ਸੁਖਜਿੰਦਰ ਮਾਨ
ਬਠਿੰਡਾ, 5 ਮਈ: ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਅਤੇ ਅਧਿਆਪਨ ਦੀ ਸਤਿਕਾਰਤ ਸਖਸ਼ੀਅਤ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਦੇ ਅਣਮੁੱਲੇ ਯੋਗਦਾਨ ਦੀ ਸ਼ਲਾਘਾ ਕਰਨ ਲਈ, ਪੰਜਾਬ ਯੂਨੀਵਰਸਿਟੀ (ਪੀਯੂ), ਚੰਡੀਗੜ੍ਹ ਦੀ ਸੈਨੇਟ ਨੇ 6 ਮਈ, 2022 ਨੂੰ ਹੋਣ ਵਾਲੀ ਯੂਨੀਵਰਸਿਟੀ ਦੀ 69ਵੀਂ ਕਨਵੋਕੇਸ਼ਨ ਵਿੱਚ ਉਨ੍ਹਾਂ ਨੂੰ ‘ਪੀਯੂ ਸਾਹਿਤ ਰਤਨ ਪੁਰਸਕਾਰ’ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।
ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਚਾਂਸਲਰ, ਸ਼੍ਰੀ ਐੱਮ ਵੈਂਕਈਆ ਨਾਇਡੂ ਇਸ ਮੌਕੇ ਮੁੱਖ ਮਹਿਮਾਨ ਹੋਣਗੇ ਜੋ ਪੰਜਾਬ ਦੇ ਰਾਜਪਾਲ ਅਤੇ, ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ, ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ, ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਪ੍ਰੋ. ਜਗਬੀਰ ਸਿੰਘ ਨੂੰ ਪੀਯੂ ਸਾਹਿਤ ਰਤਨ ਪੁਰਸਕਾਰ ਨਾਲ ਸਨਮਾਨਿਤ ਕਰਨਗੇ।
ਪੀਯੂ ਰਤਨ ਪੁਰਸਕਾਰ ਲੜੀ ਵਿੱਚ, ਪੰਜਾਬ ਯੂਨੀਵਰਸਿਟੀ ਸਾਹਿਤ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੀਆਂ ਪੰਜ ਹੋਰ ਉੱਘੀਆਂ ਸ਼ਖ਼ਸੀਅਤਾਂ ਨੂੰ ਗਿਆਨ ਰਤਨ, ਵਿਗਿਆਨ ਰਤਨ, ਖੇਡ ਰਤਨ, ਉਦਯੋਗ ਰਤਨ ਅਤੇ ਕਲਾ ਰਤਨ ਪੁਰਸਕਾਰ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਪੀਯੂ ਦੀ 69ਵੀਂ ਕਨਵੋਕੇਸ਼ਨ ਵਿੱਚ ਸਾਡੇ ਦੇਸ਼ ਦੇ ਤਿੰਨ ਉੱਘੇ ਵਿਗਿਆਨੀਆਂ ਨੂੰ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਪ੍ਰੋ. ਜਗਬੀਰ ਸਿੰਘ ਨੇ ਆਪਣੇ 50 ਸਾਲਾਂ ਦੇ ਅਧਿਆਪਨ ਅਤੇ ਖੋਜ ਕਾਰਜ ਦੌਰਾਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਅਨਮੋਲ ਯੋਗਦਾਨ ਪਾਇਆ ਹੈ ਅਤੇ ‘ਪੀਯੂ ਸਾਹਿਤ ਰਤਨ ਪੁਰਸਕਾਰ’ ਉਨ੍ਹਾਂ ਦੇ ਅਣਥੱਕ ਯਤਨਾਂ ਨੂੰ ਮਾਨਤਾ ਦੇਵੇਗਾ। ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪੂਰੇ ਸੀਯੂਪੀਬੀ ਪਰਿਵਾਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਪ੍ਰੋ. ਜਗਬੀਰ ਸਿੰਘ ਮੱਧਕਾਲੀ ਪੰਜਾਬੀ ਸਾਹਿਤ, ਲੋਕ-ਕਥਾ ਅਤੇ ਸਾਹਿਤਕ ਆਲੋਚਨਾ ਦੇ ਮਾਹਿਰ ਹਨ। ਉਨ੍ਹਾਂ ਨੇ 20 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ ਅਤੇ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਖੋਜ-ਪੱਤਰ ਪੇਸ਼ ਕੀਤੇ ਹਨ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਲਾਈਫ ਫੈਲੋ ਹਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਸਲਾਹਕਾਰ ਹਨ ਅਤੇ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼, ਸ਼ਿਮਲਾ ਦੇ ਮੈਂਬਰ ਹਨ। ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਧਰਮ ਅਤੇ ਸਭਿਅਕ ਅਧਿਐਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਵੀ ਹਨ। ਵਰਤਮਾਨ ਵਿੱਚ ਉਹ “ਭਾਰਤ ਇੱਕ ਰਾਸ਼ਟਰ-ਰਾਜ ਵਜੋਂ” ਦੇ ਉਲਟ ਸਭਿਆਚਾਰਕ ਰਾਜ” ਦੇ ਵਿਚਾਰ ਉੱਪਰ ਖੋਜ ਕਰ ਰਹੇ ਹਨ। ਪ੍ਰੋ. ਜਗਬੀਰ ਸਿੰਘ ਭਾਰਤੀ ਸਭਿਅਤਾ ਅਤੇ ਇਸ ਦੀਆਂ ਧਾਰਮਿਕ ਪਰੰਪਰਾਵਾਂ ਨਾਲ ਸਬੰਧਤ ਇੱਕ ਪ੍ਰੋਜੈਕਟ ‘ਤੇ ਵੀ ਕੰਮ ਕਰ ਰਹੇ ਹਨ।
Share the post "ਪੰਜਾਬੀ ਸਾਹਿਤ ਵਿੱਚ ਵਡਮੁੱਲੇ ਯੋਗਦਾਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਜਗਬੀਰ ਸਿੰਘ ਨੂੰ ਮਿਲੇਗਾ ਪੰਜਾਬ ਯੂਨੀਵਰਸਿਟੀ ਸਾਹਿਤ ਰਤਨ ਪੁਰਸਕਾਰ"