ਇੰਟਰਨੈਟ ਬੰਦ ਹੋਣ ਕਾਰਨ ਕਿਸਾਨ ਮੇਲੇ ਬਾਰੇ ਦੁੱਚਿਤੀ ’ਚ ਫ਼ਸੇ ਰਹੇ
ਮੇਲੇ ’ਚ ਕਿਸਾਨਾਂ ਨੇ ਪੀਆਰ 126 ਕਿਸਮ ਨੂੰ ਹੱਥੋਂ ਹੱਥੀ ਖ਼ਰੀਦਿਆਂ
ਸੁਖਜਿੰਦਰ ਮਾਨ
ਬਠਿੰਡਾ, 21 ਮਾਰਚ: ਪੰਜਾਬ ’ਚ ਬਣੇ ਮਾਹੌਲ ਦਾ ਪ੍ਰਛਾਵਾਂ ਅੱਜ ਪੰਜਾਬ ਐਗਰੀਕਚਰਲ ਯੂਨੀਵਰਸਿਟੀ ਵਲੋ ਸਥਾਨਕ ਖੇਤਰੀ ਖੋਜ ਕੇਂਦਰ ਵਿਖੇ ਲਗਾਏ ਕਿਸਾਨ ਮੇਲੇ ’ਚ ਵੀ ਦੇਖਣ ਨੂੰ ਮਿਲਿਆ। ਇੰਟਰਨੈਟ ਬੰਦ ਹੋਣ ਦੇ ਚੱਲਦੇ ਕਾਫ਼ੀ ਕਿਸਾਨ ਦੁਚਿੱਤੀ ’ਚ ਹੀ ਫ਼ਸੇ ਰਹੇ ਤੇ ਦੁਪਿਹਰ ਸਮੇਂ ਮੇਲੇ ’ਚ ਕਿਸਾਨ ਦਾ ਇਕੱਠ ਦੇਖਣ ਨੂੰ ਮਿਲਿਆ ਜਦੋਂਕਿ ਪਹਿਲੇ ਮੇਲਿਆਂ ’ਚ ਕਿਸਾਨ ਸਾਉਣੀ ਦੇ ਮੇਲੇ ’ਚ 10 ਵਜੇਂ ਹੀ ਪੁੱਜਣੇ ਸ਼ੁਰੂ ਹੋ ਜਾਂਦੇ ਸਨ। ਖੇਤੀਬਾੜੀ ਮਾਹਰਾਂ ਤੇ ਖੋਜ ਕੇਂਦਰ ਦੇ ਅਧਿਆਪਕਾਂ ਨੂੰ ਵੀ ਮੇਲੇ ਦੇ ਲੱਗਣ ਬਾਰੇ ਕਿਸਾਨ ਫ਼ੋਨ ਖੜਕਾਉਂਦੇ ਰਹੇ। ਇਸਤੋਂ ਇਲਾਵਾ ਬਠਿੰਡਾ ਨਾਲ ਲੱਗਦੇ ਹਰਿਆਣਾ ਖੇਤਰ ਤੋਂ ਵੀ ਪਹਿਲਾਂ ਦੀ ਤਾਦਾਦ ਵਿਚ ਕਿਸਾਨ ਨਹੀਂ ਪੁੱਜੇ ਹੋਏ ਸਨ। ਉਂਜ ਇਸ ਕਿਸਾਨ ਮੇਲੇ ’ਚ ਪਿਛਲੇ ਸਾਲ ਚੰਗੇ ਨਤੀਜ਼ੇ ਦੇਣ ਵਾਲੀ ਅਤੇ ਘੱਟ ਸਮੇਂ ’ਚ ਪੱਕਣ ਵਾਲੀ ਝੋਨੇ ਦੀ ਕਿਸਮ ਪੀਆਰ 126 ਹੱਥੋ ਹੱਥੀ ਖ਼ਰੀਦ ਲਿਆ। ਜਦੋਂਕਿ ਪਹਿਲੀ ਵਾਰ ਮੇਲੇ ’ਚ ਨਰਮੇ ਦਾ ਬੀਜ ਦੇਖਣ ਨੂੰ ਨਹੀਂ ਮਿਲਿਆ। ਯੂਨੀਵਰਸਿਟੀ ਦੇ ਅਧਿਕਾਰੀਆਂ ਮੁਤਾਬਕ ਜਰਮੀਨੇਸ਼ਨ ਦੀ ਸਮੱਸਿਆ ਕਾਰਨ ਨਰਮੇ ਦਾ ਬੀਜ਼ ਮੇਲੇ ’ਚ ਨਹੀਂ ਰੱਖਿਆ ਗਿਆ। ਇਸਤੋਂ ਇਲਾਵਾ ਪਿਛਲੇ ਸਾਲ ਬਜ਼ਾਰ ’ਚ ਆਈ ਪੀਆਰ 131 ਕਿਸਮ ਕਿਸਾਨਾਂ ਦੀ ਦੂਜੀ ਪਸੰਦ ਰਹੀ। ਮੇਲੇ ਵਿਚ ਕੁੱਲ 18 ਲੱਖ ਦਾ ਬੀਜ਼ ਵਿਕਿਆ। ਮੇਲੇ ’ਚ ਮੁੱਖ ਮਹਿਮਾਨ ਵਜੋਂ ਪੀਏਯੂ ਬੋਰਡ ਦੀ ਮੈਂਬਰ ਸ੍ਰੀਮਤੀ ਕਿਰਨਜੀਤ ਕੌਰ ਗਿੱਲ ਅਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਪੁੱਜੇ ਹੋਏ ਸਨ। ਕਿਸਾਨ ਮੇਲੇ ਦਾ ਮੁੱਖ ਥੀਮ ‘ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ’ ਰੱਖਿਆ ਹੋਇਆ ਸੀ। ਕਿਸਾਨ ਮੇਲੇ ਦੌਰਾਨ ਜਿਆਦਾਤਰ ਕਿਸਾਨਾਂ ਵਲੋਂ ਖੇਤੀ ਮਾਹਰਾਂ ਕੋਲੋ ਨਰਮੇ ’ਤੇ ਚਿੱਟੀ ਮੱਖੀ ਅਤੇ ਪੈਰਾਬਿਲਟੀ ਬੀਮਾਰੀ ਸਬੰਧੀ ਜਾਣਕਾਰੀ ਮੰਗੀ ਗਈ। ਇਸਤੋਂ ਇਲਾਵਾ ਕਿਸਾਨਾਂ ਨੇ ਖੇਤੀ ਭਵਿੰਨਤਾ ਸਬੰਧੀ ਵੀ ਸਵਾਲ ਜਵਾਬ ਕੀਤੇ ਗਏ। ਚੰਗੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਮੇਲੇ ’ਚ ਪੁੱਜੇ ਨੌਜਵਾਨਾਂ ਕਿਸਾਨਾਂ ਦੀ ਨਵੀਆਂ ਤਕਨੀਕਾਂ, ਖੇਤੀ ਭਵਿੰਨਤਾ ਆਦਿ ਉਪਰ ਜਗਿਆਸਾ ਦੇਖਣ ਨੂੰ ਮਿਲੀ। ਜਦੋਂਕਿ ਖੇਤੀਬਾੜੀ ਮਾਹਰਾਂ ਨੇ ਵੀ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨ ਅਤੇ ਖੇਤੀ ਵੰਨ-ਸੁਵੰਨਤਾ ਨੂੰ ਅਪਨਾਉਣ ਦੀ ਲੋੜ ’ਤੇ ਜੋਰਦਿੱਤੀ। ਮੇਲੇ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪੀ.ਏ.ਯੂ. ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਨਰਮਾ ਉਤਪਾਦਨ ਵਿੱਚ ਪੰਜਾਬ ਨੇ ਪਿਛਲੇ ਲਗਾਤਾਰ ਤਿੰਨ ਸਾਲਾਂ ਦੌਰਾਨ ਬਾਕਮਾਲ ਉਤਪਾਦਨ (ਸਾਲ 2019-20 ਵਿੱਚ 651 ਕਿੱਲੋ/ਹੈਕਟੇਅਰ, ਸਾਲ 2020-21 ਵਿੱਚ 690 ਕਿੱਲੋ/ਹੈਕਟੇਅਰ ਅਤੇ ਸਾਲ 2021-22 ਵਿੱਚ 652 ਕਿੱਲੋ/ਹੈਕਟੇਅਰ) ਹਾਸਲ ਕੀਤਾ, ਜਿਸਦਾ ਸਮੁੱਚਾ ਸਿਹਰਾ ਸਾਡੇ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ। ਉਨ੍ਹਾਂਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਨਿਰੰਤਰ ਹੋ ਰਹੀ ਗਿਰਾਵਟ ’ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਖੇਤੀ ਵਿਭਿੰਨਤਾ ਨੂੰ ਅਪਨਾਉਣ, ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰਨ, ਝੋਨੇ ਦੀ ਵੱਧ ਝਾੜ ਦੇਣ ਵਾਲੀ ਅਤੇ ਜਲਦੀ ਸਮੇਂ ਵਿੱਚ ਪੱਕਣ ਵਾਲੀ ਪੀ ਆਰ 126 ਕਿਸਮ ਦੀ ਕਾਸ਼ਤ ਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਨਿਰਦੇਸ਼ਕ ਖੋਜ ਪੀ.ਏ.ਯੂ. ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਤੇ ਚਾਨਣਾ ਪਾਇਆ। ਮੰਚ ਦਾ ਸੰਚਾਲਨ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਕੀਤਾ। ਇਸ ਮੌਕੇ ਖੇਤੀ ਕਾਰਜਾਂ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਅਗਾਂਹਵਧੂ ਕਿਸਾਨ ਸ੍ਰੀ ਰਮਨ ਸਲਾਰੀਆ ਪਿੰਡ ਜੁੰਗਲ ਜ਼ਿਲ੍ਹਾ ਪਠਾਨਕੋਟ ਅਤੇ ਸ. ਜਰਮਨਜੀਤ ਸਿੰਘ ਪਿੰਡ ਨੂਰਪੁਰ ਜ਼ਿਲ੍ਹਾ ਤਰਨਤਾਰਨ ਨੂੰ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਸ਼ੁਰੂ ਕੀਤਾ ਗਿਆ ‘ਜੱਥੇਦਾਰ ਗੁਰਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ’ ਪ੍ਰਦਾਨ ਕੀਤਾ ਗਿਆ। ਇਸ ਮੌਕੇ ਬੀਜਾਂ, ਪੌਦਿਆਂ, ਖੇਤੀ ਸਾਹਿਤ ਅਤੇ ਸੈੱਲਫ ਹੈਲਪ ਗਰੁੱਪਾਂ ਦੇ ਸਟਾਲਾਂ, ਖੇਤ ਮਸ਼ੀਨਰੀ ਦੀਆਂ ਨੁਮਾਇਸ਼ਾਂ ਅਤੇ ਖੇਤ ਪ੍ਰਦਰਸ਼ਨੀਆਂ ਤੇ ਵੱਡੀ ਗਿਣਤੀ ਕਿਸਾਨਾਂ ਦਾ ਇਕੱਠ ਵੇਖਣ ਨੂੰ ਮਿਲਿਆ। ਮੇਲੇ ਵਿਚ ਪੀਏਯੂ ਦੇ ਨਿਰਦੇਸਕ ਡਾ ਗੁਰਮੀਤ ਸਿੰਘ, ਬਠਿੰਡਾ ਕੇਂਦਰ ਦੇ ਡਾਇਰੈਕਟਰ ਡਾ ਜਗਦੀਸ ਗਰੋਵਰ, ਡਾਕਟਰ ਪਰਮਜੀਤ ਸਿੰਘ ਤੋਂ ਇਲਾਵਾ ਬਾਗਵਾਨੀ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਾਜ਼ਰ ਰਹੇ।
Share the post "ਪੰਜਾਬ ’ਚ ਬਣੇ ਮਾਹੌਲ ਦਾ ‘ਪ੍ਰਛਾਵਾ’ ਬਠਿੰਡਾ ’ਚ ਲੱਗੇ ਕਿਸਾਨ ਮੇਲੇ ’ਤੇ ਵੀ ਦਿਸਿਆ"