ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪਦਉੱਨਤ ਹੋਏ ਕਰਮਚਾਰੀਆਂ ਨੂੰ ਦਿੱਤੀਆਂ ਸੁਭਕਾਮਨਾਵਾਂ, ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਕਿਹਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 16 ਜੁਲਾਈ: ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਅਤੇ ਹਥਿਆਰਬੰਦ ਵਿੰਗ ਦੀ ਕਾਰਜਕੁਸਲਤਾ ਨੂੰ ਵਧਾਉਣ ਲਈ, ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਆਰਮਡ ਪੁਲਿਸ ਕੇਡਰ ਦੇ 60 ਸਬ-ਇੰਸਪੈਕਟਰਾਂ ਦੀ ਇੱਕ ਹੋਰ ਟੁਕੜੀ ਨੂੰ ਇੰਸਪੈਕਟਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਹੈ। 60 ਪੁਲਿਸ ਮੁਲਾਜਮਾਂ ਦੀ ਇਸ ਤਰੱਕੀ ਨਾਲ ਪੰਜਾਬ ਪੁਲਿਸ ਦੇ ਸਾਰੇ ਆਰਮਡ ਵਿੰਗਾਂ ਵਿੱਚ ਇੰਸਪੈਕਟਰ ਰੈਂਕ ਦੀਆਂ ਲਗਭਗ ਸਾਰੀਆਂ ਅਸਾਮੀਆਂ ਭਰ ਗਈਆਂ ਹਨ। ਇਹ ਪਦਉੱਨਤੀਆਂ ਪੰਜਾਬ ਪੁਲਿਸ ਵੱਲੋਂ 101 ਸਬ-ਇੰਸਪੈਕਟਰਾਂ, ਜਿਨ੍ਹਾਂ ਵਿੱਚ 95 ਮਹਿਲਾ ਕਰਮਚਾਰੀ ਵੀ ਸਾਮਲ ਹਨ, ਨੂੰ ਇੰਸਪੈਕਟਰ ਦੇ ਅਹੁਦੇ ‘ਤੇ ਤਰੱਕੀ ਦੇਣ ਤੋਂ ਇੱਕ ਹਫਤੇ ਬਾਅਦ ਕੀਤੀਆਂ ਗਈਆਂ ਹਨ।
ਡੀਜੀਪੀ ਗੌਰਵ ਯਾਦਵ ਨੇ ਪਦਉੱਨਤ ਹੋਣ ਵਾਲੇ ਕਰਮਚਾਰੀਆਂ ਨੂੰ ਸੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਮੇਰੇ ਸਾਥੀ ਕਰਮਚਾਰੀਆਂ ਨੂੰ ਸਮੇਂ ਸਿਰ ਤਰੱਕੀ ਦੇਣਾ ਮੇਰੀ ਪ੍ਰਮੁੱਖ ਤਰਜੀਹ ਹੈ, ਜਿਸ ਨਾਲ ਨਾ ਸਿਰਫ ਫੋਰਸ ਦਾ ਮਨੋਬਲ ਵਧੇਗਾ ਬਲਕਿ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਵਿੱਚ ਸੁਪਰਵਾਈਜਰੀ ਪੱਧਰ ‘ਤੇ ਸਟਾਫ ਦੀ ਕਮੀ ਨੂੰ ਵੀ ਦੂਰ ਹੋਵੇਗੀ।ਉਨ੍ਹਾਂ ਨੇ ਪਦਉੱਨਤ ਹੋਏ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ। ਸਮੇਂ ਸਿਰ ਤਰੱਕੀਆਂ ਨੂੰ ਹਰੇਕ ਪੁਲਿਸ ਅਧਿਕਾਰੀ ਦਾ ਹੱਕ ਦੱਸਦਿਆਂ ਡੀਜੀਪੀ ਨੇ ਸਮੁੱਚੀ ਪੁਲਿਸ ਫੋਰਸ ਨੂੰ ਜਲਦੀ ਹੀ ਉਨ੍ਹਾਂ ਦੀਆਂ ਬਣਦੀਆਂ ਤਰੱਕੀਆਂ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਹੈੱਡ ਕਾਂਸਟੇਬਲ, ਸਹਾਇਕ ਸਬ-ਇੰਸਪੈਕਟਰ ਅਤੇ ਸਬ-ਇੰਸਪੈਕਟਰ ਸਮੇਤ ਸੁਪਰਵਾਈਜਰੀ ਪੱਧਰ ‘ਤੇ ਸਾਰੀਆਂ ਖਾਲੀ ਅਸਾਮੀਆਂ ਨੂੰ ਜਲਦੀ ਭਰਿਆ ਜਾਵੇਗਾ।
Share the post "ਪੰਜਾਬ ਪੁਲਿਸ ਨੇ ਹਥਿਆਰਬੰਦ ਵਿੰਗ ਦੇ 60 ਸਬ-ਇੰਸਪੈਕਟਰਾਂ ਨੂੰ ਇੰਸਪੈਕਟਰ ਰੈਂਕ ‘ਤੇ ਦਿੱਤੀ ਤਰੱਕੀ"