ਪੰਜਾਬੀ ਸਾਹਿਤ ਸਭਾ ਵੱਲੋਂ ਬਲਵਿੰਦਰ ਭੁੱਲਰ ਦਾ ਰੂਬਰੂ ਹੋਇਆ, ਆਗਾਜਵੀਰ ਦੀ ਕਹਾਣੀ ’ਤੇ ਚਰਚਾ ਹੋਈ

0
43
0

ਸੁਖਜਿੰਦਰ ਮਾਨ
ਬਠਿੰਡਾ, 4 ਸਤੰਬਰ: ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਵਿਸੇਸ ਭਰਵੀਂ ਮੀਟਿੰਗ ਪਿ੍ਰੰ: ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਦੌਰਾਨ ਆਸਟ੍ਰੇਲੀਆ ਦਾ ਦੌਰਾ ਕਰਕੇ ਆਏ ਪੱਤਰਕਾਰ ਤੇ ਸਾਹਿਤਕਾਰ ਸ੍ਰੀ ਬਲਵਿੰਦਰ ਸਿੰਘ ਭੁੱਲਰ ਦਾ ਰੂਬਰੂ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਸ੍ਰੀ ਭੁੱਲਰ ਨੇ ਆਸਟ੍ਰੇਲੀਆ ਦੇੇਸ਼ ਦੀ ਭੁਗੋਲਕ, ਸਮਾਜਿਕ, ਸਿਆਸੀ, ਸਾਹਿਤਕ ਤੇ ਸੱਭਿਆਚਾਰਕ ਸਥਿਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਆਸਟ੍ਰੇਲੀਆ ਦੇ ਲੋਕਾਂ ਦਾ ਰਹਿਣ ਸਹਿਣ ਦਾ ਢੰੰਗ, ਉੱਥੋਂ ਦੇ ਮੂਲ ਨਿਵਾਸੀਆਂ ਦੀ ਮੌਜੂਦਾ ਹਾਲਤ ਅਤੇ ਭਾਰਤ ਖਾਸ ਕਰਕੇ ਪੰਜਾਬ ਤੋਂ ਪਹੁੰਚੇ ਲੋਕਾਂ ਦੀ ਸਥਿਤੀ ਤੇ ਚਾਨਣਾ ਪਾਇਆ। ਇਸ ਦੌਰਾਨ ਸੁਆਲਾਂ ਦੇ ਜਵਾਬ ਦਿੰਦਿਆਂ ਸ੍ਰੀ ਭੁੱਲਰ ਨੇ ਦੱਸਿਆ ਕਿ ਜਿਹੜੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਉੱਥੋਂ ਦੇ ਕਾਨੂੰਨ ਅਨੁਸਾਰ ਕੰਮ ਕਰਦੇ ਹਨ ਅਤੇ ਪੜ੍ਹਾਈ ਵੱਲ ਪੂਰਾ ਧਿਆਨ ਦਿੰਦੇ ਹਨ, ਉਹਨਾਂ ਨੂੰ ਪੱਕੇ ਹੋਣ ਦੀ ਕੋਈ ਸਮੱਸਿਆ ਨਹੀਂ ਹੁੰਦੀ। ਪੰਜਾਬੀ ਭਾਸ਼ਾ ਤੇ ਸਾਹਿਤ ਬਾਰੇ ਪੁੱਛਣ ਤੇ ਉਹਨਾਂ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਆਸਟ੍ਰੇਲੀਆ ਦੇ ਹਰ ਸ਼ਹਿਰ ਵਿੱਚ ਪੰਜਾਬੀ ਸਾਹਿਤ ਸਭਾਵਾਂ ਬਣ ਚੁੱਕੀਆਂ ਹਨ, ਸਾਹਿਤਕ ਸਮਾਗਮ ਕੀਤੇ ਜਾਂਦੇ ਹਨ ਅਤੇ ਲਾਇਬਰੇਰੀਆਂ ਖੋਹਲੀਆਂ ਜਾ ਰਹੀਆਂ ਹਨ। ਉੱਥੇ ਪੈਦਾ ਹੋਣ ਵਾਲੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਨੂੰ ਮਾਤਭਾਸ਼ਾ ਨਾਲ ਜੋੜਣ ਲਈ ਸਕੂਲ ਖੋਹਲੇ ਹੋਏ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਚਾਰ ਸਕੱਤਰ ਅਮਨ ਦਾਤੇਵਾਸੀਆ ਨੇ ਦੱਸਿਆ ਕਿ ਪ੍ਰੋਗਰਾਮ ਦੇ ਦੂਜੇ ਸੈਸ਼ਨ ਵਿੱਚ  ਆਗਾਜਵੀਰ ਨੇ ਕਹਾਣੀ ‘ਲਾਜਵੰਤੀ ਦਾ ਬੂਟਾ’ ਪੜ੍ਹੀ ਜਿਸ ਉੱਤੇ  ਭਖ਼ਵੀਂ ਬਹਿਸ ਹੋਈ। ਬਹਿਸ ਵਿੱਚ ਭਾਗ ਲੈਂਦਿਆਂ ਭੋਲਾ ਸਿੰਘ ਸਮੀਰੀਆ, ਕਾ: ਜਰਨੈਲ ਸਿੰਘ, ਬਲਵਿੰਦਰ ਸਿੰਘ ਭੁੱਲਰ, ਰਣਜੀਤ ਗੌਰਵ ਨੇ ਕਹਾਣੀ ਦੇ ਨਿਭਾ ਤੇ ਵਿਸ਼ੇ ਨੂੰ ਬਾਖੂਬੀ ਪੇਸ਼ ਕਰਨ ਤੇ ਕਹਾਣੀਕਾਰ ਨੂੰ ਵਧਾਈ ਦਿੱਤੀ। ਇਸਤੋਂ ਬਾਅਦ ਹਾਜਰ ਕਵੀਆਂ ਸਰਵ ਸ੍ਰੀ ਭੋਲਾ ਸਿੰਘ ਸਮੀਰੀਆ, ਪਿ੍ਰ: ਜਸਵੀਰ ਸਿੰਘ ਢਿੱਲੋਂ, ਰਣਬੀਰ ਰਾਣਾ, ਅਮਨ ਦਾਤੇਵਾਸੀਆ, ਭੁਪਿੰਦਰ ਸੰਧੂ, ਦਿਲਬਾਗ ਸਿੰਘ, ਅਮਰਜੀਤ ਸਿੰਘ ਜੀਤ, ਰਣਜੀਤ ਗੌਰਵ, ਨਿਰੰਜਨ ਸਿੰੰਘ ਪ੍ਰੇਮੀ, ਸੇਵਕ ਸਿੰਘ ਸਮੀਰੀਆ ਹੋਰਾਂ ਕਵਿਤਾਵਾਂ ਤੇ ਗ਼ਜਲਾਂ ਪੇਸ਼ ਕੀਤੀਆਂ। ਜਿਹਨਾਂ ਤੇ ਹਾਜਰ ਸਾਹਿਤਕਾਰਾਂ ਨੇ ਚਰਚਾ ਕੀਤੀ। ਪ੍ਰੋਗਰਾਮ ਵਿੱਚ ਕੰਵਲਜੀਤ ਸਿੰਘ ਕੁਟੀ ਐਡਵੋਕੇਟ, ਲਛਮਣ ਸਿੰਘ ਮਲੂਕਾ, ਖੁਸ਼ਵੰਤ ਬਰਗਾੜੀ, ਗੁਰਵਿੰਦਰ ਸਿੰਘ ਐਡਵੋਕੇਟ ਆਦਿ ਵੀ ਹਾਜਰ ਸਨ।

0

LEAVE A REPLY

Please enter your comment!
Please enter your name here