8 Views
ਸੁਖਜਿੰਦਰ ਮਾਨ
ਬਠਿੰਡਾ, 24 ਨਵੰਬਰ : ਸੂਬਾ ਸਰਕਾਰ ਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ-2022 ਦੇ ਸਮਾਗਮਾਂ ਦੀ ਲੜੀ ਅਧੀਨ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਪੰਜ-ਰੋਜ਼ਾ ਸਮਾਗਮ ਅਧੀਨ ਅੱਜ ਨੁੱਕੜ ਨਾਟਕਾਂ ਦੀ ਲੜੀ ਦੀ ਸ਼ੁਰੂਆਤ ਕਰ ਦਿੱਤੀ ਗਈ । ਡਾ. ਕੁਲਦੀਪ ਦੀਪ ਦੀ ਰਚਨਾ ਨੁੱਕੜ ਨਾਟਕ ‘ਅਜੇ ਵੀ ਵਕਤ ਹੈ’ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਦੇ ਨਿਰਦੇਸ਼ਨ ਹੇਠ ਪਹਿਲੇ ਦਿਨ ਦੋ ਥਾਂਵਾਂ ‘ਤੇ ਖੇਡਿਆ ਗਿਆ । ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਐੱਸ.ਐੱਸ. ਡੀ. ਗਰਲਜ਼ ਕਾਲਜ ਅਤੇ ਸ. ਹਰਦੀਪ ਸਿੰਘ ਤੱਗੜ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਵਿਖੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਨਾਟਕ ਵਿੱਚ ਪੰਜਾਬੀ ਮਾਂ- ਬੋਲੀ ਦੇ ਇਤਿਹਾਸ ਤੋਂ ਲੈ ਕੇ ਵਰਤਮਾਨ ਤੱਕ ਦੇ ਸਫ਼ਰ ਨੂੰ ਬੜੀ ਖ਼ੂਬਸੂਰਤੀ ਨਾਲ਼ ਦਰਸਾਇਆ ਗਿਆ। ਨਾਟਿਅਮ ਥੀਏਟਰ ਟੀਮ ਦੇ ਕਲਾਕਾਰਾਂ ਨੇ ਪੰਜਾਬੀ ਦੇ ਮਹੱਤਵ ਨੂੰ ਦਿਲ ਟੁੰਬਵੇਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕੀਤਾ ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਪੰਜਾਬੀ-ਮਾਹ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਪੰਜ-ਰੋਜ਼ਾ ਸਮਾਗਮਾਂ ਦੇ ਆਖ਼ਰੀ ਪੜਾਅ ਦੀ ਸ਼ੁਰੂਆਤ ਨੁੱਕੜ ਨਾਟਕ ਰਾਹੀਂ ਹੋ ਗਈ ਹੈ ਜੋ ਕਿ 26 ਨਵੰਬਰ ਤੱਕ ਜਾਰੀ ਰਹੇਗੀ। ਪਹਿਲੇ ਪੜਾਅ ਵਿੱਚ ਵਿਭਾਗ ਵੱਲੋਂ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਚੇਤਨਾ ਰੈਲੀ ਕੱਢੀ ਗਈ। ਦੂਜੇ ਪੜਾਅ ਵਿਚ ਉੱਘੇ ਵਾਰਤਾਕਾਰ ਨਿੰਦਰ ਘੁਗਿਆਣਵੀ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ । ਇਸ ਮੌਕੇ ਐਸ. ਐਸ. ਡੀ. ਗਰਲਜ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ਼ ਨੀਰੂ ਗਰਗ, ਸਰਕਾਰੀ ਸਕੂਲ ਪਰਸਰਾਮ ਨਗਰ ਦੇ ਪ੍ਰਿੰਸੀਪਲ ਗੁਰਮੇਲ ਸਿੰਘ, ਖੋਜ ਅਫ਼ਸਰ ਨਵਪ੍ਰੀਤ ਸਿੰਘ ਤੋਂ ਇਲਾਵਾ ਕਾਲਜ ਅਤੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ।
Share the post "ਪੰਜਾਬੀ ਮਾਹ ਦੇ ਪੰਜ-ਰੋਜ਼ਾ ਸਮਾਗਮਾਂ ਅਧੀਨ ਨੁੱਕੜ ਨਾਟਕ ਰਾਹੀਂ ਆਖ਼ਰੀ ਪੜਾਅ ਦੀ ਸ਼ੁਰੂਆਤ"