐਗਜ਼ੀਕਿਊਟਿਵਜ਼ ਨੇ ਪਲਾਂਟ ਦੇ ਇਤਿਹਾਸ, ਸਾਜ਼ੋ-ਸਾਮਾਨ ਦੀਆਂ ਵਿਸ਼ੇਸ਼ਤਾਵਾਂ ਅਤੇ ਪਲਾਂਟ ਵਿੱਚ ਤਿਆਰ ਕੀਤੇ ਗਏ ਵੱਖ-ਵੱਖ ਉਤਪਾਦਾਂ ਬਾਰੇ ਇੱਕ ਪੇਸ਼ਕਾਰੀ ਦਿੱਤੀ।ਵਾਪਸੀ ਦੌਰਾਨ ਵਿਦਿਆਰਥੀਆਂ ਨੇ “ਸਾਡਾ ਪਿੰਡ” ਦਾ ਦੌਰਾ ਕੀਤਾ, ਜੋ ਕਿ 12 ਏਕੜ ਰਕਬੇ ਵਿੱਚ ਫੈਲਿਆ ਇੱਕ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਕਰਨ ਵਾਲਾ ਅਜਾਇਬ ਘਰ ਹੈ।ਇਸ ਟੂਰ ਦਾ ਆਯੋਜਨ ਮਿਸ ਹਰਮਨਦੀਪ ਕੌਰ, ਸਹਾਇਕ ਪ੍ਰੋਫੈਸਰ ਕਮ ਇੰਚਾਰਜ ਮਾਹਿਰ ਭਾਸ਼ਣ ਅਤੇ ਉਦਯੋਗਿਕ ਟੂਰ, ਪੀ.ਆਈ.ਟੀ. ਨੰਦਗੜ੍ਹ ਵੱਲੋਂ ਕੀਤਾ ਗਿਆ। ਇਸ ਟੂਰ ਵਿੱਚ ਕਾਲਜ ਦੇ 38 ਵਿਦਿਆਰਥੀਆਂ ਨੇ ਭਾਗ ਲਿਆ।
Share the post "ਪੀ.ਆਈ.ਟੀ. ਨੰਦਗੜ੍ਹ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਟੂਰ ਦੌਰਾਨ ਜਲੰਧਰ ਅਤੇ ਅੰਮ੍ਰਿਤਸਰ ਦੇ ਇਤਿਹਾਸਿਕ, ਵਿਗਿਆਨਿਕ ਅਤੇ ਉਦਯੋਗਿਕ ਖੇਤਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ"