8 Views
ਡਬਲਯੂ.ਐੱਫ.ਪੀ. ਅਫ਼ਗਾਨਿਸਤਾਨ ਨੂੰ ਸਪਲਾਈ ਕੀਤੀ ਕਣਕ ਨਾਲ “ਬਹੁਤ ਜ਼ਿਆਦਾ ਸੰਤੁਸ਼ਟ”
ਪੰਜਾਬ ਲਈ ਮਾਣ ਦੀ ਗੱਲ : ਲਾਲ ਚੰਦ ਕਟਾਰੂਚੱਕ
ਸੁਖਜਿੰਦਰ ਮਾਨ
ਚੰਡੀਗੜ੍ਹ, 4 ਮਈ:ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐੱਫ.ਪੀ.) ਵੱਲੋਂ ਪੰਜਾਬ ਵਿੱਚ ਕਣਕ ਦੇ ਭੰਡਾਰਨ ਲਈ ਅਪਣਾਈਆਂ ਜਾ ਰਹੀਆਂ ਸਾਂਭ ਸੰਭਾਲ ਸਬੰਧੀ ਤਕਨੀਕਾਂ ਦੀ ਸ਼ਲਾਘਾ ਕੀਤੀ ਗਈ ਹੈ। ਇਸ ਸਾਲ ਫ਼ਰਵਰੀ-ਮਾਰਚ ਵਿੱਚ ਅਫ਼ਗਾਨਿਸਤਾਨ ਵਿੱਚ ਭੇਜੀ ਕਣਕ ਦੀ ਖ਼ਰੀਦ, ਟੈਸਟਿੰਗ ਅਤੇ ਢੋਆ-ਢੁਆਈ ਦੀ ਪ੍ਰਕਿਰਿਆ ਨੂੰ ਸਮਝਣ ਲਈ ਅਧਿਕਾਰੀਆਂ ਦੀ ਇੱਕ ਟੀਮ ਪੰਜਾਬ ਭੇਜਣ ਦਾ ਫੈਸਲਾ ਵੀ ਕੀਤਾ ਗਿਆ ਹੈ ਤਾਂ ਜੋ ਡਬਲਯੂ.ਐੱਫ.ਪੀ. ਵੱਲੋਂ ਵੀ ਅਜਿਹੀ ਹੀ ਐਸਓਪੀ ਨੂੰ ਅਪਣਾਇਆ ਜਾ ਸਕੇ।
ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪੰਜ ਮੈਂਬਰੀ ਟੀਮ ਜਿਸ ਵਿੱਚ ਸੈਂਡਰੋ ਬਨਾਲ, ਫਿਲਿਪੋ ਜ਼ੁਨੀਨੋ, ਸਟੈਫਨੀ ਹਰਡ, ਅਮਿਤ ਵਢੇਰਾ ਅਤੇ ਡਾ. ਸ਼ਰੂਤੀ ਸ਼ਾਮਲ ਹਨ, ਅੱਜ ਅੰਮ੍ਰਿਤਸਰ ਦਾ ਦੌਰਾ ਕਰੇਗੀ ਤਾਂ ਜੋ ਇਸ ਗੱਲ ਦਾ ਮੁਲਾਂਕਣ ਕੀਤਾ ਜਾ ਸਕੇ ਕਿ ਪੰਜਾਬ ਵਿੱਚ ਕਣਕ ਦੀ ਗੁਣਵੱਤਾ ਵਿੱਚ ਕਮੀ ਆਉਣ ਦਿੱਤੇ ਬਿਨਾਂ ਕਿੰਨੇ ਸਮੇਂ ਤੱਕ ਇਸ ਦਾ ਭੰਡਾਰਨ ਕੀਤਾ ਜਾਂਦਾ ਹੈ।
ਡਬਲਯੂ.ਐੱਫ.ਪੀ. ਵੱਲੋਂ ਦਿੱਤੀ ਇਸ ਮਾਨਤਾ ਨੂੰ ਮਾਣ ਵਾਲੀ ਗੱਲ ਦੱਸਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨ ਦਾਤਾ ਹੈ ਅਤੇ ਹੁਣ ਪੰਜਾਬ ਵਿੱਚ ਪੈਦਾ ਹੋਣ ਵਾਲਾ ਅਨਾਜ ਵਿਦੇਸ਼ਾਂ ਵਿੱਚ ਵੀ ਲੋਕਾਂ ਨੂੰ ਭੋਜਨ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਵੀ ਮਾਣ ਵਾਲੀ ਗੱਲ ਹੈ ਕਿ ਪੱਛਮੀ ਦੇਸ਼ ਹੁਣ ਅਨਾਜ ਦੀ ਸੰਭਾਲ ਦੀਆਂ ਤਕਨੀਕਾਂ ਦਾ ਅਧਿਐਨ ਕਰਨ ਲਈ ਭਾਰਤ ਵੱਲ ਦੇਖ ਰਹੇ ਹਨ ਅਤੇ ਇਹ ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਵਿਕਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਟੀਮ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਅਤੇ ਐਫ.ਸੀ.ਆਈ. ਦੇ ਸੀਨੀਅਰ ਅਧਿਕਾਰੀ ਟੀਮ ਦੇ ਨਾਲ ਹੋਣਗੇ।
ਜ਼ਿਕਰਯੋਗ ਹੈ ਕਿ 27 ਅਪ੍ਰੈਲ, 2022 ਨੂੰ ਵਿਦੇਸ਼ ਮੰਤਰਾਲੇ ਵੱਲੋਂ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੂੰ ਇੱਕ ਵੱਖਰੇ ਪੱਤਰ ਵਿੱਚ ਦੱਸਿਆ ਗਿਆ ਸੀ ਕਿ “ਡਬਲਯੂ.ਐਫ.ਪੀ. 10000 ਮੀਟਰਕ ਟਨ ਕਣਕ ਦੀ ਗੁਣਵੱਤਾ ਤੋਂ ਬਹੁਤ ਸੰਤੁਸ਼ਟ ਹੈ ਜੋ ਕਿ ਭਾਰਤ ਵੱਲੋਂ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ ਪ੍ਰਦਾਨ ਕੀਤੀ ਗਈ ਹੈ।” ਇਹ ਕਣਕ ਪੰਜਾਬ ਤੋਂ ਪਾਕਿਸਤਾਨ ਦੇ ਜ਼ਮੀਨੀ ਰਸਤੇ ਰਾਹੀਂ ਅਫ਼ਗਾਨਿਸਤਾਨ ਪਹੁੰਚਾਈ ਗਈ ਸੀ। ਟਰਾਂਸਪੋਰਟ ਕੀਤੀ ਕਣਕ ਨੂੰ ਮੈਸਰਜ਼ ਐਲ.ਟੀ. ਫੂਡਜ਼ ਲਿਮਟਿਡ ਦੇ ਨਾਲ ਪੀਪੀਪੀ ਮੋਡ ਦੁਆਰਾ ਨਿਰਮਿਤ ਮੂਲੇ ਚੱਕ ਭਗਤਾਣਾ ਵਾਲਾ, ਅੰਮ੍ਰਿਤਸਰ ਵਿਖੇ 50,000 ਮੀਟਰਕ ਟਨ ਸਮਰੱਥਾ ਵਾਲੇ ਪਨਗ੍ਰੇਨ ਸਟੀਲ ਸਿਲੋਜ਼ ਵਿੱਚ ਸਟੋਰ ਕੀਤਾ ਗਿਆ ਸੀ, ਜਿਸ ਦਾ ਡਬਲਯੂ.ਐਫ.ਪੀ ਟੀਮ ਵੱਲੋਂ ਅੱਜ ਦੌਰਾ ਕੀਤਾ ਜਾਵੇਗਾ।
Share the post "ਪੰਜਾਬ ਵਿੱਚ ਕਣਕ ਦੀ ਸਾਂਭ ਸੰਭਾਲ ਦੇ ਤਰੀਕਿਆਂ ਨੂੰ ਲੈ ਕੇ ਵਿਸ਼ਵ ਖੁਰਾਕ ਪ੍ਰੋਗਰਾਮ ਦੀ ਟੀਮ ਕਰੇਗੀ ਦੌਰਾ"