ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਸਿਵਲ ਹਸਪਤਾਲ ਬਠਿੰਡਾ ਤੇ ਗੋਨਿਆਣਾ ਦਾ ਕੀਤਾ ਦੌਰਾ
ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ: ਡਾ ਬਲਵੀਰ ਸਿੰਘ
ਸੂਬਾ ਸਰਕਾਰ ਵਲੋਂ ਸਿਹਤ ਦੇ ਖੇਤਰ ਚ ਪੁੱਟੀਆਂ ਜਾ ਰਹੀਆਂ ਹਨ ਵੱਡੀਆ ਪੁਲਾਘਾਂ : ਡਾ. ਬਲਬੀਰ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 28 ਜੂਨ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡੀਆ ਤੇ ਕ੍ਰਾਂਤੀਕਾਰੀ ਪੁਲਾਘਾਂ ਪੁੱਟੀਆਂ ਜਾ ਰਹੀਆਂ ਹਨ ਤਾਂ ਜੋ ਸਿੱਖਿਆ ਤੇ ਸਿਹਤ ਸੇਵਾਵਾਂ ਵਿੱਚ ਹੋਰ ਵਧੇਰੇ ਸੁਧਾਰ ਲਿਆਂਦਾ ਜਾ ਸਕੇ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਦੌਰੇ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮਡੀ ਪਰਦੀਪ ਅਗਰਵਾਲ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਹੜਾ ਵੀ ਮਰੀਜ਼ ਸਿਵਲ ਹਸਪਤਾਲ ਵਿੱਚ ਆਪਣਾ ਇਲਾਜ਼ ਕਰਵਾਉਣ ਲਈ ਆਵੇਗਾ ਚਾਹੇ ਉਹ ਐਮਰਜੈਂਸੀ ਜਾਂ ਕਿਸੇ ਵੀ ਹੋਰ ਵਾਰਡ ਵਿੱਚ ਆਵੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਹੈਲਥ ਕੇਅਰ ਨੂੰ ਮਜ਼ਬੂਤ ਕੀਤਾ ਗਿਆ ਹੈ, ਜਿਸਦੇ ਵਿਚ ਆਮ ਆਮਦੀ ਕਲੀਨਿਕ ਖੋਲ੍ਹੇ ਗਏ ਹਨ। ਇਸਤੋਂ ਬਾਅਦ ਹੁਣ ਸੈਕੰਡਰੀ ਹੈਲਥ ਕੇਅਰ ਤਹਿਤ ਜ਼ਿਲ੍ਹਾ ਪੱਧਰੀ ਹਸਪਤਾਲ ਤੇ ਕਮਿਊਨਟੀ ਕੇਂਦਰਾਂ ਨੂੰ ਮਜਬੂ ਕੀਤਾ ਜਾ ਰਿਹਾ ਹੈ। ਡਾ ਬਲਵੀਰ ਸਿੰਘ ਨੇ ਇੰਨਾਂ ਸਿਹਤ ਸੇਵਾਵਾਂ ਵਿਚ ਡਾਕਟਰਾਂ, ਪੈਰਾਂ ਮੈਡੀਕਲ ਸਟਾਫ਼, ਇਮਾਰਤਾਂ ਅਤੇ ਸਾਜ਼ੋ-ਸਮਾਨ ਪੂਰਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਜਾਰੀ ਕੀਤੇ ਜਾਣ ਵਾਲੇ ਫੰਡਾਂ ਨੂੰ ਰੋਕਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਨਾ ਸਿਰਫ ਸੂਬਾ ਸਰਕਾਰ ਵੱਲੋਂ ਕੇਂਦਰੀ ਯੋਜਨਾਵਾਂ ਵਿਚ 40 ਫੀਸਦੀ ਹਿੱਸਾ ਪਾਇਆ ਜਾ ਰਿਹਾ ਹੈ,ਬਲਕਿ ਜ਼ਮੀਨ ਦਾ ਪ੍ਰਬੰਧ ਕਰਕੇ ਦਿੱਤਾ ਜਾ ਰਿਹਾ ਹੈ, ਜਿਸਦੇ ਚੱਲਦੇ ਜੇਕਰ ਵਿੱਚ ਕੋਈ ਨਾਮ ਦੀ ਤਬਦੀਲੀ ਕਰ ਦਿੱਤੀ ਗਈ ਤਾਂ ਕੋਈ ਵੱਡਾ ਮੁੱਦਾ ਨਹੀਂ ਹੁੰਦਾ ਹੈ। ਇਸ ਮੌਕੇ ਡਾਕਟਰ ਬਲਬੀਰ ਸਿੰਘ ਨੇ ਸਿਹਤ ਵਿਭਾਗ ਵਿਚ ਕੰਮ ਕਰਦੇ ਕੌਮੀ ਹੈਲਥ ਮਿਸ਼ਨ ਕਾਮਿਆਂ ਨੂੰ ਰੈਗੂਲਰ ਕਰਨ ਸਬੰਧੀ ਕਿਹਾ ਕਿ ਇਸ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ ਤੇ ਜਿਸ ਤਰ੍ਹਾਂ ਦੂਜੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਲਾਭ ਦਿੱਤੇ ਗਏ ਹਨ, ਅਜਿਹੇ ਲਾਭ ਕੌਮੀ ਹੈਲਥ ਕਮਿਸ਼ਨ ਦੇ ਮੁਲਾਜ਼ਮਾਂ ਨੂੰ ਵੀ ਮਿਲਣਗੇ। ਇਸ ਉਪਰੰਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਮੂਹ ਡਾਕਟਰੀ ਸਟਾਫ਼ ਤੋਂ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ ਬਾਰੀਕੀ ਨਾਲ ਜਾਣਿਆ। ਉਨ੍ਹਾਂ ਵਿਸ਼ੇਸ਼ ਤੌਰ ਤੇ ਸਿਵਲ ਹਸਪਤਾਲ ਵਿਖੇ ਬਣੇ ਡਾਇਲਸੈਸ ਸੈਂਟਰ ਦਾ ਵੀ ਦੌਰਾ ਕੀਤਾ ਜਿਸ ਤੇ ਹਸਪਤਾਲ ਵਿਖੇ ਸਾਫ਼-ਸਫ਼ਾਈ ਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਤਸ਼ੱਲੀ ਵੀ ਪ੍ਰਗਟਾਈ। ਇਸ ਉਪਰੰਤ ਡਾ. ਬਲਬੀਰ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ ਗੋਨਿਆਣਾ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਕਮਿਊਨਿਟੀ ਹੈਲਥ ਸੈਂਟਰ ਵਿਖੇ ਬੂਟਾ ਵੀ ਲਗਾਇਆ। ਇਸ ਮੌਕੇ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਐਸਐਮਓ ਬਠਿੰਡਾ ਡਾ. ਮਨਿੰਦਰਪਾਲ ਤੇ ਡਾ. ਸਤੀਸ਼ ਜਿੰਦਲ, ਐਸਐਮਓ ਗੋਨਿਆਣਾ ਡਾ. ਧੀਰਾ ਗੁਪਤਾ, ਡਾ. ਮਿਯੰਕਜੋਤ ਤੋਂ ਇਲਾਵਾ ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ, ਐਮ.ਸੀ. ਸੁਖਦੀਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
ਬਾਕਸ
ਮੁਲਾਜਮ ਜਥੇਬੰਦੀ ਨੇ ਤਲਵੰਡੀ ਸਾਬੋ ਦੇ ਐਸ.ਐਮ.ਓ ਵਿਰੁਧ ਲਗਾਏ ਗੰਭੀਰ ਦੋਸ਼
ਬਠਿੰਡਾ: ਇਸ ਦੌਰਾਨ ਸਿਵਲ ਹਸਪਤਾਲ ਦੇ ਮੁਲਾਜਮਾਂ ਦੀ ਜਥੇਬੰਦੀ ਨੇ ਜਨਤਕ ਤੌਰ ‘ਤੇ ਸਿਹਤ ਮੰਤਰੀ ਕੋਲ ਤਲਵੰਡੀ ਸਾਬੋ ਦੇ ਐਸ.ਐਮ.ਓ ਉਪਰ ਕਥਿਤ ਭ੍ਰਿਸਟਾਚਾਰ ਕਰਨ ਦੇ ਦੋਸ਼ ਲਗਾਏ। ਸਿਹਤ ਮੰਤਰੀ ਨੇ ਜਥੈਬੰਦੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
Share the post "ਪੰਜਾਬ ਦੀਆਂ ਸਿਹਤ ਸੇਵਾਵਾਂ ਨੂੰ ਕੌਮਾਂਤਰੀ ਪੱਧਰ ਦਾ ਬਣਾਇਆ ਜਾਵੇਗਾ: ਸਿਹਤ ਮੰਤਰੀ"