ਸੁਖਜਿੰਦਰ ਮਾਨ
ਬਠਿੰਡਾ 23 ਮਾਰਚ: ਪਿਛਲੇ ਕੁੱਝ ਦਿਨਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ’ਚ ਬਣੇ ਦਹਿਸਤ ਭਰੇ ਮਾਹੌਲ ’ਤੇ ਚਿੰਤਾ ਜ਼ਾਹਰ ਕਰਦਿਆਂ ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇਸ ਦਾ ਸਭ ਤੋਂ ਅਮਨ-ਅਮਾਨ ਵਾਲਾ ਸੂਬਾ ਹੈ ਤੇ ਸਰਕਾਰ ਸਿਆਸੀ ਹਿੱਤਾਂ ਦੀ ਪੂਰਤੀ ਲਈ ਇੱਥੇ ਦਹਿਸਤ ਵਾਲਾ ਮਾਹੌਲ ਬਣਾਉਣਾ ਬੰਦ ਕਰੇ। ਅੱਜ ਸਥਾਨਕ ਗੁਰੂਦੁਆਰਾ ਸਿੰਘ ਸਭਾ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਯੂਨਾਇਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਹੋਰਨਾਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਸੂਬੇ ਦੀ ਜਨਤਾ ਨੂੰ ਸਪਸ਼ਟ ਕਰੇ ਕਿ ਭਾਈ ਅੰਮ੍ਰਿਤਪਾਲ ਸਿੰਘ ਪੁਲਿਸ ਹਿਰਾਸਤ ਵਿੱਚ ਹਨ ਜਾਂ ਫ਼ਰਾਰ ਹੋ ਗਏ ਹਨ ਜਾਂ ਉਨ੍ਹਾਂ ਨੂੰ ਗਿਰਫ਼ਤਾਰ ਕਰ ਕੇ ਕਰਕੇ ਕੋਈ ਹੋਰ ਭਾਣਾ ਵਰਤਾ ਦਿਤਾ ਗਿਆ ਹੈ। ਗੁਰਦੀਪ ਸਿੰਘ ਬਠਿੰਡਾ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਨੂੰ ਬਦਨਾਮ ਕਰਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਆਪਸ ਵਿਚ ਮਿਲ ਗਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ ਤਾਂ ਕਿ 2024 ਦੀਆਂ ਚੋਣਾਂ ਜਿੱਤੀਆਂ ਜਾ ਸਕਣ। ਭਾਈ ਅੰਮ੍ਰਿਤਪਾਲ ਸਿੰਘ ਦੀ ਆੜ੍ਹ ਵਿੱਚ ਸੈਕੜੇ ਸਿੱਖਾਂ ਨੂੰ ਗਿਰਫ਼ਤਾਰ ਕਰਨ ਅਤੇ ਅੱਧੀ ਦਰਜ਼ਨ ਤੋਂ ਵੱਧ ਸਿੱਖਾਂ ਨੂੰ ਅਸਾਮ ਦੀ ਜੇਲ੍ਹ ਭੇਜ਼ਣ ਦਾ ਵਿਰੋਧ ਕਰਦਿਆਂ ਪੰਥਕ ਆਗੂ ਨੇ ਕਿਹਾ ਕਿ ਜੇਕਰ ਕਿਸੇ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਤਾਂ ਉਸਦੀ ਸੰਵਿਧਾਨ ਮੁਤਾਬਕ ਸਜ਼ਾ ਦਿੱਤੀ ਜਾ ਸਕਦੀ ਹੈ ਪ੍ਰੰਤੂ ਐਨ.ਐਸ.ਏ ਅਤੇ ਹੋਰ ਖ਼ਤਰਨਾਕ ਧਾਰਾਵਾਂ ਤਹਿਤ ਸਿੱਖਾਂ ਨੂੰ ਜੇਲ੍ਹਾਂ ਵਿਚ ਸੁੱਟਣਾ ਬਹੁਤ ਮੰਦਭਾਗਾ ਹੈ। ਉਨਾਂ ਕਿਹਾ ਕਿ ਦੇਸ਼ ਅਤੇ ਵਿਦੇਸ਼ ਵਿੱਚ ਸਿੱਖਾਂ ਤੇ ਪੰਜਾਬ ਦਾ ਅਜਿਹਾ ਚੇਹਰਾ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਪੰਜਾਬ ਅਤੇ ਭਾਰਤ ਵਿਚਕਾਰ ਜੰਗ ਚੱਲ ਰਹੀ ਹੋਵੇ। ਉਨਾਂ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਸਰਕਾਰ ਕਿਸਾਨ ਮੋਰਚੇ ਦੀ ਜਿੱਤ ਲਈ ਸੰਸਾਰ ਦੇ ਸਿੱਖ ਭਾਇਚਾਰੇ ਅਤੇ ਪੰਜਾਬ ਦੇ ਪਾਏ ਯੋਗਦਾਨ ਬਦਲੇ ਸਿੱਖਾਂ ਅਤੇ ਪੰਥ ਨੂੰ ਸਬਕ ਸਿਖਾਉਣ ਦੇ ਯਤਨ ਕਰਕੇ ਅੱਗ ਨਾਲ ਖੇਡ ਰਹੀ ਹੋਵੇ। ਉਨਾਂ ਚੇਤਾਵਨੀ ਦਿੱਤੀ ਕਿ ਯੂਨਾਈਟਿਡ ਅਕਾਲੀ ਦਲ ਆਪਣੇ ਸ਼ਕਤੀ ਮੁਤਾਬਿਕ ਸਰਕਾਰ ਦਾ ਵਿਰੋਧ ਕਰੇਗਾ। ਇਸ ਮੌਕੇ ਉਨ੍ਹਾਂ ਨੇ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕਿਹਾ ਆਪਣਾ ਪੱਖ ਸਪੱਸ਼ਟ ਕਰਨ। ਇਸ ਮੌਕੇ ਉਹਨਾ ਨਾਲ ਬਾਬਾ ਮਨਪ੍ਰੀਤ ਸਿੰਘ, ਜਗਜੀਤ ਸਿੰਘ ਝੁੱਟੀਕਾ ਮਹੁੱਲਾ, ਪ੍ਰਿੰਸੀਪਲ ਪਰਮਜੀਤ ਸਿੰਘ, ਨਛੱਤਰ ਸਿੰਘ ਦਬੜੀਖਾਨਾ, ਰਮਨਦੀਪ ਸਿੰਘ ਰਮੀਤਾ ਅਤੇ ਕਈ ਹੋਰ ਆਗੂ ਵੀ ਹਾਜਰ ਸਨ।
Share the post "ਪੰਜਾਬ ਦੇਸ ਦਾ ਸਭ ਤੋਂ ਅਮਨ-ਅਮਾਨ ਵਾਲਾ ਸੂਬਾ, ਸਰਕਾਰ ਦਹਿਸ਼ਤਯਦਾ ਮਾਹੌਲ ਬਣਾਉਣਾ ਬੰਦ ਕਰੇ: ਗੁਰਦੀਪ ਸਿੰਘ"