ਗ੍ਰਹਿ ਮੰਤਰੀ ਅਮਿਤ ਸ਼ਾਹ ਸਹਿਤ ਕਈ ਕੇਂਦਰੀ ਮੰਤਰੀ ਤੇ ਹੋਰ ਆਗੂ ਕਰਨਗੇ ਸਰਧਾਂਜਲੀ ਭੇਂਟ
ਸੁਖਜਿੰਦਰ ਮਾਨ
ਬਾਦਲ, 3 ਮਈ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ: ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਭਲਕੇ ਵੀਰਵਾਰ ਨੂੰ ਪਿੰਡ ਬਾਦਲ ਵਿਚ ਅੰਤਿਮ ਅਰਦਾਸ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ। ਇਸ ਮੌਕੇ ਪਿੰਡ ਬਾਦਲ-ਗੱਗੜ ਰੋਡ ਉਪਰ ਸਥਿਤ ਮਾਤਾ ਜਸਵੰਤ ਕੌਰ ਯਾਦਗਾਰੀ ਪਬਲਿਕ ਸਕੂਲ ਵਿਚ ਹੋਣ ਜਾ ਰਹੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਹਿਤ ਕਈ ਕੇਂਦਰੀ ਮੰਤਰੀ, ਕਈ ਮੌਜੂਦਾ ਤੇ ਸਾਬਕਾ ਮੁੱਖ ਮੰਤਰੀਆਂ ਸਹਿਤ ਵੱਡੀ ਗਿਣਤੀ ਵਿਚ ਪੁੱਜਣ ਦੀ ਸੰਭਾਵਨਾ ਹੈ। ਜਿਸਦੇ ਚੱਲਦੇ ਬਾਦਲ ਪ੍ਰਵਾਰ ਦੇ ਨਾਲ-ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮਾਗਮਾਂ ਦੀਆਂ ਤਿਆਰੀਆਂ ਮਿਲ ਕੇ ਕੀਤੀਆਂ ਜਾ ਰਹੀਆਂ ਹਨ। ਪਤਾ ਲੱਗਿਆ ਹੈ ਕਿ ਮਾਤਾ ਜਸਵੰਤ ਕੌਰ ਯਾਦਗਾਰੀ ਸਕੂਲ ਦੇ ਮੈਦਾਨ ਵਿਚ ਵੱਡ ਅਕਾਰੀ ਟੈਂਟ ਲਗਾਇਆ ਗਿਆ ਹੈ, ਜਿਸ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਸੁਸੋਭਿਤ ਕਰਨ ਲਈ ਵੱਡੀ ਸਟੇਜ਼ ਬਣਾਈ ਹੈ ਜਦੋਂਕਿ ਉਸਦੇ ਨਾਲ ਇੱਕ ਛੋਟੀ ਸਟੇਜ਼ ਵੀ ਉਸਤੋਂ ਕਾਫ਼ੀ ਨੀਵੀਂ ਬਣਾਈ ਗਈ ਹੈ, ਜਿਸ ਉਪਰ ਖੜ੍ਹੇ ਹੋ ਕੇ ਬੁਲਾਰੇ ਸਾਬਕਾ ਮੁੱਖ ਮੰਤਰੀ ਨੂੰ ਸਰਧਾਂਜਲੀ ਭੇਂਟ ਕਰਨਗੇ। ਇਸੇ ਤਰ੍ਹਾਂ ਭੋਗ ਸਮਾਗਮ ਦੇ ਨਾਲ ਦੋ ਥਾਵਾਂ ‘ਤੇ ਲੰਘਰ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਸਾਸਨਿਕ ਅਧਿਕਾਰੀਆਂ ਮੁਤਾਬਕ ਦਿੱਲੀ ਅਤੇ ਹੋਰਨਾਂ ਥਾਵਾਂ ਤੋਂ ਪੁੱਜ ਰਹੀਆਂ ਵਿਸੇਸ ਹਸਤੀਆਂ ਲਈ ਬਠਿੰਡਾ ਅਤੇ ਮੁਕਤਸਰ ਜ਼ਿਲ੍ਹੇ ਵਿਚ ਕਰੀਬ ਅੱਧੀ ਦਰਜ਼ਨ ਹੈਲੀਪੇਡ ਬਣਾਏ ਗਏ ਹਨ ਜਦੋਂਕਿ ਜਿਆਦਾਤਰ ਵੀਵੀਆਈਪੀ ਬਠਿੰਡਾ ਸਥਿਤ ਸਿਵਲ ਏਅਰਪੋਰਟ ਵਿਰਕ ਕਲਾਂ ਵਿਖੇ ਹੀ ਉਤਰਨੇ, ਜਿੱਥੋਂ ਉਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਦਲ ਨਾਲ ਲੱਗਦੇ ਕਾਲਝਰਾਣੀ ਦੇ ਸਰਕਾਰੀ ਸਕੂਲ ਅਤੇ ਅਨਾਜ ਮੰਡੀ ਵਿਚ ਬਣੇ ਹੈਲੀਪੇਡ ਤੋਂ ਇਲਾਵਾ ਭੋਗ ਸਮਾਗਮਾਂ ਨਜਦੀਕ ਪਿੰਡ ਗੱਗੜ, ਲੰਬੀ ਅਤੇ ਮਲੋਟ ਸਹਿਤ ਪਿੰਡ ਭਾਗੂ ਵਿਖੇ ਵੀ ਆਰਜੀ ਹੈਲੀਪੇਡ ਬਣੇ ਹੋਏ ਹਨ। ਸੂਤਰਾਂ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਕੋਲ ਜਿੰਨ੍ਹਾਂ ਹਸਤੀਆਂ ਦੇ ਭੋਗ ਸਮਾਗਮ ਵਿਚ ਸ਼ਾਮਲ ਹੋਣ ਲਈ ਪੁਸ਼ਟੀ ਹੋਈ ਹੈ, ਉਨ੍ਹਾਂ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ, ਪਿਊਸ ਗੋਇਲ, ਗਜੇਂਦਰ ਸੇਖਾਵਤ, ਸਪੀਕਰ ਓਮ ਬਿਰਲਾ, ਤਰੁਣ ਚੁੱਘ, ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਤੋਂ ਇਲਾਵਾ ਪੰਜਾਬ ਵਜਾਰਤ ਦੇ ਕਰੀਬ ਅੱਧੀ ਦਰਜ਼ਨ ਮੰਤਰੀ ਅਤੇ ਧਾਰਮਿਕ ਆਗੂਆਂ ਵਿਚ ਰਾਧਾ ਸੂਆਮੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਦਿ ਸ਼ਾਮਲ ਹਨ।
Share the post "ਪ੍ਰਕਾਸ ਸਿੰਘ ਬਾਦਲ ਨਮਿੱਤ ਭੋਗ ਵੀਰਵਾਰ ਨੂੰ, ਪਿੰਡ ਬਾਦਲ ’ਚ ਤਿਆਰੀਆਂ ਮੁਕੰਮਲ"