ਸੈਂਕੜੇ ਵਿਦਿਆਰਥੀ ਮੋਰਚੇ ਕਾਰਨ ਵੋਟ ਪਾਉਣ ਨਹੀਂ ਗਏ
ਹਰਪ੍ਰੀਤ ਬਰਾੜ
ਲੁਧਿਆਣਾ ,20 ਫਰਵਰੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪਿਛਲੇ ਪਿਛਲੇ 7 ਦਿਨਾਂ ਤੋਂ ਵਿਦਿਆਰਥੀ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਆਨਲਾਈਨ ਪੇਪਰਾਂ ਦੀ ਮੰਗ ਕਰ ਰਹੇ ਨੇ। ਵਿਦਿਆਰਥੀਆ ਵੱਲੋਂ ਅੱਜ ਐਤਵਾਰ ਚੋਣਾਂ ਵਾਲੇ ਦਿਨ ਵੀ ਮੋਰਚਾ ਜਾਰੀ ਰੱਖਿਆ ਗਿਆ। ਬੁਲਾਰਿਆਂ ਨੇ ਧਰਨੇ ਚ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥੀਆਂ ਨੇ ਗੀਤਾਂ ਕਵਿਤਾਵਾਂ ਅਤੇ ਨਾਹਰਿਆਂ ਰਾਹੀਂ ਆਪਣਾ ਰੋਸ ਜਾਹਰ ਕੀਤਾ। ਅਤੇ 4 ਵਜੇ ਪੀ ਏ ਯੂ ਪ੍ਰੋਫੈਸਰ ਅਤੇ ਡਾਕਟਰਾਂ ਦੀ ਰਿਹਾਇਸ਼ ਅਤੇ ਕੈਂਪਸ ਵਿਚ ਪੈਦਲ ਰੋਸ ਮਾਰਚ ਕੱਢ ਕੇ ਰੋਸ ਜਾਹਿਰ ਕੀਤਾ।
ਵਿਦਿਆਰਥੀਆਂ ਨੇ ਕਿਹਾ ਕੇ ਓਹਨਾ ਨੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਹਰ ਮੀਟਿੰਗ ਚ ਪੇਪਰ ਪਹਿਲਾਂ ਵਾਲੇ ਤਰੀਕੇ ਨਾਲ ਹੀ ਲੈਣ ਦੀ ਅਪੀਲ ਕੀਤੀ ਕਿਉਕਿ ਪੜਾਈ ਸਿਖਲਾਈ ਵੀ ਆਨਲਾਈਨ ਤਰੀਕੇ ਨਾਲ ਹੋਈ ਸੀ। ਵਿਦਿਆਰਥੀਆਂ ਨੇ ਦੱਸਿਆ ਕਿ ਸਾਰੇ ਪ੍ਰੈਕਟਿਕਲ ਵੀ ਆਨਲਾਈਨ ਹੋਏ ਜਦ ਕਿ ਪ੍ਰੈਕਟਿਕਲ ਤਾਂ ਹੁੰਦੇ ਹੀ ਹੱਥੀਂ ਕਰਨ ਵਾਲੇ ਹੁੰਦੇ ਨੇ। ਜਦੋਂ ਇਹ ਸਭ ਆਨਲਾਈਨ ਕੀਤਾ ਜਾ ਸਕਦਾ ਹੈ ਤਾਂ ਆਖਰੀ ਪੇਪਰਾਂ ਵੇਲੇ ਕਿਉਂ ਨਹੀਂ ਵਿਦਿਆਰਥੀਆਂ ਦੀ ਮੰਗ ਮੰਨ ਕੇ ਪੇਪਰ ਪਹਿਲਾਂ ਵਾਂਗ ਆਨਲਾਈਨ ਲੈਕੇ ਅਗਲਾ ਸਮੈਸਟਰ ਸ਼ੁਰੂ ਕੀਤਾ ਜਾ ਰਿਹਾ।ਵਿਦਿਆਰਥੀਆਂ ਨੇ ਅਧਿਕਾਰੀਆਂ ਵੱਲੋਂ ਕਿਸੇ ਕੰਪਨੀ ਰਾਹੀਂ ਆਨਲਾਈਨ ਪੇਪਰ ਕਰਾਉਣ ਦੀ ਪੇਸ਼ਕਸ਼ ਵੀ ਠੁਕਰਾਈ ਕਿਉਂਕਿ ਪੇਪਰ ਪਹਿਲਾਂ ਵੀ ਬਿਨਾ ਕਿਸੇ ਕੰਪਨੀ / ਖਾਸ ਸਾਫਟਵੇਅਰ ਦੇ ਹੁੰਦੇ ਸਨ ਤਾਂ ਹੁਣ ਕਿਉਂ ਓਹਨਾ ਦੀ ਜਰੂਰਤ ਪੈ ਰਹੀ ਹੈ। ਕੀ ਜੇਹੜੇ ਪਹਿਲਾਂ ਤਿੰਨ ਸਮੈਸਟਰ ਚ ਪੇਪਰ ਲਏ ਸਨ ਓਹ ਗਲਤ ਲਏ ਗਏ ? ਫੇਰ ਆਖਰੀ ਪੇਪਰਾਂ ਵੇਲੇ ਕਿਉਂ ਮਸਲਾ ਲਟਕਾਇਆ ਜਾ ਰਿਹਾ ਹੈ। ਅੱਜ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ (ਸਿੱਧੂਪੁਰ) ਵੱਲੋਂ ਬਿਆਨ ਜਾਰੀ ਕਰਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੀ ਮੰਗ ਜਲਦੀ ਮੰਨੀ ਜਾਵੇ।
Share the post "ਪੀ ਏ ਯੂ ਚ ਆਨਲਾਈਨ ਪੇਪਰਾਂ ਦੀ ਮੰਗ ਨੂੰ ਵਿਦਿਆਰਥੀਆਂ ਦਾ ਮੋਰਚਾ ਲਗਾਤਾਰ 7 ਵੇਂ ਦਿਨ ਜਾਰੀ"