ਸੁਖਨੈਬ ਸਿੱਧੂ ਨੂੰ ਤਰੁੰਤ ਰਿਹਾਅ ਕਰਨ ਦੀ ਮੰਗ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਅਪ੍ਰੈਲ: ਸੂਬਾਈ ਅਤੇ ਕੇਂਦਰੀ ਸਰਕਾਰ ਵੱਲੋਂ ਪ੍ਰੈਸ ’ਤੇ ਲਗਾਈ ਗਈ ਅਣ ਐਲਾਨੀ ਐਂਮਰਜੈਂਸੀ ਦੇ ਵਿਰੁੱਧ ਬਠਿੰਡਾ ਪ੍ਰੈਸ ਕਲੱਬ ਨੇ ਪ੍ਰਧਾਨ ਬਖਤੌਰ ਢਿੱਲੋਂ ਦੀ ਅਗਵਾਈ ਹੇਠ ਗਵਰਨਰ ਦੇ ਨਾਮ ਮੰਗ ਪੱਤਰ ਐਡੀਸ਼ਨਲ ਡਿਪਟ ਕਮਿਸ਼ਨਰ ਨੂੰ ਸੌਂਪਿਆਂ। ਪੱਤਰਕਾਰਾਂ ਨੇ ਮੰਗ ਕੀਤੀ ਕਿ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਸ਼ੋਸ਼ਲ ਮੀਡੀਆ ਕਾਰਕੁੰਨ ਸੁਖਨੈਬ ਸਿੱਧੂ ਨੂੰ ਤਰੁੰਤ ਰਿਹਾਅ ਕੀਤਾ ਜਾਵੇ। ਐਡੀਸ਼ਨਲ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਸਮੇਂ ਬਠਿੰਡਾ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ ਵੱਖ ਅਖਬਾਰਾਂ ਤੇ ਚੈਨਲਾਂ ਦੇ ਇੰਚਾਰਜ਼ ਹਾਜ਼ਰ ਸਨ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਬਖਤੌਰ ਢਿੱਲੋਂ ਅਤੇ ਜਨਰਲ ਸਕੱਤਰ ਸਵਰਨ ਸਿੰਘ ਦਾਨੇਵਾਲੀਆ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਸੂਬੇ ਅੰਦਰ ਨਾਗਰਿਕ ਅਜ਼ਾਦੀ ਤੋਂ ਇਲਾਵਾ ਮੀਡੀਆ ਤੇ ਸ਼ੋਸ਼ਲ ਮੀਡੀਆ ਕਾਰਕੁੰਨਾ ਨਾਲ ਅਣਐਲਾਨੀ ਐਂਮਰਜੈਂਸੀ ਵਾਲਾ ਵਰਤਾਓ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਪ੍ਰੈਸ ਦੀ ਅਜ਼ਾਦੀ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰਨਾਂ ਜ਼ਿਲ੍ਹਿਆਂ ਤੋਂ ਇਲਾਵਾ ਬਠਿੰਡਾ ਵਿਚ ਸ਼ੋਸ਼ਲ ਮੀਡੀਆ ਪੱਤਰਕਾਰ ਸੁਖਨੈਬ ਸਿੱਧੂ ਵਿਰੱਧ ਸਖਤ ਤੇ ਖਤਰਨਾਕ ਧਰਾਵਾਂ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਇਸ ਤਰ੍ਹਾਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਵੇਂ ਉਸਨੇ ਕੋਈ ਵੱਡਾ ਕ੍ਰਾਇਮ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਕੋਈ ਕੇਸ ਕਰਨ ਤੋਂ ਪਹਿਲਾਂ ਪੁਲਿਸ ਨੂੰ ਮਾਮਲੇ ਦੀ ਪੜਤਾਲ ਕਰਨੀ ਚਾਹੀਦੀ ਹੈ, ਪਰ ਪੱਤਰਕਾਰਾਂ ਤੇ ਸ਼ੋਸ਼ਲ ਮੀਡੀਆ ’ਤੇ ਕੰਮ ਕਰਨ ਵਾਲਿਆਂ ਨੂੰ ਟਾਰਗੈਟ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨੇ ਮੰਗ ਕੀਤੀ ਕਿ ਬਗੈਰ ਲੋੜੀਦੀ ਪੜਤਾਲ ਕੀਤਿਆਂ ਕਿਸੇ ਵੀ ਪੱਤਰਕਾਰ ਜਾਂ ਸ਼ੋਸ਼ਲ ਮੀਡੀਆ ਕਾਰਕੁੰਨ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ ਅਤੇ ਸੁਖਨੈਬ ਸਿੱਧੂ ਨੂੰ ਤਰੁੰਤ ਰਿਹਾਅ ਕੀਤਾ ਜਾਵੇ। ਪ੍ਰੈਸ ਕਲੱਬ ਦੇ ਅਹੁਦੇਦਾਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇੰਨ੍ਹਾਂ ਮੰਗਾਂ ਵੱਲ ਧਿਆਨ ਨਾਂ ਦਿੱਤਾ ਤਾਂ ਲੋਕਤੰਤਰ ਦੇ ਚੌਥੇ ਥੰਮ ਨੂੰ ਬਚਾਉਣ ਲਈ ਬਠਿੰਡਾ ਪ੍ਰੈਸ ਕਲੱਬ ਤਿੱਖਾ ਸੰਘਰਸ਼ ਕਰੇਗਾ। ਇਸ ਮੌਕੇ ਇਕ ਮਤਾ ਪਾਸ ਕਰਕੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਕਵਰੇਜ਼ ਕਰ ਰਹੇ ਮੌੜ ਮੰਡੀ ਦੇ ਪੱਤਰਕਾਰ ਸ਼ੁਰੇਸ਼ ਕੁੁਮਾਰ ਹੈਪੀ ਦਾ ਮੋਬਾਇਲ ਫੋਨ ਤੋੜਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਥਿਤ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਸੁਖਮੀਤ ਸਿੰਘ ਭਸੀਨ, ਮੀਤ ਪ੍ਰਧਾਨ ਸੁਖਜਿੰਦਰ ਸਿੰਘ ਮਾਨ, ਖਜ਼ਾਨਚੀ ਅਵਤਾਰ ਸਿੰਘ ਕੈਂਥ, ਜੁਆਇੰਟ ਸਕੱਤਰ ਵਿਕਰਮ ਬਿੰਨ੍ਹੀ, ਪੱਤਰਕਾਰ ਅੰਮ੍ਰਿਤਪਾਲ ਵਲ੍ਹਾਣ, ਮਨੋਜ ਸ਼ਰਮਾ, ਚੰਦਨ ਠਾਕੁਰ, ਸੂਰਜ ਭਾਨ, ਬਲਵਿੰਦਰ ਭੁੱਲਰ, ਰਤਨ ਸਿੰਘ , ਅੰਮ੍ਰਿਤ ਜੱਸਲ, ਜਗਸੀਰ ਭੁੱਲਰ, ਵਿਨੋਦ ਬਾਂਸਲ ਅਤੇ ਬਠਿੰਡਾ ਪ੍ਰੈਸ ਕਲੱਬ ਦੇ ਸੈਕਟਰੀ ਗੁਰਤੇਜ ਸਿੰਘ ਸਿੱਧੂ ਹਾਜ਼ਰ ਸਨ।
Share the post "ਪ੍ਰੈਸ ’ਤੇ ਲਗਾਈ ਅਣਐਲਾਨੀ ਐਂਮਰਜੈਂਸੀ ਵਿਰੁੱਧ ਗਵਰਨਰ ਦੇ ਨਾਮ ਸੌਂਪਿਆ ਮੰਗ ਪੱਤਰ"