ਸੁਖਜਿੰਦਰ ਮਾਨ
ਬਠਿੰਡਾ 9 ਅਗਸਤ : ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਬਠਿੰਡਾ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 13 ਅਗਸਤ ਨੂੰ ਤਹਿਸੀਲ ਪੱਧਰੀ ਤਿਆਰੀਆਂ ਨੂੰ ਲੈ ਕੇ ਪੈਨਸ਼ਨਰ ਭਵਨ ਬਠਿੰਡਾ ਵਿਖੇ ਜਿਲਾ ਪੱਧਰੀ ਮੀਟਿੰਗ ਕੀਤੀ ਗਈ।ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਅਪਣਾਏ ਜਾ ਰਹੇ ਨਾਦਰਸ਼ਾਹੀ ਰਵੱਈਏ ਦੇ ਖਿਲਾਫ਼ ਪੰਜਾਬ ਦੇ ਹਰ ਤਹਿਸੀਲ ਪੱਧਰ ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਜਿਸਦੇ ਤਹਿਤ ਬਠਿੰਡਾ ਦੇ ਰਾਮਪੁਰਾ ਫੂਲ 2 ਵਜੇ,ਮੌੜ 2 ਵਜੇ,ਤਲਵੰਡੀ ਸਾਬੋ 2 ਵਜੇ ਅਤੇ ਬਠਿੰਡਾ ਤਹਿਸੀਲ ਪੱਧਰੀ ਧਰਨਾ 10 ਵਜੇ ਮਾਰਿਆ ਜਾਵੇਗਾ ।ਇਹਨਾਂ ਧਰਨਿਆਂ ਨੂੰ ਸਫਲ ਬਣਾਉਣ ਲਈ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆ ਹਨ।
ਜਿਕਰਯੋਗ ਹੈ ਕਿ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਪਿਛਲੇ ਲੰਬੇ ਸਮੇਂ ਤੋਂ ਪੇ ਕਮਿਸ਼ਨ ਦੀ ਰਿਪੋਰਟ ਦੀਆਂ ਤਰੁਟੀਆਂ ਦੂਰ ਕਰਵਾਉਣ, ਕੱਚੇ ਕਾਮਿਆਂ ਨੂੰ ਪੱਕਾ ਕਰਵਾਉਣ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ,ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਆਦਿ ਦੇ ਖਿਲਾਫ਼ ਸੰਘਰਸ਼ ਕਰ ਰਹੇ ਹਨ।ਚੇਤੇ ਰੱਖਣਯੋਗ ਹੈ ਕਿ ਇਹਨਾਂ ਮੰਗਾਂ ਨੂੰ ਲੈ ਕੇ ਪੰਜਾਬ ਤੇ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਮਹਾਂ ਰੈਲੀ ਕੀਤੀ ਗਈ।ਇਸ ਰੈਲੀ ਦੇ ਦਬਾਅ ਹੇਠ ਮੰਤਰੀਆਂ ਦੀ ਕਮੇਟੀ ਵੱਲੋਂ ਸਾਂਝੇ ਫਰੰਟ ਦੇ ਆਗੂਆਂ ਨਾ ਲਗਾਤਾਰ ਮੀਟਿੰਗਾਂ ਵੀ ਹੋਈਆਂ ਜਿਹੜੀਆਂ ਕੇ ਬੇਸਿੱਟਾ ਰਹੀਆਂ।ਜਿਸ ਕਾਰਨ ਸਾਂਝਾ ਫਰੰਟ ਵੱਲੋਂ ਅਗਲੇ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਗਿਆ ਹੈ ਜਿਸ ਦੇ ਪਹਿਲੇ ਪੜਾਅ ਦੌਰਾਨ ਤਹਿਸੀਲ ਪੱਧਰੀ ਧਰਨਿਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਇਸ ਵਕਤ ਆਰ ਪਾਰ ਦੀ ਲੜਾਈ ਲਈ ਬਿਲਕੁੱਲ ਤਿਆਰ ਐ।ਅੱਜ ਦੀ ਮੀਟਿੰਗ ਵਿੱਚ ਮੁਲਾਜ਼ਮ ਆਗੂਆਂ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਮੁਲਾਜ਼ਮ ਮੰਗਾਂ ਦੇ ਹੱਲ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਲੜਾਈ ਨੂੰ ਪੰਜਾਬ ਦੇ ਘਰ ਘਰ ਵਿੱਚ ਪਹੁੰਚਾ ਦਿੱਤਾ ਗਿਆ।ਇਸ ਮੌਕੇ ਦਰਸ਼ਨ ਸਿੰਘ ਮੌੜ, ਮੱਖਣ ਸਿੰਘ ਖਣਗਵਾਲ, ਗਗਨਦੀਪ ਸਿੰਘ ਪੈਰਾਮੈਡੀਕਲ, ਸਿਕੰਦਰ ਸਿੰਘ ਧਾਲੀਵਾਲ, ਮਨਜੀਤ ਸਿੰਘ,ਕਿਸ਼ੌਰ ਚੰਦ ਗਾਜ਼,ਗੁਰਸੇਵਕ ਸਿੰਘ ਪੀ ਐਸ ਐਮ ਐਸ ਯੂ,ਗੁਰਸੇਵਕ ਸਿੰਘ ਸੰਧੂ, ਮਨਜੀਤ ਸਿੰਘ ਧੰਜਲ,ਭੋਲਾ ਸਿੰਘ ਮਲੂਕਾ,ਨੈਬ ਸਿੰਘ ਥਰਮਲ,ਰਣਜੀਤ ਸਿੰਘ, ਜਤਿੰਦਰ ਕ੍ਰਿਸ਼ਨ, ਸੁਖਦੇਵ ਸਿੰਘ ਚੌਹਾਨ ਆਦਿ ਹਾਜ਼ਰ ਸਨ।