ਸਮਾਗਮ ਵਿੱਚ ਯੂ.ਜੀ.ਸੀ. ਚੇਅਰਮੈਨ ਸਮੇਤ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਹੋਏ ਸ਼ਾਮਲ
ਸੁਖਜਿੰਦਰ ਮਾਨ
ਬਠਿੰਡਾ, 01 ਮਾਰਚ: ਸਥਾਨਕ ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਅਪਣਾ 13ਵਾਂ ਸਥਾਪਨਾ ਦਿਵਸ ਬੜੇ ਉਤਸਾਹ ਨਾਲ ਮਨਾਇਆ ਗਿਆ। ਅੱਠ ਦਿਨਾਂ ਤੱਕ ਚੱਲੇ ਸਥਾਪਨਾ ਦਿਵਸ ਪ੍ਰੋਗਰਾਮਾਂ ਵਿੱਚ ਅੰਤਰਰਾਸਟਰੀ ਕੁਇਜ ਮੁਕਾਬਲੇ, ਵਿਸੇਸ ਬੁਲਾਰਿਆਂ ਦੁਆਰਾ ਭਾਸਣ ਲੜੀ, ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਸਮਾਗਮ ਦੌਰਾਨ ਯੂਨੀਵਰਸਿਟੀ ਗ੍ਰਾਂਟਸ ਕਮਿਸਨ ਦੇ ਚੇਅਰਮੈਨ ਪ੍ਰੋ. ਐਮ. ਜਗਦੀਸ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਜਦੋਂਕਿ ਯੂਨੀਵਰਸਿਟੀ ਦੇ ਮੋਢੀ ਵਾਈਸ ਚਾਂਸਲਰ ਪ੍ਰੋ. ਜੈ ਰੂਪ ਸਿੰਘ ਪ੍ਰੋਗਰਾਮ ਵਿੱਚ ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁੱਲਪਤੀ ਪ੍ਰੋ ਬੂਾ ਸਿੰਘ ਤੇ ਅਕਾਲ ਯੂਨੀਵਰਸਿਟੀ ਦੇ ਉਪ ਕੁੱਲਪਤੀ ਪ੍ਰੋ. ਗੁਰਮੇਲ ਸਿੰਘ ਨੇ ਵਿਸੇਸ ਮਹਿਮਾਨ ਵਜੋਂ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਐਮ. ਜਗਦੀਸ ਕੁਮਾਰ ਨੇ ਸੀਯੂਪੀਬੀ ਪਰਿਵਾਰ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਤੇਰ੍ਹਾਂ ਸਾਲ ਪੂਰੇ ਕਰਨ ‘ਤੇ ਵਧਾਈ ਦਿੱਤੀ। ਪ੍ਰੋਗਰਾਮ ਦੇ ਸਨਮਾਨਿਤ ਮਹਿਮਾਨ ਅਤੇ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਪ੍ਰੋ. ਜੈ ਰੂਪ ਸਿੰਘ ਨੇ ਖੁਸੀ ਜਾਹਰ ਕੀਤੀ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ, ਜਿਸ ਨੇ 2009 ਵਿੱਚ ਸਿਰਫ 10 ਵਿਦਿਆਰਥੀਆਂ ਨਾਲ ਇੱਕ ਛੋਟੇ ਕੈਂਪ ਦਫਤਰ ਤੋਂ ਆਪਣਾ ਸਫਰ ਸੁਰੂ ਕੀਤਾ ਸੀ, ਹੁਣ 500 ਏਕੜ ਕੈਂਪਸ ਵਜੋਂ ਵਿਕਸਤ ਹੋ ਗਈ ਹੈ, ਅਤੇ ਇਹ ਯੂਨੀਵਰਸਿਟੀ ਹੁਣ ਦੇਸ-ਵਿਦੇਸ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਆਕਰਸਿਤ ਕਰ ਰਹੀ ਹੈ। ਆਪਣੇ ਪ੍ਰਧਾਨਗੀ ਭਾਸਣ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਯੂਨੀਵਰਸਿਟੀ ਨੂੰ ਇੱਕ ਮਜਬੂਤ ਨੀਂਹ ਪ੍ਰਦਾਨ ਕਰਨ ਲਈ ਸੀਯੂਪੀਬੀ ਦੇ ਸਾਬਕਾ ਵਾਈਸ ਚਾਂਸਲਰਜ ਪ੍ਰੋ. ਜੈ ਰੂਪ ਸਿੰਘ ਅਤੇ ਪ੍ਰੋ. ਆਰ. ਕੇ. ਕੋਹਲੀ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ‘ਟਿਕਾਊ ਵਿਕਾਸ ਲਈ ਸਿੱਖਿਆ‘ ਦਾ ਮੁੱਖ ਉਦੇਸ ਨੌਜਵਾਨਾਂ ਵਿੱਚ ਕੁਦਰਤ ਦੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਵਾਤਾਵਰਣ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਪੁਰਸਕਾਰ ਵੰਡ ਸਮਾਰੋਹ ਤੋਂ ਬਾਅਦ ਵਿਦਿਆਰਥੀਆਂ ਨੇ ਇਕ ਸਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ ਕੀਤਾ। ਅੰਤ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਸ੍ਰੀ ਕੰਵਲ ਪਾਲ ਸਿੰਘ ਮੁੰਦਰਾ ਨੇ ਰਸਮੀ ਰੂਪ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ।
Share the post "ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ 13ਵੇਂ ਸਥਾਪਨਾ ਦਿਵਸ ਸਮਾਰੋਹ ਮੌਕੇ ਵਿਸੇਸ ਪ੍ਰੋਗਰਾਮ ਦਾ ਆਯੋਜਨ"