ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ: ਪੰਜਾਬ ਯੂ.ਟੀ. ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਦੀ ਸੂਬਾ ਕਮੇਟੀ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਪੰਜਾਬ ਸਰਕਾਰ ਦੇ ਮੁਲਾਜਮ ਅਤੇ ਪੈਨਸਨਰ ਵਿਰੋਧੀ ਰਵੱਈਏ ਖਿਲਾਫ ਅੱਜ ਅੰਬੇਦਕਰ ਪਾਰਕ ਵਿਖੇ ਇਕੱਠੇ ਹੋਣ ਉਪਰੰਤ ਮਾਰਚ ਕਰਦੇ ਹੋਏ ਡਿਪਟੀ ਕਮਿਸਨਰ ਦਫਤਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਜਿਲ੍ਹਾ ਕਨਵੀਨਰ ਦਰਸਨ ਸਿੰਘ ਮੌੜ, ਮੱਖਣ ਸਿੰਘ ਕੰਗਣਵਾਲ, ਗਗਨਦੀਪ ਸਿੰਘ, ਮਨਜੀਤ ਸਿੰਘ ਧੰਜਲ,ਸਿਕੰਦਰ ਸਿੰਘ ਧਾਲੀਵਾਲ ਅਤੇ ਮਨਜੀਤ ਸਿੰਘ ਦੀ ਅਗਵਾਈ ਅੰਬੇਦਕਰ ਪਾਰਕ ਵਿਖੇ ਇਕੱਤਰ ਹੋਏ ਮੁਲਾਜਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਕੱਚੇ ਮੁਲਾਜਮਾਂ ਨੂੰ ਪੱਕੇ ਕਰ ਦੇਣ ਦੇ ਵੱਡੇ ਵੱਡੇ ਇਸਤਿਹਾਰ ਲਾਉਣ ਦੇ ਬਾਵਜੂਦ ਹਾਲੇ ਤੱਕ ਅਸਲੀਅਤ ਵਿੱਚ ਕੱਚੇ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਗਿਆ ਹੈ ਨਾ ਹੀ ਮਾਣ ਭੱਤਾ ਮੁਲਾਜਮਾਂ ਤੇ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕਰਨ ਬਾਰੇ ਕੁਝ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪੁਰਾਣੀ ਪੈਨਸਨ ਸਕੀਮ ਬਹਾਲ ਕਰਨ ਬਾਰੇ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਤਨਖਾਹ ਕਮਿਸਨ ਦੀਆਂ ਤਰੁੱਟੀਆਂ ਦੂਰ ਕਰਨ ਬਾਰੇ ਸਰਕਾਰ ਦਾ ਰਵੱਈਆ ਢਿੱਲ ਮੱਠ ਵਾਲਾ ਹੀ ਹੈ।ਪੰਜਾਬ ਦੇ ਮੁਲਾਜਮ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਤਿੰਨ ਕਿਸਤਾਂ, ਮੁਲਾਜਮਾਂ ਦੇ ਕੱਟੇ 38 ਕਿਸਮ ਦੇ ਭੱਤੇ, ਤਨਖਾਹ ਕਮਿਸਨ ਦੇ ਬਕਾਏ ਦੇ ਨਾਲ ਨਾਲ ਮੁਲਾਜਮ ਤਨਖਾਹ ਕਮਿਸਨ ਦੀ ਰਿਪੋਰਟ ਦਾ ਦੂਜਾ ਹਿੱਸਾ ਉਡੀਕ ਰਹੇ ਹਨ। ਪਰ ਸਰਕਾਰ ਵੱਲੋਂ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ।ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਮੁਲਾਜਮਾਂ ਅਤੇ ਪੈਨਸਨਰਾਂ ਦੀਆਂ ਮੰਗਾਂ ਪ੍ਰਤੀ ਕੋਈ ਸੁਹਿਰਦਤਾ ਨਾ ਦਿਖਾਈ ਤਾਂ 25 ਅਕਤੂਬਰ ਨੂੰ ਪੈਨਸਨਰ ਭਵਨ ਲੁਧਿਆਣਾ ਵਿਖੇ ਹੋਣ ਵਾਲੀ ਸਾਂਝਾ ਫਰੰਟ ਦੀ ਮੀਟਿੰਗ ਵਿੱਚ ਅਗਲੇ ਦਿਨਾਂ ਵਿੱਚ ਤਿੱਖੇ ਸੰਘਰਸਾਂ ਦਾ ਐਲਾਨ ਕੀਤਾ ਜਾਵੇਗਾ।ਅੱਜ ਦੇ ਇਕੱਠ ਨੇ ਮੰਗ ਕੀਤੀ ਕਿ ਦਰਜਾ ਚਾਰ ਕਰਮਚਾਰੀਆਂ ਨੂੰ ਫੈਸਟੀਵਲ ਅਲਾਊਂਸ ਦਾ ਪੱਤਰ ਜਾਰੀ ਹੋਇਆ ਹੈ ਪਰ ਪੀ ਐਸ ਐਮ ਯੂ ਦੀ ਹੜਤਾਲ ਕਾਰਨ ਇਸ ਦੀ ਤਾਰੀਖ ਵਧਾਈ ਜਾਵੇ ਤਾਂ ਜੋ ਦਰਜਾ ਚਾਰ ਕਰਮਚਾਰੀਆਂ ਨੂੰ ਇਹਦਾ ਲਾਭ ਮਿਲ ਸਕੇ।ਇਸ ਮੌਕੇ ਨਜਾਇਜ ਉਸਾਰੀਆਂ ਦੇ ਮਾਮਲੇ ਵਿੱਚ ਬਠਿੰਡਾ ਪ੍ਰਸਾਸਨ ਵੱਲੋਂ ਆਪਣਾਏ ਦੂਹਰੇ ਮਾਪਦੰਡਾਂ ਦੀ ਨਿਖੇਧੀ ਕੀਤੀ ਗਈ।ਅੱਜ ਦੇ ਇਸ ਅਰਥੀ ਫੂਕ ਮੁਜਾਹਰੇ ਵਿੱਚ ਸਵਰਨਜੀਤ ਕੌਰ ਪ੍ਰਧਾਨ ਨਰਸਿੰਗ ਐਸੋਸੀਏਸਨ, ਬਲਵੀਰ ਸਿੰਘ ਮਲੂਕਾ, ਜਸਕਰਨ ਸਿੰਘ ਪ੍ਰਧਾਨ ਨਹਿਰੀ ਪਟਵਾਰ ਯੂਨੀਅਨ,ਧੰਨਾ ਸਿੰਘ,ਹੰਸ ਰਾਜ ਬੀਜਵਾ,ਆਤਮਤੇਜ ਸਰਮਾ ਭਗਤਾ ਭਾਈ ਕਾ, ਜਗਪਾਲ ਸਿੰਘ ਬੰਗੀ, ਅਮਿ੍ਰਤਪਾਲ ਸਿੰਘ ਮਾੜੀ,ਅਰੁਣ ਕੁਮਾਰ,ਭੁਪਿੰਦਰ ਸਿੰਘ ਸੰਧੂ,ਨੈਬ ਸਿੰਘ ਕਿਸਾਨ ਯੂਨੀਅਨ,ਲਛਮਣ ਸਿੰਘ ਮਲੂਕਾ, ਅਮਰਜੀਤ ਸਿੰਘ ਹਨੀ ਕਿਰਤੀ ਕਿਸਾਨ ਯੂਨੀਅਨ ਆਦਿ ਆਗੂ ਹਾਜਰ ਸਨ।
Share the post "ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਵੱਲੋਂ ਡਿਪਟੀ ਕਮਿਸਨਰ ਦਫਤਰ ਅੱਗੇ ਰੋਸ ਪ੍ਰਦਰਸਨ"