ਜਿੰਨ੍ਹਾਂ ਮੁੱਦਿਆਂ ਨੂੰ ਲੈ ਕੇ ਕੈਪਟਨ ਨੂੰ ਗੱਦੀ ਤੋਂ ਉਤਾਰਿਆਂ, ਉਹ ਹਾਲੇ ਵੀ ਬਰਕਰਾਰ
ਸੁਖਜਿੰਦਰ ਮਾਨ
ਬਠਿੰਡਾ 24 ਅਕਤੂਬਰ: ਕਰੀਬ ਇੱਕ ਮਹੀਨਾ ਪਹਿਲਾਂ ਹੋਂਦ ਵਿਚ ਆਈ ਸੂਬੇ ਦੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਪੰਜਾਬ ਦੇ ਗੰਭੀਰ ਮੁੱਦਿਆਂ ਪ੍ਰਤੀ ਅਵੇਸਲੀ ਹੁੰਦੀ ਜਾਪ ਰਹੀ ਹੈ। ਬੇਅਦਬੀ ਕਾਂਡ, ਗੋਲੀ ਕਾਂਡ ਤੇ ਨਸ਼ਾ ਤਸਕਰੀ ਤੋਂ ਇਲਾਵਾ ਨਜਾਇਜ਼ ਸਰਾਬ ਫੈਕਟਰੀਆਂ ਤੇ ਰੇਤ ਮਾਫ਼ੀਆ ਆਦਿ ਦੇ ਮੁੱਦੇ ਹਾਲੇ ਵੀ ਅੱਧ ਵਿਚਕਾਰ ਲਟਕੇ ਹੋਏ ਹਨ। ਹਾਲਾਂਕਿ ਨੌਜਵਾਨ ਮੰਤਰੀ ਰਾਜਾ ਵੜਿੰਗ ਦੀਆਂ ਕੋਸ਼ਿਸਾਂ ਦੇ ਸਦਕਾ ਟ੍ਰਾਂਸਪੋਰਟ ਵਿਭਾਗ ’ਚ ਵੱਡੀ ਹਿਲਜੁਲ ਵਿਖਾਈ ਦੇ ਰਹੀ ਹੈ। ਬੇਸ਼ੱਕ ਮੁੱਖ ਮੰਤਰੀ ਸ: ਚੰਨੀ ਦੇ ਕੰਮ ਕਰਨ ਦੇ ਅੰਦਾਜ਼ ਅਤੇ ਆਮ ਆਦਮੀ ਵਾਂਗ ਵਿਚਰਨ ਕਾਰਨ ਹੇਠਲੇ ਪੱਧਰ ’ਤੇ ਉਨ੍ਹਾਂ ਦੀ ਭੱਲ ਬਣੀ ਹੈ ਪ੍ਰੰਤੂ ਪੰਜਾਬ ਦੇ ਲੋਕ ਉਪਰੋਕਤ ’ਤੇ ਚਰਚਾ ਕਰਨ ਲੱਗੇ ਹਨ, ਜਿੰਨਾਂ ਨੂੰ ਲੈ ਕੇ ਨਵਜੋਤ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਗੱਦੀ ਤੋਂ ਉਤਾਰਿਆਂ ਗਿਆ ਸੀ। ਸਪੋਕਸਮੈਨ ਵਲੋਂ ਵੱਖ ਵੱਖ ਖੇਤਰਾਂ ਦੇ ਲੋਕਾਂ ਤੋਂ ਮੌਜੂਦਾ ਚੰਨੀ ਸਰਕਾਰ ਬਾਰੇ ਹਾਸਲ ਕੀਤੀ ਫ਼ੀਡਬੈਕ ਮੁਤਾਬਕ ਬੇਸ਼ੱਕ ਇਹ ਸਰਕਾਰ ਵੱਡੀਆਂ ਰਿਆਇਤਾਂ ਦੇ ਗੱਫ਼ੇ ਤੇ ਵੀਆਈਪੀ ਕਲਚਰ ਤੋਂ ਦੂਰੀ ਬਣਾ ਕੇ ਚੰਗਾ ਕੰਮ ਕਰ ਰਹੀ ਹੈ ਪਰ ਸੂਬੇ ਦੇ ਕੁੱਝ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਨ ਦੀ ਸੰਭਾਵਨਾ ਨੂੰ ਲੈ ਕੇ ਲੋਕਾਂ ਦੇ ਮਨਾਂ ’ਚ ਸ਼ੰਕੇ ਹਾਲੇ ਵੀ ਬਣੇ ਹੋਏ ਹਨ। ਇੱਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲੋਕਾਂ ਦੇ ਮਨਾਂ ’ਚ ਸੰਕੇ ਉਤਪਨ ਕਰਨ ਵਾਲੀ ਸਥਿਤੀ ਨੂੰ ਬਣਾਉਣ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਅਸਤੀਫ਼ੇ ਨੇ ਵੀ ਵੱਡੀ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਵਲੋਂ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਤੇ ਐਡੋਵੇਕਟ ਏ.ਪੀ.ਐਸ ਦਿਊਲ ਦੀ ਨਿਯੁਕਤੀ ਨੂੰ ਲੈ ਕੇ ਦਿੱਤੇ ਅਸਤੀਫ਼ੇ ਨੂੰ ਹਾਲੇ ਤੱਕ ਵਾਪਸ ਨਹੀਂ ਲਿਆ ਹੈ। ਨਿਰੱਪਖ ਸਿਆਸੀ ਵਿਸਲੇਸ਼ਕਾਂ ਮੁਤਾਬਕ ਬੇਸ਼ੱਕ ਚੰਨੀ ਸਰਕਾਰ ਸਿੱਧੂ ਵਲੋਂ ਚੁੱਕੇ ਕਦਮਾਂ ਦਾ ਤੋੜ ਲੱਭਣ ਲਈ ਸੂਬੇ ਦੇ ਆਮ ਲੋਕਾਂ ਨੂੰ ਲੁਭਾਉਣ ਦੇ ਯਤਨਾਂ ਵਿਚ ਲੱਗੀ ਹੋਈ ਹੈ ਪ੍ਰੰਤੂ ਇਸ ਗੱਲ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਲ 2017 ਦੀ ਤਰ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵੀ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ਉਪਰ ਚਰਚਾ ਜਰੂਰ ਹੋਵੇਗੀ ਤੇ ਇਹ ਮੁੱਦੇ ਹੱਲ ਨਾ ਹੋਣ ਦੀ ਸਥਿਤੀ ’ਚ ਕਾਂਗਰਸ ਪਾਰਟੀ ਨੂੰ ਇਸਦਾ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਜਦਂੋਕਿ ਦੂਜੇ ਪਾਸੇ ਮੁੱਖ ਮੰਤਰੀ ਚੰਨੀ ਦੀ ਕਾਰਜ਼ਸੈਲੀ ਕਾਰਨ ਆਪ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਉਲਟ ਇਕਦਮ ਖ਼ੁਦ ਨੂੰ ਇੱਕ ਆਮ ਆਦਮੀ ਵਜੋਂ ਪੇਸ਼ ਕਰਕੇ ਹੇਠਲੀ ਪੱਧਰ ਦੇ ਵੋਟਰਾਂ ਦੀ ਹਮਦਰਦੀ ਖੱਟਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ।
ਪੰਜਾਬ ਦੇ ਮੁੱਦਿਆਂ ਤੋਂ ਮੁੜ ਕਾਂਗਰਸ ਦੀ ਗੱਡੀ ਉਤਰੀ!
5 Views