ਭਾਜਪਾ ਵਰਕਰਾਂ ਨੇ ਕਲੈਕਟਰ ਦਫ਼ਤਰ ਅੱਗੇ ਦਿੱਤਾ ਧਰਨਾ, ਸੋਪਿਆਂ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 3 ਮਾਰਚ : ਭਾਰਤੀ ਜਨਤਾ ਪਾਰਟੀ ਵਲੋਂ ਅੱਜ ਦਿੱਲੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸ਼ਰਾਬ ਨੀਤੀ ਦੀ ਸੀ.ਬੀ.ਆਈ ਜਾਂਚ ਦੀ ਮੰਗ ਨੂੰ ਲੈ ਕੇ ਸਥਾਨਕ ਮਿੰਨੀ ਸਕੱਤਰੇਤ ਦੇ ਬਾਹਰ ਧਰਨਾ ਦਿੰਦੇ ਹੋਏ ਸਰਕਾਰ ਵਿਰੁਧ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਤੇ ਸੂਬਾ ਮੀਤ ਪ੍ਰਧਾਨ ਦਿਆਲ ਦਾਸ ਸੋਢੀ ਸਮੇਤ ਵੱਖ ਵੱਖ ਬਲਾਰਿਆ ਨੇ ਦੋਸ਼ ਲਗਾਇਆ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਤੋਂ ਇਲਾਵਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਭ੍ਰਿਸ਼ਟਾਚਾਰ ਨਾਲ ਭਰੀ ਹੋਈ ਹੈ। ਉਨਾਂ ਕਿਹਾ ਕਿ ਦਿੱਲੀ ਦੇ ਇਸ਼ਾਰਿਆਂ ’ਤੇ ਪੰਜਾਬ ’ਚ ਆਪਣੇ ਚਹੇਤੇ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਨਵੀਂ ਆਬਕਾਰੀ ਨੀਤੀ ਲਿਆਂਦੀ ਗਈ ਹੈ। ਇਸ ਨੀਤੀ ਨਾਲ ਪੰਜਾਬ ਵਿੱਚ ਸ਼ਰਾਬ ਦਾ ਕਾਰੋਬਾਰ ਦੋ ਪਰਿਵਾਰਾਂ ਦੇ ਹੱਥਾਂ ਵਿੱਚ ਚਲਾ ਜਾਵੇਗਾ।ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੀ ਆਬਕਾਰੀ ਨੀਤੀ ਦੀ ਤੁਰੰਤ ਸੀ.ਬੀ.ਆਈ ਜਾਂਚ ਕਰਵਾਈ ਜਾਵੇ ਤਾਂ ਜੋ ਪੰਜਾਬ ਦੇ ਵਸੀਲਿਆਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਤਰਾਂ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋਇਆ ਹੈ, ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕਈ ਆਗੂ ਤੇ ਅਧਿਕਾਰੀ ਪੰਜ ਮਹੀਨੇ ਦੀ ਸੀਬੀਆਈ ਜਾਂਚ ਮਗਰੋਂ ਅੱਜ ਜੇਲ੍ਹ ਵਿੱਚ ਹਨ। ਧਰਨੇ ਨੂੰ ਸੂਬਾ ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਸਾਬਕਾ ਚੇਅਰਮੈਨ ਮੋਹਨ ਲਾਲ ਗਰਗ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਤੇ ਨਰਿੰਦਰ ਮਿੱਤਲ, ਗੁਲਸ਼ਨ ਵਧਵਾ, ਅਸੋਕ ਬਾਲਿਆਵਾਲੀ, ਵਰਿੰਦਰ ਸ਼ਰਮਾ, ਉਮੇਸ਼ ਸਰਮਾ, ਗੁਰਿੰਦਰ ਪਾਲ ਮਾਂਗਟ, ਰਾਜ਼ੇਸ ਨੌਨੀ, ਜੇਯੰਤ ਸ਼ਰਮਾ, ਜਤਿੰਦਰ ਗੋਗੀ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Share the post "ਪੰਜਾਬ ਦੀ ਸ਼ਰਾਬ ਤੇ ਆਬਕਾਰੀ ਨੀਤੀ ਦੀ ਵੀ ਸੀਬੀਆਈ ਤੋਂ ਕਰਵਾਈ ਜਾਵੇ ਜਾਂਚ : ਸਰੂਪ ਚੰਦ ਸਿੰਗਲਾ"