ਦੋ ਨਾਇਜੀਰੀਅਨ ਵਿਅਕਤੀਆਂ ਸਣੇ ਮੁੱਖ ਸਾਜ਼ਿਸ਼ਕਰਤਾ ਨੂੰ ਦਿੱਲੀ ਤੋਂ ਕੀਤਾ ਕਾਬੂ
ਆਪਣੇ ਵਟਸਐਪ ਪ੍ਰੋਫਾਈਲਾਂ ‘ਤੇ ਵੀ.ਵੀ.ਆਈ.ਪੀਜ਼ ਦੇ ਨਾਮ ਅਤੇ ਡੀਪੀ ਲਗਾ ਕੇ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਤੋਂ ਠੱਗਦੇ ਸਨ ਪੈਸੇ
ਡੈਬਿਟ ਕਾਰਡ, ਗੈਜੇਟਸ, ਮੋਬਾਈਲ ਫੋਨ, ਲੈਪਟਾਪ, ਕੀਮਤੀ ਘੜੀਆਂ, ਪਾਸਪੋਰਟ ਅਤੇ 108 ਜੀ.ਬੀ ਡਾਟਾ ਵੀ ਕੀਤਾ ਜ਼ਬਤ
ਸੁਖਜਿੰਦਰ ਮਾਨ
ਚੰਡੀਗੜ, 7 ਜੁਲਾਈ: ਦਿੱਲੀ ਤੋਂ ਦੋ ਨਾਈਜੀਰੀਅਨ ਵਿਅਕਤੀਆਂ ਦੀ ਗਿ੍ਰਫਤਾਰੀ ਦੇ ਨਾਲ, ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਇੱਕ ਅੰਤਰਰਾਸ਼ਟਰੀ ਸਾਈਬਰ ਫਰਾਡ ਰੈਕੇਟ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਰੈਕਟ ਵਿੱਚ ਧੋਖਾਧੜੀ ਕਰਨ ਵਾਲੇ ਆਪਣੇ ਵਟਸਐਪ ਪ੍ਰੋਫਾਈਲਾਂ ‘ਤੇ ਵੀ.ਵੀ.ਆਈ.ਪੀਜ਼ ਦੀਆਂ ਡੀਪੀਜ਼ ਅਤੇ ਨਾਮ ਵਰਤਕੇ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਠੱਗ ਰਹੇ ਸਨ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਦਿੱਤੀ। ਜਾਲਸਾਜ਼ੀ ਕਰਨ ਵਾਲੇ ਇਹ ਵਿਅਕਤੀ ਬੇਕਸੂਰ ਲੋਕਾਂ , ਜ਼ਿਆਦਾਤਰ ਸਰਕਾਰੀ ਅਧਿਕਾਰੀਆਂ ਨੂੰ ਨਿੱਜੀ ਸੰਦੇਸ਼ ਭੇਜ ਕੇ, ਐਮਾਜਾਨ ਗਿਫਟ ਕਾਰਡ, ਪੇ.ਟੀ.ਐਮ., ਜਾਂ ਕਿਸੇ ਹੋਰ ਡਿਜੀਟਲ ਪਲੈਟਫਾਰਮ ਰਾਹੀਂ ਪੈਸੇ ਭੇਜਣ ਦੀ ਮੰਗ ਕਰਦੇ ਸਨ ਸੀ। ਪਿਛਲੇ ਕੁਝ ਮਹੀਨਿਆਂ ਦੌਰਾਨ, ਇਹ ਜਾਲਸਾਜ਼ਾਂ ਨੇ ਕੈਬਨਿਟ ਮੰਤਰੀਆਂ, ਡੀ.ਜੀ.ਪੀ. ਪੰਜਾਬ, ਮੁੱਖ ਸਕੱਤਰ ਪੰਜਾਬ, ਅਤੇ ਹੋਰ ਆਈਏਐਸ/ਆਈਪੀਐਸ ਅਫਸਰਾਂ ਦਾ ਨਾਮ ਵਰਤ ਕੇ ਬਹੁਤ ਸਾਰੇ ਲੋਕਾਂ ਨੂੰ ਠੱਗਿਆ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਖੁਲਾਸਾ ਕੀਤਾ ਕਿ ਇਨਾਂ ਗਿ੍ਰਫਤਾਰੀਆਂ ਦੇ ਨਾਲ, ਪੰਜਾਬ ਪੁਲਿਸ ਨੇ ਇੱਕ ਹੋਰ ਵੱਡੀ ਕਾਮਯਾਬੀ ਦਰਜ ਕੀਤੀ ਹੈ, ਜਿਸ ਨਾਲ ਦਿੱਲੀ ਤੋਂ ਫੈਲੇ ਹੋਏ ਸਾਈਬਰ ਜਾਲਸਾਜ਼ੀ ਦੇ ਗਠਜੋੜ ਦੀ ਡੂੰਘੀਆਂ ਜੜਾਂ ਜੋ ਮੁੱਖ ਤੌਰ ‘ਤੇ ਨਾਈਜੀਰੀਅਨ ਵਿਅਕਤੀਆਂ ਦੇ ਕੁਝ ਭਾਰਤੀ ਸਾਥੀਆਂ ਨਾਲ ਸਬੰਧਾਂ ਨੂੰ ਜੱਗ ਜ਼ਾਹਰ ਕੀਤਾ ਹੈ।ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਨੀਓਕ ਹਾਈਗਿਨਸ ਓਕਵੁਡੀਲੀ ਉਰਫ ਪੋਕਾ ਅਤੇ ਫਰੈਂਕਲਿਨ ਉਰਫ ਵਿਲੀਅਮ ਵਜੋਂ ਹੋਈ ਹੈ, ਦੋਵੇਂ ਨਾਈਜੀਰੀਆ ਦੇ ਲਾਗੋਸ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਦਿੱਲੀ ਵਿੱਚ ਰਹਿ ਰਹੇ ਹਨ। ਪੁਲਿਸ ਨੇ ਕੈਨਰਾ ਬੈਂਕ ਦਾ ਇੱਕ ਡੈਬਿਟ ਕਾਰਡ, ਵੱਖ-ਵੱਖ ਗੈਜਿਟ, ਮੋਬਾਈਲ ਫੋਨ, ਲੈਪਟਾਪ, ਕੀਮਤੀ ਘੜੀਆਂ ਅਤੇ ਪਾਸਪੋਰਟ ਵੀ ਬਰਾਮਦ ਕੀਤੇ ਹਨ।
ਇਸ ਆਪ੍ਰੇਸ਼ਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਆਈ.ਜੀ. ਸਾਈਬਰ ਕ੍ਰਾਈਮ ਆਰ.ਕੇ. ਜੈਸਵਾਲ ਨੇ ਕਿਹਾ ਕਿ ਇੱਕ ਵਿਆਪਕ ਹਾਈ-ਟੈਕ ਜਾਂਚ ਅਤੇ ਵਟਸਐਪ ਵਲੋਂ ਭਰੋਸੇਯੋਗ ਜਾਣਕਾਰੀ ਹਾਸਲ ਕਰਨ ਉਪਰੰਤ , ਸਟੇਟ ਸਾਈਬਰ ਸੈੱਲ ਨੂੰ ਕੁਝ ਵੱਡੀਆਂ ਲੀਡਾਂ ਮਿਲੀਆਂ ਸਨ, ਜਿਸ ਤੋਂ ਬਾਅਦ ਤਿੰਨ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਦੋਸ਼ੀਆਂ ਦੀ ਪੜਤਾਲ ਅਤੇ ਗਿ੍ਰਫਤਾਰੀ ਨੂੰ ਅੰਜਾਮ ਦੇਣ ਲਈ ਫੀਲਡ ਵਰਕ ਦੇ ਵਿੱਤੀ, ਤਕਨੀਕੀ ਦੇ ਕਾਰਜ ਸੌਂਪੇ ਗਏ । ਉਨਾਂ ਦੱਸਿਆ ਕਿ ਡੀ.ਐਸ.ਪੀ. ਸਾਈਬਰ ਕ੍ਰਾਈਮ ਸਮਰਪਾਲ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਟੀਮ ਜਿਸ ਵਿੱਚ ਦੋ ਇੰਸਪੈਕਟਰ ਅਤੇ ਹੋਰ ਪੁਲੀਸ ਮੁਲਾਜ਼ ਸ਼ਾਮਲ ਸਨ, ਨੂੰ ਦਿੱਲੀ ਭੇਜਿਆ ਗਿਆ ।ਆਈ.ਜੀ.ਪੀ. ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਦਿੱਲੀ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਦੋਸ਼ੀ ਅਨੀਓਕ ਉਰਫ ਪੋਕਾ ਨੂੰ ਉਸ ਸਮੇਂ ਰੰਗੇ ਹੱਥੀਂ ਕਾਬੂ ਕੀਤਾ ਜਦੋਂ ਉਹ ਨਵੀਂ ਦਿੱਲੀ ਦੇ ਵਿਕਾਸ ਪੁਰੀ ਨੇੜੇ ਸਥਿਤ ਏ.ਟੀ.ਐਮ. ਤੋਂ ਪੈਸੇ ਕਢਵਾ ਰਿਹਾ ਸੀ।
ਪੁੱਛਗਿੱਛ ਦੌਰਾਨ ਦੋਸ਼ੀ ਅਨੀਓਕੇ ਉਰਫ ਪੋਕਾ ਨੇ ਦੱਸਿਆ ਕਿ ਵਟਸਐਪ ਖਾਤੇ ਨਾਈਜੀਰੀਆ ਤੋਂ ਹੈਕ ਕੀਤੇ ਗਏ ਸਨ ਅਤੇ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਰਜ਼ੀ ਦਸਤਾਵੇਜਾਂ ਦੀ ਵਰਤੋਂ ਕਰਕੇ ਖੋਲੇ ਗਏ ਬੈਂਕ ਖਾਤਿਆਂ ਦੇ ਏ.ਟੀ.ਐਮ. ਕਾਰਡਾਂ ਤੋਂ ਪੈਸੇ ਕਢਵਾਉਂਦਾ ਸੀ ਅਤੇ ਫਿਰ ਉਹ ਪੈਸੇ ਆਪਣੇ ਸਰਗਨਾ ਫਰੈਂਕਲਿਨ ਉਰਫ ਵਿਲੀਅਮ ਨੂੰ ਸੌਂਪਦਾ ਸੀ, ਜੋ ਅੱਗੇ ਨਾਈਜੀਰੀਆ ਨੂੰ ਇਲੈਕਟ੍ਰਾਨਿਕ ਢੰਗ ਨਾਲ ਪੈਸੇ ਟ੍ਰਾਂਸਫਰ ਕਰਦਾ ਸੀ। ਉਨਾਂ ਦੱਸਿਆ ਕਿ ਲੰਮੀ ਜੱਦੋ ਜਹਿਦ ਪਿੱਛੋਂ ਪੁਲਿਸ ਟੀਮਾਂ ਨੇ ਫਰੈਂਕਲਿਨ ਨੂੰ ਵੀ ਗਿ੍ਰਫਤਾਰ ਕਰ ਲਿਆ ਹੈ। ਆਈਜੀ ਆਰ. ਕੇ. ਜੈਸਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਡਵੀਜਨ ਨੇ ਇਨਾਂ ਧੋਖਾਧੜੀਆਂ ਦੇ ਸਬੰਧ ਵਿੱਚ ਇਹ ਪੂਰੇ ਭਾਰਤ ਭਰ ’ਚ ਪਹਿਲੀ ਗਿ੍ਰਫਤਾਰੀ ਕੀਤੀ ਹੈ ਅਤੇ ਇਸ ਬਾਬਤ ਇੱਕ ਹੋਰ ਸਨਸਨੀਖੇਜ਼ ਪੱਖ ਇਹ ਹੈ ਕਿ ਇਸ ਚਿਟ ਕੱਪੜੀਆ ਅਪਰਾਧ ਵਿੱਚ ਨਾਈਜੀਰੀਅਨ ਲੋਕ ਵੀ ਜੁੜੇ ਹੋਏ ਹਨ।
ਜ਼ਿਕਰਯੋਗ ਹੈ ਕਿ ਸਟੇਟ ਸਾਈਬਰ ਕ੍ਰਾਈਮ ਸੈੱਲ ਦੀ ਟੀਮ ਨੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਅਸਾਮ, ਬਿਹਾਰ, ਐਮ.ਪੀ., ਉੱਤਰਾਖੰਡ, ਯੂ.ਪੀ., ਜੀਂਦ ਅਤੇ ਅਲਵਰ ਸਮੇਤ ਕਈ ਸੂਬਿਆਂ ਵਿੱਚ ਛਾਪੇਮਾਰੀ ਵੀ ਕੀਤੀ ਸੀ।ਉਕਤ ਮਾਮਲੇ ਦੀ ਤਫ਼ਤੀਸ਼ ਸਬੰਧੀ ਹੋਰ ਖੁਲਾਸਾ ਕਰਦਿਆਂ ਡੀ.ਆਈ.ਜੀ. ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਨੇ ਕਿਹਾ ਕਿ ਲਗਭਗ 108 ਜੀ.ਬੀ ਡਾਟਾ ਦੀ ਰਿਕਵਰੀ ਦੇ ਨਾਲ ਮੁੱਖ ਦੋਸ਼ੀ ਦੀ ਗਿ੍ਰਫਤਾਰੀ ਨੇ ਹਰ ਰੋਜ ਲੱਖਾਂ ਰੁਪਏ ਦੇ ਵੱਡੇ ਵਿੱਤੀ ਲੈਣ-ਦੇਣ ਸਬੰਧੀ ਜਾਣਕਾਰੀ ਸਾਹਮਣੇ ਲਿਆਂਦੀ ਹੈ। ਉਹਨਾਂ ਕਿਹਾ ਕਿ ਇਹ ਜੋ ਬਰਾਮਦਗੀ ਹੋਈ ਇਸ ਵਿੱਚ ਕਥਿਤ ਤੌਰ ‘ਤੇ ਜਾਅਲੀ ਵਟਸਐਪ ਆਈ.ਡੀ ਦੇ ਸਕਰੀਨਸ਼ਾਟ ਅਤੇ ਬਰਾਮਦ ਕੀਤੇ ਗਏ ਕਰੋੜਾਂ ਰੁਪਏ ਦੇ ਲੈਣ-ਦੇਣ ਦੇ ਸਕਰੀਨਸ਼ਾਟ ਸਬੰਧੀ ਜਾਣਕਾਰੀ ਨੂੰ ਡਰੱਗ ਲਿੰਕੇਜ, ਹਵਾਲਾ ਲੈਣ-ਦੇਣ ਅਤੇ ਹੋਰ ਜਾਂਚ ਲਈ ਫੋਰੈਂਸਿਕ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ।
ਡੀ.ਆਈ.ਜੀ. ਨੇ ਕਿਹਾ ਕਿ ਜਾਂਚ ਦੌਰਾਨ ਪਹਿਲਾਂ ਦੋ ਬੈਂਕ ਖਾਤਿਆਂ ਦੀ ਸ਼ਨਾਖਤ ਕੀਤੀ ਗਈ, ਬਾਅਦ ਵਿੱਚ ਸ਼ੱਕੀ ਬੈਂਕ ਖਾਤਿਆਂ ਦੀ ਬੈਂਕ ਸਟੇਟਮੈਂਟ ਤੋਂ ਇਹ ਗੱਲ ਸਾਹਮਣੇ ਆਈ ਕਿ ਇਨਾਂ ਬੈਂਕ ਖਾਤਿਆਂ ਤੋਂ 4 ਬੈਂਕ ਖਾਤਿਆਂ ਵਿੱਚ ਪੈਸੇ ਭੇਜੇ ਜਾ ਰਹੇ ਸਨ ਅਤੇ ਉਸ ਤੋਂ ਬਾਅਦ 11 ਬੈਂਕ ਖਾਤਿਆਂ ਵਿੱਚ ਪੈਸੇ ਭੇਜ ਕੇ ਇਕ ਵਿਆਪਕ ਨੈਟਵਰਕ ਸਥਾਪਤ ਕੀਤਾ ਹੋਇਆ ਸੀ। ਉਹਨਾਂ ਅੱਗੇ ਕਿਹਾ ਕਿ ਇਸ ਨੈਟਵਰਕ ਨੂੰ ਤੋੜਨ ਉਪਰੰਤ ਇਹ ਪਤਾ ਲੱਗਾ ਕਿ ਨਵੀਂ ਦਿੱਲੀ ਦੇ ਵਿਕਾਸ ਪੁਰੀ, ਗਣੇਸ਼ ਨਗਰ, ਤਿਲਕ ਨਗਰ ਅਤੇ ਨੰਗਲੋਈ ਦੇ ਕਈ ਏ.ਟੀ.ਐਮਾਂ ਤੋਂ ਪੈਸੇ ਕਢਵਾਏ ਜਾ ਰਹੇ ਸਨ।ਜ਼ਿਕਰਯੋਗ ਹੈ ਕਿ ਸਾਈਬਰ ਕ੍ਰਾਈਮ ਸੈੱਲ ਵੱਲੋਂ ਹਾਲ ਹੀ ਵਿੱਚ ਵਾਪਰੀਆਂ ਅਜਿਹੀਆਂ ਧੋਖਾਧੜੀਆਂ ਤੇ ਫਰੇਬਖੋੋਈਆਂ ਲਈ ਪਹਿਲਾਂ ਹੀ ਚਾਰ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ।
ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਸਾਇਬਰ ਫਰਾਡ ਰੈਕਿਟ ਦਾ ਕੀਤਾ ਪਰਦਾਫਾਸ਼
18 Views