ਮਾਮਲਾ ਭਗਵੰਤ ਮਾਨ ਵਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ’ਚ ਹਿਰਾਸਤ ਵਿਚ ਲੈਣ ਦੇ ਕੀਤੇ ਦਾਅਵੇ ਦਾ
ਕਥਿਤ ਗੋਲਡੀ ਬਰਾੜ ਵਲੋਂ ਉੱਘੇ ਪੱਤਰਕਾਰ ਰਿਤੇਸ਼ ਲੱਖੀ ਨਾਲ ਗੱਲਬਾਤ ਕਰਕੇ ਹਿਰਾਸਤ ਵਿਚ ਲੈਣ ਦੇ ਦਾਅਵੇ ਨੂੰ ਝੁਠਲਾਇਆ
ਕੀਤਾ ਦਾਅਵਾ ਕੀਤਾ ਕਿ ਉਹ ਕਦੋਂ ਦਾ ਅਮਰੀਕਾ ਤੇ ਕੈਨੇਡਾ ਛੱਡ ਚੁੱਕਿਆ, ਕਿਹਾ ਜਿਉਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਂਵਾਗਾ
ਲੰਡਾ ਹਰੀਕੇ ਨੇ ਵੀ ਗੋਲਡੀ ਬਰਾੜ ਨਾਲ ਹੋਣ ਦਾ ਕੀਤਾ ਦਾਅਵਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 5 ਦਸੰਬਰ: ਇਸ ਸਾਲ 29 ਮਈ ਦੀ ਸ਼ਾਮ ਨੂੰ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੋਏ ਕਤਲ ਦੇ ਮਾਮਲੇ ਵਿਚ ਮਾਸਟਰ ਮਾਈਂਡ ਮੰਨੇ ਜਾ ਰਹੇ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਫ਼ਰਿਜਨੋ ਸ਼ਹਿਰ ’ਚ ਉਥੋਂ ਦੀ ਪੁਲਿਸ ਵਲੋਂ ਹਿਰਾਸਤ ਵਿਚ ਲੈਣ ਦੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਖ਼ਬਰਾਂ ਦੌਰਾਨ ਹੁਣ ਉਸ ਸਮੇਂ ਨਵਾਂ ਮੋੜ ਆ ਗਿਆ ਜਦ ਖ਼ੁਦ ਨੂੰ ਗੋਲਡੀ ਬਰਾੜ ਦੱਸਣ ਵਾਲੇ ਵਿਅਕਤੀ ਨੇ ਪ੍ਰਸਿੱਧ ਪੱਤਰਕਾਰ ਰਿਤੇਸ਼ ਲੱਖੀ ਨਾਲ ਗੱਲਬਾਤ ਕਰਦਿਆਂ ਖ਼ੁਦ ਨੂੰ ਗ੍ਰਿਫਤਾਰ ਕਰਨ ਦੀਆਂ ਗੱਲਬਾਤ ਨੂੰ ਅਫ਼ਵਾਹ ਕਰਾਰ ਦਿੱਤਾ ਹੈ।ਇਸ ਮਾਮਲੇ ਵਿਚ ਉਕਤ ਗੈਂਗਸਟਰ ਦੇ ਕੀਤੇ ਦਾਅਵੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੋ ਦਿਨ ਪਹਿਲਾਂ ਗੁਜਰਾਤ ਵਿਚ ਕੀਤੇ ਦਾਅਵੇ ’ਤੇ ਸਵਾਲੀਆਂ ਨਿਸ਼ਾਨ ਲੱਗ ਗਏ ਹਨ, ਜਿੰਨ੍ਹਾਂ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਬਤੌਰ ਸੂਬੇ ਦੇ ਸੰਵਿਧਾਨਕ ਮੁਖੀ ਦੇ ਨਾਤੇ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਹਿਰਾਸਤ ’ਚ ਲੈਣ ਦੀ ਪੁਸ਼ਟੀ ਕਰਦੇ ਹਨ। ਹਾਲਾਂਕਿ ਜਿਸ ਦਿਨ ਗੋਲਡੀ ਬਰਾੜ ਨੂੰ ਅਮਰੀਕਾ ਵਿਚ ਹਿਰਾਸਤ ’ਚ ਲੈਣ ਦੀਆਂ ਖ਼ਬਰਾਂ ਚੈਨਲਾਂ ’ਤੇ ਚੱਲ ਰਹੀਆਂ ਸਨ, ਉਸ ਦਿਨ ਜਾਂ ਉਸਤੋਂ ਬਾਅਦ ਮੁੱਖ ਮੰਤਰੀ ਸ: ਮਾਨ ਤੋਂ ਇਲਾਵਾ ਪੰਜਾਬ ਪੁਲਿਸ ਜਾਂ ਕੇਂਦਰੀ ਏਜੰਸੀ ਦੇ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਸੀ। ਜਿਸਦੇ ਚੱਲਦੇ ਇਸ ਮਾਮਲੇ ਵਿਚ ਵਿਰੋਧੀ ਧਿਰਾਂ ਵਲੋਂ ਮੁੱਖ ਮੰਤਰੀ ’ਤੇ ਦਾਅਵਿਆਂ ਉਪਰ ਉਂਗਲ ਚੁੱਕੀ ਜਾ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਤੋਂ ਬਾਅਦ ਵੀ ਇੱਕ ਵਾਰ ਪਹਿਲਾਂ ਗੋਲਡੀ ਬਰਾੜ ਨੇ ਕਥਿਤ ਤੌਰ ’ਤੇ ਉਕਤ ਪੱਤਰਕਾਰ ਨਾਲ ਗੱਲਬਾਤ ਕੀਤੀ ਸੀ। ਹੁਣ ਫ਼ਿਰ ਮੁੜ ਉਕਤ ਗੈਂਗਸਟਰ ਵਲੋਂ ਕਥਿਤ ਤੌਰ ’ਤੇ ਪੱਤਰਕਾਰ ਨਾਲ ਖੁੱਲੇ ਤੌਰ ’ਤੇ ਗੱਲਬਾਤ ਕਰਕੇ ਇਕੱਲੇ ਪੰਜਾਬ ਹੀ ਨਹੀਂ, ਪੂਰੇ ਦੇਸ ਦੇ ਖੁਫ਼ੀਅ ਤੰਤਰ ਉਪਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਅਪਣੀ ਗੱਲਬਾਤ ਵਿਚ ਅਪਣੇ ਭਰਾ ਗੁਰਲਾਲ ਬਰਾੜ ਪਹਿਲਵਾਨ ਦੀ ਹੋਈ ਮੌਤ ਦਾ ਮਾਮਲਾ ਮੁੜ ਚੁਕਦਿਆਂ ਰੋਸ਼ ਜਾਹਰ ਕੀਤਾ ਕਿ ਉਸ ਸਮਂੇ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕੇਸ ਦੀ ਤਰ੍ਹਾਂ ਪੜਤਾਲ ਨਹੀਂ ਕੀਤੀ ਤੇ ਨਾ ਹੀ ਵਿੱਕੀ ਮਿੱਡੂਖੇੜਾ ਦੇ ਕਤਲ ਕਾਂਡ ’ਚ। ਉਨ੍ਹਾਂ ਇਹ ਵੀ ਕਿਹਾ ਕਿ ਉਹ ਵੀ ਅਪਣੇ ਘਰ ਵਾਪਸ ਆਉਂਣਾ ਚਾਹੁੰਦੇ ਸਨ ਪ੍ਰੰਤੂ ਸਿਸਟਮ ਤੋਂ ਅੱਕ ਕੇ ਹਥਿਆਰ ਚੁੱਕਣ ਲਈ ਮਜਬੂਰ ਹੋਏ ਹਨ ਪ੍ਰੰਤੂ ਹੁਣ ਇੰਨ੍ਹਾਂ ਅੱਗੇ ਜਾ ਚੁੱਕੇ ਹਨ ਕਿ ਇੱਥੋਂ ਵਾਪਸ ਮੁੜਣਾ ਕਾਫ਼ੀ ਔਖਾ ਹੈ। ਇਸਦੇ ਇਲਾਵਾ ਗੋਲਡੀ ਬਰਾੜ ਨੇ ਵੀ ਇਹ ਵੀ ਵੱਡਾ ਦਾਅਵਾ ਕੀਤਾ ਕਿ ਉਹ ਜਿਉਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਉਣਗੇ ਤੇ ਜੇਕਰ ਅਜਿਹੀ ਨੌਬਤ ਆਈ ਤਾਂ ਖੁਦ ਨੂੰ ਗੋਲੀ ਮਾਰ ਲੈਣਗੇ। ਇਸਤੋਂ ਇਲਾਵਾ ਲੰਡਾ ਤੇ ਗੋਲਡੀ ਨੇ ਪਾਕਿਸਤਾਨ ’ਚ ਰਹਿ ਰਹੇ ਕਥਿਤ ਗੈਂਗਸਟਰ ਕਮ ਅੱਤਵਾਦੀ ਹਰਵਿੰਦਰ ਸਿੰਘ ਰਿੰਦੇ ਦੇ ਵੀ ਜਿੰਦਾ ਹੋਣ ਦਾ ਦਾਅਵਾ ਕੀਤਾ।
ਪੰਜਾਬ ਦਾ ਮੁੱਖ ਮੰਤਰੀ ਸੱਚਾ ਜਾਂ ਫ਼ਿਰ ਗੋਲਡੀ ਬਰਾੜ?
10 Views